Thursday, June 12, 2025
Breaking News

ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖ਼ਾਨੇ ਦੇ ਡੀਜ਼ਲ ਸੈਕਸ਼ਨ ਵਿਚ ਅੱਗ – ਕਰੋੜਾਂ ਦਾ ਨੁਕਸਾਨ

ਫਾਇਰ ਬ੍ਰਿਗੇਡ ਦੀਆਂ ਦਰਜ਼ਨ ਗੱਡੀਆਂ ਨੇ 6 ਘੰਟਿਆਂ ਦੀ ਸਖ਼ਤ ਜਦੋਂਜਹਿਦ ਨਾਲ ਪਾਇਆ ਕਾਬੂ

PPN210606

ਬਠਿੰਡਾ, 21 ਜੂਨ (ਜਸਵਿੰਦਰ ਸਿੰਘ ਜੱਸੀ)–ਬਠਿੰਡਾ ਜਿਲ੍ਹੇ ਵਿਚ ਰਾਮਾਂ ਮੰਡੀ ਨੇੜੇ ਸਥਿਤ ਸਾਝੇ ਖੇਤਰ ਦੇ 90 ਲੱਖ ਟਨ ਸਲਾਨਾ ਕੱਚਾ ਤੇਲ ਸਾਫ਼ ਕਰਨ ਦੀ ਸਮਰੱਥਾ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਡੀਜ਼ਲ ਸੈਕਸ਼ਨ ਵਿਚ ਅੱਜ ਸਵੇਰੇ 6.30 ਵਜੇ ਹੋਏ ਜੋਰਦਾਰ ਧਮਾਕੇ ਦੇ ਬਾਅਦ ਅੱਗ ਲੱਗ ਗਈ, ਜਿਸ ਨੂੰ ਪਲਾਂਟ ਦੀਆਂ 11 ਅੱਗ ਬੁਝਾਉਣ ਵਾਲੀਆਂ ਗੱਡੀਆਂ ਅਤੇ ਹੋਰ ਪਾਸਿਆਂ ਤੋਂ ਬੁਲਾਏ ਗਏ ਫਾਇਰ ਬ੍ਰਿਗੇਡਾਂ ਨੇ ੬ ਘੰਟਿਆਂ ਦੀ ਸਖ਼ਤ ਜਦੋ ਜਹਿਦ ਦੇ ਬਾਅਦ ਅੱਗ ਤੇ ਕਾਬੂ ਪਾਇਆ। ਪਲਾਂਟ ਦੇ ਪ੍ਰਬੰਧਕਾਂ ਨੇ ਮੀਡੀਆਂ ਪ੍ਰਤੀਨਿ ਧਾਂ ਨੂੰ ਅੰਦਰ ਜਾਣ ਦੀ ਆਗਿਆ ਨਹੀ ਦਿੱਤੀ,ਪਰ ਉਨ੍ਹਾਂ ਵਲੋਂ ਦੁਪਿਹਰ ਸਮੇਂ ਇਸ ਘਟਨਾ ਸੰਬਧੀ ਜਾਰੀ ਕੀਤੇ ਪ੍ਰੈਸਨੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਲਾਂਟ ਦੇ 66 ਵੈਕਿਊਮ ਗੈਸ ਆਇਲ ਟੀਟ੍ਰਿੰਗ ਯੂਨਿਟ੧’ ਵਿਚ ਸਵੇਰੇ 6.30 ਵਜੇ ਅੱਗ ਲੱਗਣ ਦੇ ਬਾਅਦ ਇਸ ਯੂਨਿਟ ਨੂੰ ਫੌਰੀ ਤੌਰ ਤੇ ਬੰਦ ਕਰ ਦਿੱਤਾ ਗਿਆ ਅਤੇ ਪਲਾਂਟ ਦੇ ਅੱਗ ਬੁਝਾਉਣ ਵਾਲੇ ਪ੍ਰਬੰਧਕੀ ਸਿਸਟਮ ਦੇ ਸਟਾਫ਼ ਨੇ ਇਕ ਘੰਟੇ ਦੇ ਅੰਦਰ ਹੀ ਅੱਗ ਤੇ ਕਾਬੂ ਪਾ ਲਿਆ ਅਤੇ ਇਸ ਨੂੰ ਫੈਲਣ ਤੋਂ ਰੋਕ ਲਿਆ। ਪ੍ਰੈਸਨੋਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾਂ ਵਿਚ ਕੋਈ ਜਾਨੀ ਨੁਕਸਾਨ ਨਹੀ ਹੋਇਆ ਅਤੇ ਨਾ ਹੀ ਕੋਈ ਵਿਅਕਤੀ ਜ਼ਖ਼ਮੀ ਹੋਇਆ ਹਾਲਤ ਪੂਰੀ ਤਰ੍ਹਾਂ ਕਾਬੂ ਹੇਠ ਹਨ।
ਪਲਾਂਟ ਦੇ ਅਧਿਕਾਰੀਆਂ ਅਨੁਸਾਰ ਇਸ ਪਲਾਂਟ ਦੇ ਬਾਕੀ ਦੇ ਸਾਰੇ ਯੂਨਿਟ ਇਸ ਸਮੇਂ ਆਮ ਵਾਂਗ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾਂ ਦੀ ਉੱਚ ਪੱਧਰੀ ਪੜਤਾਲ ਦਾ ਹੁਕਮ ਦਿਤਾ ਗਿਆ ਹੈ। ਤਕਨੀਕ ਪੱਖ ਤੋਂ ਅੱਗ ਲੱਗਣ ਦੇ ਮੁੱਖ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਇਸ ਦੇ ਅਧਿਅਨ ਤੋਂ ਬਾਅਦ ਅਜਿਹੀ ਘਟਨਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਜਰੂਰੀ ਕਦਮ ਚੁੱਕੇ ਜਾਣਗਂੇ। ਪਲਾਂਟ ਦੇ ਪ੍ਰਬੰਧਕਾਂ ਅਨੁਸਾਰ ਉਹ ਸਥਾਨਕ ਸੀਨੀਅਰ ਸਰਕਾਰੀ ਅਧਿਕਾਰੀਆਂ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਸੰਪਰਕ ਵਿਚ ਹਨ ਅਤੇ ਅੱਗ ਲੱਗਣ ਦੀ ਘਟਨਾਂ ਬਾਰੇ ਸਾਰੀ ਸਥਿਤੀ ਦੀ ਜਾਣਕਾਰੀ ਦਿੱਤੀ ਗਈ ਹੈ। ਪਲਾਂਟ ਦੇ ਅਧਿਕਾਰੀਆਂ ਨੇ ਅੱਗ ਲੱਗਣ ਨਾਲ ਹੋਏ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਅਤੇ ਕਿਹਾ ਕਿ ਨੁਕਸਾਨ ਦਾ ਅੰਦਾਜਾ ਲਾਇਆ ਜਾ ਰਿਹਾ ਹੈ,ਜਿਸ ਬਾਰੇ ਤੁਰੰਤ ਕੁਝ ਨਹੀ ਕਿਹਾ ਜਾ ਸਕਦਾ।ਬਠਿੰਡਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਡਾ:ਬਸੰਤ ਕੁਮਾਰ ਗਰਗ,ਸੀਨੀਅਰ ਕਪਤਾਨ ਪੁਲਿਸ ਸ:ਗੁਰਪ੍ਰੀਤ ਸਿੰਘ ਭੁੱਲਰ ਤੋਂ ਇਲਾਵਾ ਡੀ.ਐਸ.ਪੀ ਅਤੇ ਐਸ.ਡੀ.ਐਮ ਤਲਵੰਡੀ ਸਾਬੋ ਮੌਕੇ ‘ਤੇ ਪੁੱਜੇ ਹਨ। ਉਨ੍ਹਾਂ ਨੇ ਪਲਾਂਟ ਦੇ ਅਧਿਕਾਰੀਆਂ ਨਾਲ ਅੱਗ ਲੱਗਣ ਦੀ ਅਧਿਕਾਰੀਆਂ ਨਾਲ ਅੱਗ ਲੱਗਣ ਦੀ ਘਟਨਾਂ ਬਾਰੇ ਵੇਰਵੇ ਮੰਗੇ ਹਨ ਅਤੇ ਰਾਹਤ ਕਾਰਜਾਂ ਦਾ ਮੌਕੇ ਵੇਖਿਆ ਹੈ। ਪਲਾਂਟ ਦੇ ਸੂਤਰਾਂ ਅਨੁਸਾਰ ਭਾਵੇਂ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਇਸ ਘਟਨਾ ਵਿਚ ਕੋਈ ਕਰਮਚਾਰੀ ਜ਼ਖ਼ਮੀ ਨਹੀ ਹੋਇਆ ਪਰ ਇਸ ਘਟਨਾਂ ਵਿਚ ਅੱਧੀ ਦਰਜ਼ਨ ਕਰੀਬ ਡਿਊਟੀ ਤੇ ਮੌਜੂਦ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ, ਜਿਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ ਅੱਗ ਦੀ ਇਸ ਘਟਨਾਂ ਨਾਲ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਹੈ। ਜਿਸ ਨਾਲ ਭਾਰੀ ਮਾਤਰਾ ਵਿਚ ਕੱਚਾ ਤੇਲ, ਡੀਜ਼ਲ ਸੜ ਗਿਆ ਅਤੇ ਪਲਾਂਟ ਦੀ ਇਸ ਯੂਨਿਟ ਵਿਚ ਮਸ਼ਨੀਰੀ ਦਾ ਭਾਰੀ ਨੁਕਸਾਨ ਹੋਇਆ ਹੈ , ਅੱਗ ਲੱਗਣ ਨਾਲ ਪਲਾਂਟ ਵਿਚ ਡੀਜ਼ਲ ਦਾ ਉਤਪਾਦਨ ਰੁੱਕ ਗਿਆ ਹੈ, ਜਿਸ ਨੂੰ ਦੁਬਾਰਾ ਚਾਲੂ ਕਰਨ ਵਿਚ ਕੁਝ ਸਮਾਂ ਲੱਗ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਟੈਂਕ ਵਿਚੋਂ ਗੈਸ ਰਿਸਣ ਦੇ ਬਾਅਦ ਵਾਪਰੀ ਜਦੋਂ ਜੋਰਦਾਰ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਉਥੇ ਕੰਮ ਕਰੇ ਰਹੇ ਚਾਰ ਪੰਜ ਕਰਮਚਾਰੀਆਂ ਨੇ ਉੱਥੋਂ ਦੌੜ ਕੇ ਜਾਨ ਬਚਾਈ। ਜਾਣਕਾਰ ਸੂਤਰਾਂ ਅਨੁਸਾਰ ਪਲਾਂਟ ਦੇ ਵੈਕਿਊਮ  ਗੈਸ ਆਇਲ ਟ੍ਰੀਟਿੰਗ ਯੂਨਿਟ ਜਿਥੇ ਅੱਗ ਲੱਗੀ ਹੈ ਨੂੰ ਇਕ ਮਹੀਨੇ ਲਈ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਪਲਾਂਟ ਵਿਚ ਡੀਜ਼ਲ ਉਤਪਾਦਨ ਵੀ ਇਸ ਸਮੇਂ ਦੌਰਾਨ ਬੰਦ ਰਹਿ ਸਕਦਾ ਹੈ। ਘਟਨਾਂ ਨੂੰ ਨੇੜਿਉ ਵੇਖਣ ਵਾਲੇ ਦਰਸ਼ਕਾਂ ਅਨੁਸਾਰ ਪਲਾਂਟ ਦੇ ਡੀਜ਼ਲ ਸੈਕਸ਼ਨ ਵਿਚ ਅੱਜ ਤਕਰੀਬਨ ੬.੩੦ ਸਵੇਰੇ ਜੋਰਦਾਰ ਧਮਾਕਾ ਹੋਇਆ ਅਤੇ ਅੱਗ ਦੀਆਂ ਉੱਚੀਆਂ-ਉੱਚੀਆਂ ਲਾਟਾਂ ਨਜ਼ਰ ਆਉਣ ਲੱਗੀਆਂ ਅਤੇ ਪਲਾਂਟ ਵਿਚ ਖਤਰੇ ਦੇ ਸਾਇਰਨ ਵੱਜਣੇ ਸ਼ੁਰੂ ਹੋ ਗਏ ਅਤੇ ਪਲਾਂਟ ਦੀਆਂ ੧੧ ਅੱਗ ਬੁਝਾਉ ਗੱਡੀਆਂ ਇਕ ਦਮ ਹਰਕਤ ਵਿਚ ਆ ਗਈਆਂ, ਜਿਨ੍ਹਾਂ ਦੇ ਅਮਲੇ ਨੇ ਸਖ਼ਤ ਜਦੋਂ ਜਹਿਦ ਬਾਅਦ ਅੱਗ ‘ਤੇ ਕਾਬੂ ਪਾਇਆ। ਦੁਪਹਿਰ ੧ ਵਜੇ ਤੱਕ ਪਲਾਂਟ ਦੇ ਇਸ ਹਿੱਸੇ ਵਿਚ ਲੱਗੀ ਅੱਗ ਦਿਖਾਈ ਦੇ ਰਹੀ ਸੀ,ਅਧਿਕਾਰੀਆਂ ਦਾ ਕਹਿਣਾ ਸੀ ਕਿ ਅੱਗ ਉਥੇ ਮੌਜੂਦ ਤੇਲ ਦੇ ਸਟਾਕ ਨੂੰ  ਲੱਗੀ ਹੋਈ ਹੈ। ਤੇਲ ਤੇ ਸੜ ਜਾਣ ਦੇ ਬਾਅਦ ਇਹ ਬੁੱਝ ਜਾਵੇਗੀ। ਪਲਾਂਟ ਨੂੰ ਹੁਣ ਕੋਈ ਖ਼ਤਰਾ ਨਹੀ ਹੈ, ਸਾਰੀ ਸਥਿਤੀ ਮੁਕੰਮਲ ਕੰਟਰੋਲ ਵਿਚ ਹੈ।
ਦੂਸਰੇ ਪਾਸੇ ਤੇਲ ਸ਼ੋਧਕ ਕਾਰਖ਼ਾਨੇ ਦੇ ਨੇੜੇ ਸਥਿਤ ਪਿੰਡ ਕਣਕਵਾਲ, ਗਾਟਵਾਲੀ, ਮਲਕਾਣਾ, ਗਿਆਨਾ, ਫ਼ੁੱਲੋਖਾਰੀ ਆਦਿ ਪਿੰਡਾਂ ਵਿਚ ਅੱਜ ਫਿਰ ਅੱਗ ਲੱਗਣ ਦੀ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਪਿੰਡਾਂ ਦੇ ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਤੇ ਇਸ ਬਾਰੇ ਜਾਣਕਾਰੀ ਦਿੱਤੀ ਜਾਣ ਲੱਗੀ। ਪਿੰਡ ਕਣਕਵਾਲ ਅਤੇ ਗਾਟਵਾਲੀ ਦੇ ਲੋਕਾਂ ਨੇ ਤੇਲ ਸ਼ੋਧਕ ਕਾਰਖਾਨੇ ਦੇ ਪ੍ਰਬੰਧਕਾਂ ਵਿਰੁੱਧ ਜੋਰਦਾਰ ਨਾਅਰੇਬਾਜੀ ਕੀਤੀ। ਇਸ ਪਲਾਂਟ ਵਿਚ ਕਿਉਂਕਿ ਇਸ ਤੋਂ ਪਹਿਲਾ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਲਈ ਪਿੰਡ ਕਣਕਵਾਲ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਹੋਰ ਥਾਂ ਵਸਾਉਣ ਲਈ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ, ਕਿਉਂਕਿ ਇਹ ਪਿੰਡ ਪਲਾਂਟ ਦੀ ਚਾਰ ਦੀਵਾਰੀ ਦੇ ਬਾਹਰ ਸਥਿਤ ਹੈ। ਅੱਜ ਅੱਗ ਲੱਗਣ ਦੀ ਘਟਨਾਂ ਦੇ ਬਾਅਦ ਪਿੰਡ ਦੇ ਲੋਕਾਂ ਨੇ ਕਾਰਖਾਨੇ ਦੇ ਪ੍ਰਬੰਧ ਨਾਅਰੇ ਲਾਉਣੇ ਸ਼ੁਰੂ ਕਰ ਦਿਤੇ,ਖਬਰ ਲਿਖਣ ਤੱਕ ਡਿਪਟੀ ਕਮਿਸ਼ਨਰ ਸ੍ਰੀ ਬਸੰਤ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਸ:ਗੁਰਪ੍ਰੀਤ ਸਿੰਘ ਭੁੱਲਰ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਮੌਕੇ ‘ਤੇ ਪਹੁੰਚੇ, ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਮੱਸਿਆ ਦਾ ਸਥਾਈ ਹੱਲ ਛੇਤੀ ਕੱਢਿਆ ਜਾ ਰਿਹਾ ਹੈ, ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਵੀ ਪਿੰਡ ਕਣਕਵਾਲ ਨੂੰ ਹੋਰ ਢੁੱਕਵੀਂ ਥਾਂ ਅਬਾਦ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਹਦਾਇਤਾ ਦੇ ਚੁੱਕੇ ਹਨ, ਲੋਕਾਂ ਦਾ ਕਹਿਣਾ ਸੀ ਕਿ ਪਲਾਂਟ ਤੋਂ ਪੈਦਾ ਹੁੰਦਾ ਪ੍ਰਦੂਸ਼ਣ ਤੇ ਅੱਗ ਦੀਆਂ ਘਟਨਾਵਾਂ ਨੇ ਉਨ੍ਹਾਂ ਦੇ ਸਾਹ ਸੂਤ ਰੱਖੇ ਹਨ।

Check Also

ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼

ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …

Leave a Reply