
ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਆਪਣੇ ਸ਼ਰਧਾ ਸੁਮਨ ਭੇਂਟ ਕਰਨ ਅਤੇ ਉਹਨਾਂ ਦੀ ਕੁਰਬਾਨੀ ਨੂੰ ਸਜ਼ਦਾ ਕਰਨ ਦੇ ਲਈ ਜ਼ਿਲਾ ਫਾਜ਼ਿਲਕਾ ਦੇ ਪੁਲਸ ਪ੍ਰਮੁਖ ਡਾ. ਕੇਤਨ ਪਾਟੀਲ ਬਲੀਰਾਮ ਦੀ ਰਹਿਨੁਮਾਈ ਹੇਠਾਂ ਨੋਜਵਾਨਾਂ, ਸਹਿਰੀਆਂ ਅਤੇ ਪੁਲਸ ਮੁਲਾਜਮਾ ਵੱਲੋ ਇਕ ਸਾਇਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੈਲੀ ਨੂੰ ਫਾਜ਼ਿਲਕਾ ਦੇ ਆਸਫ਼ ਵਾਲਾ ਤੋਂ 22 ਮਾਰਚ ਨੂੰ ਸਵੇਰੇ 7.30 ਵਜੇ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਝੰਡੀ ਵਿਖਾਕੇ ਰਵਾਨਾ ਕਰਨਗੇ ਅਤੇ 23 ਮਾਰਚ ਨੂੰ ਇਹ ਰੈਲੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਸਥਿਤ ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਮਾਧੀ ਸਥਲ ਤੇ ਪੁਜੇਗੀ। ਸ਼ਹੀਦੀ ਦਿਹਾੜੇ ਨੂੰ ਸਮਰਪੀਤ ਇਸ ਸਾਇਕਲ ਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਾਇਕਲ ਰੈਲੀ ’ਚ ਹੁਣ ਤੱਕ 1300 ਸਾਇਕਲਿਸਟਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਜਾ ਚੁਕੀ ਹੈ ਅਤੇ ਇਸ ਰੈਲੀ ’ਚ 1000 ਤੋਂ ਵੱਧ 18 ਸਾਲ ਦੇ ਨੋਜਵਾਨ ਅਤੇ ਪੁਲਸ ਕਰਮਚਾਰੀ ਹਿੱਸਾ ਲੈਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਜ਼ਿਲੇ ਦੀ ਐਸ ਪੀ ਮੈਡਮ ਕੰਵਲਪ੍ਰੀਤ ਕੌਰ ਨੇ ਦੱਸਿਆ ਕਿ ਸ਼ਹੀਦਾਂ ਨੂੰ ਸਮਰਪਤ ਇਸ ਰੈਲੀ ਦਾ ਮੁੱਖ ਮੰਤਵ ਨੋਜਵਾਨਾਂ ਨੂੰ ਦੇਸ਼ ਦੇ ਮਹਾਨ ਸ਼ਹਿਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਅੰਦਰ ਦੇਸ਼ ਭਗਤੀ, ਸਾਇਕਲ ਰਾਹੀਂ ਪ੍ਰਦੂਸ਼ਨ ਮੁਕਤ ਵਾਤਾਵਰਣ ਦਾ ਨਿਰਮਾਣ ਕਰਨਾ, ਸਾਇਕਲਿੰਗ ਰਾਹੀਂ ਚੰਗੀ ਸਿਹਤ ਦਾ ਨਿਰਮਾਣ ਕਰਨਾ ਹੋਵੇਗਾ। ਉਨਾਂ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਦੇ ਐਸ ਐਸ ਪੀ ਡਾ. ਕੇਤਨ ਪਾਟਿਲ ਬਲੀਰਾਮ ਇਸ 120 ਕਿਲੋਮੀਟਰ ਲੰਬੀ ਸਾਇਕਲ ਰੈਲੀ ਦੀ ਅਗਵਾਈ ਆਸਫ਼ ਵਾਲਾ ਵਾਰ ਮੈਮੋਰੀਅਲ ਤੋਂ ਹੀ ਕਰਨਗੇ ਅਤੇ ਇਹ ਲਾਧੂਕਾ, ਜਲਾਲਾਬਾਦ, ਗੋਲੂਕਾ, ਫਿਰੋਜ਼ਪੁਰ ਤੋਂ ਹੁੰਦੀ ਹੋਈ ਹੁਸੈਨੀਵਾਲਾ ਇੰਟਰਨੈਸ਼ਨਲ ਹਿੰਦ ਪਾਕ ਬਾਰਡਰ ਤੇ ਪੁੱਜੇਗੀ। ਇਸ ਸਾਇਕਲ ਰੈਲੀ ਦੇ ਨਾਲ ਸਾਈਕਲਿਸਟਾਂ ਦੀ ਸੁਰੱਖਿਆ ਲਈ ਰੈਲੀ ਨੂੰ 10 ਗਰੁੱਪਾਂ ’ਚ ਵੰਡਿਆ ਗਿਆ ਹੈ ਅਤੇ ਹਰ ਗਰੁੱਪ ’ਚ 80 ਤੋਂ 120 ਸਾਇਕਲਿਸਟ ਹੋਣਗੇ। ਜਿਸ ਨੂੰ ਇੱਕ ਸਬ ਇੰਸਪੈਕਟਰ ਰੈਂਕ ਲੈਵਲ ਦਾ ਪੁਲਸ ਅਧਿਕਾਰੀ ਲੀਡ ਕਰੇਗਾ ਅਤੇ ਹਰ ਸਾਈਕਲਿਸਟ ਨੂੰ ਪੁਲਸ ਵੱਲੋਂ ਇੱਕ ਵਿਸ਼ੇਸ਼ ਕਿਸਮ ਦੀ ਟੀਸ਼ਰਟ ਅਤੇ ਛਾਤੀ ਤੇ ਲਗਾਉਣ ਲਈ ਇੱਕ ਬੈਚ ਦਿੱਤਾ ਜਾਵੇਗਾ। ਸਾਈਕਲਿਸਟਾਂ ਦੀ ਸੁਰੱਖਿਆ ਲਈ ਇੱਕ ਬੱਸ, ਇੱਕ ਟਰੱਕ, ਦੋ ਮੋਟਰ ਸਾਇਕਲ ਅਤੇ ਤਿੰਲ ਐਂਬੂਲੈਂਸ ਨਾਲ ਨਾਲ ਚੱਲਣਗੀਆਂ। ਇਸ ਤੋਂ ਇਲਾਵਾ ਸਾਈਕਲਿਸਟਾਂ ਲਈ ਲਾਧੂਕਾ ਮੰਡੀ ਜੀਟੀ ਰੋਡ ਤੇ, ਘੁਬਾਇਆ ਵਿਖੇ ਦਾਣਾ ਮੰਡੀ ਅੰਦਰ, ਜਲਾਲਾਬਾਦ ਵਿਖੇ ਹਰਕਿ੍ਰਸ਼ਨ ਪੈਲੇਸ ’ਚ, ਸ਼ਹੀਦ ਉਧਮ ਸਿੰਘ ਯੂਨੀਵਰਸਿਟੀ ਮੋਹਨਕੇ ਹਿਠਾੜ ਵਿਖੇ ਅਤੇ ਦਾਣਾ ਮੰਡੀ ਲਖੋਕੇ ਬਹਿਰਾਮ ਵਿਖੇ ਸਾਈਕਲਿਸਟਾਂ ਨੂੰ ਰਿਫਰੈਸ਼ਮੈਂਟ ਦਿੱਤੀ ਜਾਵੇਗੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media