ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਕੀਤਾ ਗਿਆ ਗੁਰ ਮਰਿਆਦਾ ਅਨੁਸਾਰ ਅੰਤਿਮ ਸੰਸਕਾਰ
ਧੂਰੀ, 23 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਨੇੜਲੇ ਪਿੰਡ ਲੱਡਾ ਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਗੁਰਦੁਆਰਾ ਸਾਹਿਬ ਪਿੰਡ ਲੱਡਾ ਵਿਖੇ ਪਿਛਲ਼ੇ 30 ਸਾਲਾਂ ਤੋਂ ਸੇਵਾ ਨਿਭਾਉਂਦੇ ਆ ਰਹੇ ਸੇਵਾਦਾਰ ਭਗਤ ਬਾਬੂ ਰਾਮ ਲੱਡਾ ਬੀਤੇ ਦਿਨੀਂ
ਸਭਨਾਂ ਨੂੰ ਅਲਵਿਦਾ ਕਹਿ ਗਏ ਅਤੇ ਪ੍ਰਮਾਤਮਾ ਵਿੱਚ ਲੀਨ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ 53 ਕੁ ਵਰ੍ਹਿਆਂ ਦੇ ਬਾਬੂ ਰਾਮ ਦਾ ਦਿਹਾਂਤ ਸ਼ਾਮ ਦੇ ਟਾਈਮ ਰਹਿਰਾਸ ਮੌਕੇ ਦਿਲ ਦੀ ਧੜਕਣ ਦੇ ਅਚਾਨਕ ਰੁਕ ਜਾਣ ਕਾਰਨ ਹੋਇਆ।ਇਸ ਦੁੱਖ ਦੀ ਘੜੀ ਵਿੱਚ ਗੱਲਬਾਤ ਕਰਦਿਆਂ ਧੂਰੀ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਸਿੰਘ ਇੰਸਾ ਨੇ ਦੱਸਿਆ ਕਿ ਹਰ ਇੱਕ ਨੂੰ ‘ਮਿੱਤਰ-ਪਿਆਰਾ’ ਸ਼ਬਦ ਕਹਿ ਕੇ ਬੁਲਾਉਣ ਵਾਲੇ ਭਗਤ ਬਾਬੂ ਰਾਮ ਫੋਟੋਆਂ ਖਿਚਾਉਣ ਦੇ ਬਹੁਤ ਸ਼ੌਕੀਨ ਸਨ ਜਿਸ ਦਾ ਜਿਉਂਦਾ-ਜਾਗਦਾ ਸਬੂਤ ਉਹਨਾਂ ਵੱਲੋਂ ਖਿਚਾਈਆਂ ਤਕਰੀਬਨ 2800 ਫੋਟੋਆਂ ਦਿੰਦੀਆਂ ਹਨ ਜੋ ਕਿ 12 ਐਲਬਮਾਂ ਦੇ ਵਿੱਚ ਲੱਗੀਆਂ ਹੋਈਆਂ ਹਨ ਅਤੇ ਇਲਾਕੇ ਦਾ ਅਜਿਹਾ ਕੋਈ ਫੋਟੋਗ੍ਰਾਫਰ ਨਹੀਂ ਹੋਵੇਗਾ, ਜੋ ਇਸ ਮਹਾਨ ਸ਼ਖਸੀਅਤ ਅਤੇ ਤਿਆਗ ਦੀ ਮੂਰਤ ਨੂੰ ਨਾ ਜਾਣਦਾ ਹੋਵੇ।ਇਲਾਕੇ ਵਿੱਚ ਹਰ ਇੱਕ ਨਾਲ ਚੰਗਾ ਵਿਹਾਰ ਰੱਖਣ ਅਤੇ ਮਿੱਠਾ ਬੋਲਣ ਦੇ ਨਾਲ-ਨਾਲ ਉਹ ਲੋਕਾਂ ਦੇ ਕੰਮਾਂ-ਕਾਰਾਂ ਵਿੱਚ ਵਾਧੇ ਲਈ ਹਮੇਸ਼ਾ ਅਰਦਾਸ ਮੰਗਣ ਦੀ ਗੱਲ ਕਰਦੇ ਰਹਿੰਦੇ ਸਨ।ਉਹਨਾਂ ਦੱਸਿਆ ਕਿ ਫੋਟੋਗ੍ਰਾਫਰਾਂ ਨਾਲ ਗੂੜਾ੍ਹ ਰਿਸ਼ਤਾ ਹੋਣ ਕਾਰਨ ਫੋਟੋਗ੍ਰਾਫਰ ਵੀ ਇਸ ਸ਼ਖਸੀਅਤ ਤੋਂ ਕੋਈ ਪੈਸਾ ਨਹੀਂ ਲੈਂਦੇ ਸਨ ਅਤੇ ਪਿੰਡ ਲੱਡਾ ਵਿਖੇ ਵਿਆਹ-ਸ਼ਾਦੀ ਵਿੱਚ ਪਹਿਲਾ ਸੱਦਾ ਵੀ ਭਗਤ ਬਾਬੂ ਰਾਮ ਨੂੰ ਹੀ ਦਿੱਤਾ ਜਾਂਦਾ ਸੀ ਅਤੇ ਉਹ ਵੀ ਸੱਦੇ ਉੱਪਰ ਪਹੁੰਚ ਕੇ ਹਾਜ਼ਰੀ ਲਗਵਾਉਂਦੇ ਸਨ, ਫੋਟੋਆਂ ਖਿਚਵਾਉਣ ਦੇ ਸ਼ੋਕੀਨ ਹੋਣ ਕਾਰਨ ਹੁਣ ਤੱਕ ਵਿਆਹਾਂ ਵਿੱਚ ਖਿਚਾਈਂਆਂ ਉਹਨਾਂ ਦੀਆਂ 11000 ਫੋਟੋਆਂ ਵੀ ਲੋਕਾਂ ਦੀਆਂ ਐਲਬਮਾਂ ਵਿੱਚ ਉਹਨਾਂ ਦੀ ਯਾਦਗਾਰ ਬਣ ਕੇ ਰਹਿ ਗਈਆਂ ਹਨ।
ਜ਼ਿਕਰਯੋਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਇੱਕ ਅੰਗ ਬਾਰੇ ਭਰਪੂਰ ਜਾਣਕਾਰੀ ਰੱਖਣ ਵਾਲੇ ਭਗਤ ਬਾਬੂ ਰਾਮ ਸਵੇਰੇ ਰੋਜ਼ਾਨਾ 3 ਵਜੇ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਸਾਹਿਬ ਵਿਖੇ ਸਪੀਕਰ ਦੀ ਸੇਵਾ ਕਰਦੇ ਸਨ ਜਿਸ ਨਾਲ ਜਪੁਜੀ ਸਾਹਿਬ, ਆਸ਼ਾ ਦੀ ਵਾਰ, ਸੁਖਮਨੀ ਸਾਹਿਬ, ਰਹਿਰਾਸ ਉਹਨਾਂ ਨੂੰ ਮੂੰਹ ਜੁਬਾਨੀ ਯਾਦ ਹੋ ਗਏ ਸਨ ਜੋ ਕਿ ਵੱਡੀ ਉਪਲੱਬਧੀ ਤੋਂ ਘੱਟ ਨਹੀਂ ਹਨ ਅਤੇ ਗੁਰੂ ਘਰ ਨਾਲ ਜੁੜਨ ਕਾਰਨ ਹੀ ਉਹਨਾਂ ਨੂੰ ਇਹ ਗਿਆਨ ਹਾਸਲ ਹੋਇਆ।ਉਹਨਾਂ ਦਾ ਅੰਤਿਮ ਸੰਸਕਾਰ ਗੁਰੂ ਮਰਿਆਦਾ ਅਨੁਸਾਰ ਸ੍ਰੀ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹੀ ਕੀਤਾ ਗਿਆ, ਕਿਉਂਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਗੁਰੂ ਘਰ ਦੇ ਲੇਖੇ ਹੀ ਲਗਾ ਦਿੱਤੀ ਸੀ ਅੰਤਿਮ ਸੰਸਕਾਰ ਮੌਕੇ ਪਹੁੰਚੇ ਭਗਤ ਦੇ ਪਿਤਾ ਇੰਦਰ ਸੈਣ ਸਾਬਕਾ ਪਟਵਾਰੀ ਅਤੇ ਸਮੂਹ ਪਿੰਡ ਤੋਂ ਇਲਾਵਾ ਸੰਤ ਸੇਵਕ ਜੱਥਾ ਮਸਤੂਆਣਾ ਸਾਹਿਬ ਦੇ ਪ੍ਰਧਾਨ ਸੰਤ ਸੁਖਦੇਵ ਸਿੰਘ, ਹਲਕਾ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਸੰਤ ਬਲਜੀਤ ਸਿੰਘ ਫੱਕਰ, ਬਾਬਾ ਸੁਖਵਿੰਦਰ ਸਿੰਘ, ਰਾਗੀ ਭਾਈ ਸੁਖਰਾਜ ਸਿੰਘ ਅਤੇ ਧੂਰੀ, ਸੰਗਰੂਰ, ਸ਼ੇਰਪੁਰ ਫੋਟੋਗ੍ਰਾਫਰ ਐਸੋਸੀਏਸ਼ਨਾਂ ਦੇ ਆਗੂਆਂ ਸਮੇਤ ਧਾਰਮਿਕ, ਰਾਜਨੀਤਕ, ਸਮਾਜਿਕ ਅਤੇ ਸਮਾਜ ਸੇਵੀ ਜੱਥੇਬੰਦੀਆਂ ਦੇ ਆਗੂਆਂ ਨੇ ਬਾਬੂ ਰਾਮ ਦੇ ਹੋਏ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।
Punjab Post Daily Online Newspaper & Print Media