ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਦੁਨੀਆਂ ਭਰ ਤੋਂ ਯਾਤਰੂ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਸਥਾਨਾਂ ਦੀ ਯਾਤਰਾ ਲਈ ਵੱਡੀ ਗਿਣਤੀ ਵਿੱਚ ਰੋਜ਼ਾਨਾ ਆਉਂਦੇ ਹਨ, ਪਰ ਸ਼ਹਿਰ ਦੀ ਦਸ਼ਾ ਵੇਖ ਕੇ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੁੰਦੀ ਹੈ।ਸਥਾਨਕ ਸਰਕਾਰ ਮੰਤਰੀ
ਨਵਜੋਤ ਸਿੰਘ ਸਿੱਧੂ ਨੂੰ ਲਿਖੇ ਇਕ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇਸ ਸਬੰਧੀ ਉਨ੍ਹਾਂ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਬਹੁਤ ਸਾਰੇ ਸ਼ਹਿਰਾਂ ਵਿੱਚ ਰਾਤ ਨੂੰ ਸਫ਼ਾਈ ਹੁੰਦੀ ਹੈ ਤੇ ਲਾਇਟਾਂ ਨਾਲ ਸ਼ਹਿਰ ਜਗਮਗਾਉਂਦੇ ਹਨ। ਇਸ ਲਈ ਉਨ੍ਹਾਂ ਦੀ ਤਰਜ ’ਤੇ ਰਾਤ ਨੂੰ ਸਫ਼ਾਈ ਕਰਾਉਣ ਤੇ ਸਮੁੱਚੀ ਸਟਰੀਟ ਲਾਇਟ ਨੂੰ ਚਾਲੂ ਕਰਾਉਣ ਦੀ ਫ਼ੌਰੀ ਲੋੜ ਹੈ। ਬਸ ਸਟੈਂਡ ਦੇ ਆਲੇ ਦੁਆਲੇ, ਮਾਹਣਾ ਸਿੰਘ ਰੋਡ, ਸੁਲਤਾਨਵਿੰਡਦਬੁਰਜੀ ਰੋਡ ਤੇ ਹੋਰ ਕਈ ਸੜਕਾਂ ਟੁੱਟੀਆਂ ਹੋਈਆਂ ਹਨ ਜਿਨ੍ਹਾਂ ਨੂੰ ਠੀਕ ਕਰਵਾਉਣ ਦੀ ਲੋੜ ਹੈ।ਵਿਦੇਸ਼ਾਂ ਵਾਂਗ ਸੜਕਾਂ ਪੁੱਟ ਕੇ ਉਸੇ ਪੱਧਰ ’ਤੇ ਬਣਾਉਣ ਦੀ ਲੋੜ ਹੈ।
ਅਵਾਰਾ ਕੁੱਤਿਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ, ਇਥੋਂ ਤੀਕ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿੱਥੇ ਵਿਦੇਸ਼ੀ ਯਾਤਰੂ ਵੱਡੀ ਗਿਣਤੀ ਵਿੱਚ ਆਉਂਦੇ ਹਨ, ਉੱਥੇ ਅਵਾਰਾ ਕੁੱਤੇ ਗੰਦਗੀ ਖਲਾਰਦੇ ਹਨ ਤੇ ਇਨ੍ਹਾਂ ਨੇ ਦਹਿਸ਼ਤ ਭਰਿਆ ਮਾਹੌਲ ਪੈਦਾ ਕੀਤਾ ਹੋਇਆ ਹੈ। ਸੈਲਾਨੀਆਂ `ਤੇ ਇਨ੍ਹਾਂ ਦਾ ਮਾੜਾ ਪ੍ਰਭਾਵ ਜਾਂਦਾ ਹੈ। ਨਗਰ ਨਿਗਮ ਇਨ੍ਹਾਂ ਅਵਾਰਾਂ ਕੁੱਤਿਆਂ ਨੂੰ ਨੱਥ ਪਾਉਣ ਵਿੱਚ ਨਾਕਾਮ ਰਿਹਾ ਹੈ।
ਰਿਹਾਇਸ਼ੀ ਅਬਾਦੀਆਂ ਵਿੱਚ ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਪੀਡ ਬ੍ਰੇਕਰ ਬਣਾਏ ਹੋਏ ਹਨ ਜੋ ਕਿ ਸ਼ਲਾਘਾਯੋਗ ਹੈ। ਪਰ ਇਹ ਸਪੀਡ ਬ੍ਰੇਕਰ ਬਹੁਤ ਉੱਚੇ ਤੇ ਛੋਟੇ ਹਨ ਜਿਸ ਕਾਰਨ ਗੱਡੀਆਂ ਨੂੰ ਖਲੋ ਕੇ ਲੰਘਣਾ ਪੈਂਦਾ ਹੈ। ਇਨ੍ਹਾਂ ਦੀ ਚੌੜਾਈ ਘੱਟੋ ਘੱਟ 3 ਜਾਂ 4 ਫੁੱਟ ਹੋਣੀ ਚਾਹੀਦੀ ਹੈ ਤਾਂ ਜੋ ਗੱਡੀਆਂ ਨੂੰ ਰੋਕਣਾ ਨਾ ਪਵੇ,ਉਹ ਕੇਵਲ ਹੌਲੀ ਹੋ ਕੇ ਲੰਘਣ। ਸ਼ਹਿਰ ਵਿੱਚ ਸੜਕਾਂ ਉੱਪਰ ਸੀਵਰੇਜ ਦੇ ਢੱਕਣ ਨੀਵੇਂ ਹਨ ਜਿਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ।ਸੜਕਾਂ ਉੱਪਰ ਲੋੜੀਂਦੇ ਸੜਕੀ ਨਿਸ਼ਾਨ ਨਹੀਂ ਹਨ।
ਸੜਕਾਂ ਅਤੇ ਫੁੱਟਪਾਥ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੇ ਮੱਲੇ ਹੋਏ ਹਨ। ਚੰਡੀਗੜ੍ਹ ਵਾਂਗ ਰੇਹੜੀ ਸਟੈਂਡ ਬਣਾਉਣ ਦੀ ਲੋੜ ਹੈ। ਦੁਕਾਰਦਾਰਾਂ ਵੱਲੋਂ ਫੁੱਟਪਾਥਾਂ ਤੇ ਸੜਕਾਂ ਉੱਪਰੋਂ ਨਜਾਇਜ਼ ਕਬਜ਼ੇ ਹਟਾਉਣ ਵਿੱਚ ਨਗਰ ਨਿਗਮ ਨਾਕਾਮ ਰਹੀ ਹੈ ਕਿਉਂਕਿ ਨਗਰ ਨਿਗਮ ਪਾਸ ਲੋੜੀਂਦਾ ਸਟਾਫ਼ ਨਹੀਂ ਹੈ।ਇਹ ਕੰਮ ਪੁਲਿਸ ਕਮਿਸ਼ਨਰ ਨੂੰ ਦਿੱਤਾ ਜਾਵੇ ਤੇ ਹਰ ਠਾਣੇ ਦੇ ਮੁੱਖੀ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਜ਼ਿੰਮੇਵਾਰੀ ਸੌਂਪਣ ਨਾਲ ਇਹ ਸਮਸਿਆ ਹਲ ਹੋ ਸਕਦੀ ਹੈ।
ਇੱਕ ਪਾਸੇ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਹੈ।ਦੂਜੇ ਪਾਸੇ ਸਾਰਾ ਸ਼ਹਿਰ ਪਾਇਪਾਂ ਲਾ ਕੇ ਕਾਰਾਂ ਧੋ ਰਿਹਾ ਹੈ।ਨਗਰ ਨਿਗਮ ਬਣਦੀ ਡਿਊਟੀ ਨਹੀਂ ਨਿਭਾ ਰਿਹਾ।ਗ਼ੈਰ ਕਾਨੂੰਨੀ ਧੁਆਈ ਕਰਨ ਵਾਲਿਆਂ ਨੂੰ ਨਗਰ ਨਿਗਮ ਵੱਲੋਂ ਜ਼ੁਰਮਾਨੇ ਕਰ ਕੇ ਇਹ ਕੰਮ ਬੰਦ ਕਰਾਉਣਾ ਚਾਹੀਦਾ ਹੈ।
ਪਾਰਕਾਂ ਵਿੱਚ ਅਤੇ ਗਲੀ-ਮੁਹਲਿਆਂ ਵਿੱਚ ਚੂਹਿਆਂ ਨੇ ਵੱਡੀ ਗਿਣਤੀ ਵਿੱਚ ਰੁੱਡਾਂ ਕੱਢੀਆਂ ਹੋਈਆਂ ਹਨ। ਨਗਰ ਨਿਗਮ ਇਨ੍ਹਾਂ ਨੂੰ ਮਾਰਨ ਵਿੱਚ ਨਾਕਾਮ ਰਿਹਾ ਹੈ।ਸ਼ਹਿਰ ਵਿੱਚ ਕਿਸੇ ਸਮੇਂ ਵੀ ਪਲੇਗ ਫੈਲ ਸਕਦੀ ਹੈ।ਸੰਬੰਧਿਤ ਅਧਿਕਾਰੀਆਂ ਨੂੰ ਲੋੜੀਂਦਾ ਸਟਾਫ਼ ਤੇ ਫੰਡ ਮੁਹੱਈਆ ਜਾਰੀ ਕੀਤਾ ਜਾਵੇ ਤਾਂ ਜੋ ਸ਼ਹਿਰ ਇਨ੍ਹਾਂ ਤੋਂ ਮੁਕਤ ਹੋ ਸਕੇ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media