Saturday, May 31, 2025
Breaking News

ਭਗਤ ਸਿੰਘ ਦੀ ਵਿਚਾਰਧਾਰਾ ਅਪਣਾਉਣ ਦੀ ਲੋੜ

Bhagat Singh

ਭਗਤ ਸਿੰਘ ਅਜਿਹਾ ਦੇਸ਼ ਭਗਤ ਪੈਦਾ ਹੋਇਆ ਜਿਸ ਨੇ 100 ਸਾਲਾਂ ਤੋਂ ਭਾਰਤ ਦੇਸ਼ ’ਤੇ ਰਾਜ ਕਰ ਰਹੀ ਅੰਗਰੇਜ਼ ਹਕੂਮਤ ਦੇ ਪੈਰ ਜੜੋਂ ਪੁੱਟੇ ਕਿ ਹੁਣ ਤੱਕ ਉਹ ਭਾਰਤ ਦੇਸ਼ ਵੱਲ ਝਾਕਣ ਦੀ ਹਿੰਮਤ ਨਹੀ ਕਰ ਸਕੇ।ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀਂ ਵਿੱਚ ਮਾਤਾ ਵਿਦਿਆਵਤੀ ਦੀ ਕੱਖੋਂ ਸਰਦਾਰ ਕਿਸ਼ਨ ਸਿੰਘ ਦੇ ਘਰ ਪਿੰਡ ਬੰਗਾ ਪੰਜਾਬ ਦੀ ਧਰਤੀ ਪਾਕਿਸਤਾਨ ਵਿਖੇ ਹੋਇਆ।ਭਗਤ ਸਿੰਘ ਇੱਕ ਅਜਿਹਾ ਦੇਸ਼ ਭਗਤ ਸੀ, ਜਿਸ ਨੇ ਭਾਰਤੀ ਲੋਕਾਂ ਵਿੱਚ ਚੇਤਨਤਾ ਪੈਦਾ ਕੀਤੀ। ਅੱਜ ਦੇ ਦਿਨ ਵੱਖ-ਵੱਖ ਥਾਵਾਂ ਤੇ ਸਮਾਗਮ ਕਰਵਾ ਕੇ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ।ਭਗਤ ਸਿੰਘ ਨੂੰ ਉਸ ਦੇ ਜਨਮ ਦਿਨ ਜਾਂ ਸ਼ਹੀਦੀ ਦਿਨ ’ਤੇ ਯਾਦ ਕਰ ਲੈਣਾ ਹੀ ਸੱਚੀ ਸ਼ਰਧਾਂਜਲੀ ਨਹੀਂ ਹੈ। ਜਰੂਰਤ ਹੈ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੰੁਚਾਣ ਦੀ। ਭਗਤ ਸਿੰਘ ਇੱਕ ਵਿਅਕਤੀ ਦਾ ਨਾਮ ਨਹੀਂ ਸਗੋਂ ਭਗਤ ਸਿੰਘ ਇੱਕ ਯੁੱਗ ਹੈ, ਲਹਿਰ ਹੈ, ਜਿਸ ਬਾਰੇ ਸਾਡੀ ਨੌਜਵਾਨ ਪੀੜੀ ਬਹੁਤ ਕੁੱਝ ਜਾਣਨਾ ਚਾਹੁੰਦੀ ਹੈ। ਅੱਜ ਦੇਸ਼ ਦੇ ਨੌਜਵਾਨਾਂ ਵਿੱਚ ਭਗਤ ਸਿੰਘ ਦਾ ਨਾਮ ਲੈਂਦਿਆ ਹੀ ਜੋਸ਼ ਆ ਜਾਂਦਾ ਹੈ।ਪ੍ਰੰਤੂ ਹਾਲੇ ਤੱਕ ਉਨਾਂ ਸਾਹਮਣੇ ਭਗਤ ਸਿੰਘ ਦਾ ਅਕਸ ਸਿਰਫ਼ ਇੱਕ ਕ੍ਰਾਂਤੀਕਾਰੀ ਦਾ ਹੈ ਜਿਸ ਨੇ ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰ ਦਿੱਤਾ। ਭਗਤ ਸਿੰਘ ਦੀ ਸਖ਼ਸੀਅਤ ਦੇ ਕਈ ਅਜਿਹੇ ਪੱਖ ਹਨ ਜ਼ਿਨਾਂ ਬਾਰੇ ਜਾਣਨਾ ਅੱਜ ਦੇ ਸਮੇਂ ਦੀ ਲੋੜ ਹੈ।

1928 ਵਿੱਚ ਸਾਈਮਨ ਕਮਿਸ਼ਨ ਆਇਆ ਅਤੇ ਇਸ ਦੇ ਦੇ ਬਾਈਕਾਟ ਲਈ ਜ਼ੋਰਦਾਰ ਮੁਜਾਹਰੇ ਹੋਏ। ਜਦੋਂ ਇਹ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗੁਵਾਈ ਵਿਚ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਰੋਧ ਵਿੱਚ ਭਾਗ ਲੈਣ ਵਾਲਿਆਂ ‘ਤੇ ਅੰਗਰੇਜ਼ ਸੁਪਰਡੈਂਟ ਅਫ਼ਸਰ ਸਕਾਟ ਨੇ ਲਾਠੀਚਾਰਜ ਕਰਨ ਦਾ ਹੁਕਮ ਦੇ ਦਿਤਾ। ਇਸ ਲਾਠੀਚਾਰਜ ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਦਿਲ ਦਾ ਦੌਰਾ ਪੈਣ ਕਾਰਨ 17 ਨਵੰਬਰ 1928 ਨੂੰ ਮੌਤ ਹੋ ਗਈ।ਇਸ ਸਬੰਧੀ ਸੰਸਦ ਵਿੱਚ ਵੀ ਕਾਫ਼ੀ ਬਹਿਸ ਹੋਈ।।
ਗੁਪਤ ਯੋਜਨਾ ਦੇ ਤਹਿਤ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਸੁਪਰਡੈਂਟ ਸਕਾਟ ਨੂੰ ਮਾਰਨ ਦੀ ਸੋਚੀ।ਸਕਾਟ ਦੀ ਜਗਾ ਸਾਂਡਰਸ ਨੂੰ ਮਾਰਨ ਦੀ ਇਹ ਘਟਨਾ 17 ਦਸੰਬਰ 1928 ਨੂੰ ਲਾਹੌਰ ਦੇ ਜਿਲਾ ਪੁਲਿਸ ਦਫ਼ਤਰ ਸਾਹਮਣੇ ਵਾਪਰੀ।ਭਗਤ ਸਿੰਘ ਅਤੇ ਰਾਜਗੁਰੂ ਪੁਲਿਸ ਥਾਣੇ ਦੇ ਸਾਹਮਣੇ ਘਾਤ ਲਾ ਕੇ ਖੜ ਗਏ।ਆਪਣੇ ਸਾਥੀ ਬਟੁਕੇਸ਼ਵਰ ਦੱਤ ਨੂੰ ਆਪਣੀ ਸਾਈਕਲ ਲੈ ਕੇ ਇਸ ਤਰਾਂ ਬੈਠਾ ਦਿੱਤਾ ਗਿਆ ਕਿ ਜਿਵੇਂ ਕਿ ਉਹ ਖ਼ਰਾਬ ਹੋ ਗਈ ਹੋਵੇ, ਦੱਤ ਦੇ ਇਸ਼ਾਰੇ ਤੇ ਦੋਨੋਂ ਸੁਚੇਤ ਹੋ ਗਏ। ਉਧਰ ਚੰਦਰ ਸ਼ੇਖਰ ਆਜਾਦ ਨਾਲ ਦੇ ਡੀ.ਏ.ਵੀ ਸਕੂਲ ਦੀ ਚਾਰ ਦਿਵਾਰੀ ਦੇ ਕੋਲ ਲੁਕੇ ਹੋਏ ਸਨ, ਉਹ ਵੀ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਭਗਤ ਸਿੰਘ ਵਰਗਿਆਂ ਦਾ ਰੱਖਿਅਕ ਦੇ ਤੌਰ ’ਤੇ ਕੰਮ ਕਰ ਰਹੇ ਸਨ।।ਅੰਦਰੋਂ ਸਕਾਟ ਦੀ ਥਾਂ ਅੰਗਰੇਜ਼ ਅਫ਼ਸਰ ਜਾਨ ਪੀ. ਸਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇਕ ਗੋਲੀ ਸਿਧੀ ਉਸ ਦੇ ਸਿਰ ਵਿੱਚ ਮਾਰੀ ਜਿਸ ਦੇ ਤੁਰੰਤ ਬਾਅਦ ਉਹ ਹੋਸ਼ ਖੋ ਬੈਠਾ। ਇਸ ਤੋਂ ਬਾਅਦ ਭਗਤ ਸਿੰਘ ਨੇ 3-4 ਗੋਲੀਆਂ ਦਾਗ ਕੇ ਉਸ ਦੇ ਮਰਨ ਦਾ ਪੂਰਾ ਇੰਤਜ਼ਾਮ ਕਰ ਦਿੱਤਾ।
ਪਿਸਤੋਲ ਵਾਲਾ ਜਜ਼ਬਾਤੀ ਨੌਜਵਾਨ ਨਹੀਂ ਸੀ ਕਿਉਕਿ ਉਹ ਤਾਂ ਹਿੰਦੂਸਤਾਨ ਦੇ ਲੋਕਾਂ ਨੂੰ ਅਜਾਦ ਕਰਵਾਉਣ ਲਈ ਬੌਧਿਕ ਪੱਧਰ ਤੇ ਤਿਆਰ ਕਰਨਾ ਚਾਹੁੰਦਾ ਸੀ। ਭਗਤ ਸਿੰਘ ਦਾ ਮਕਸਦ ਸਿਰਫ਼ ਅੰੰਗਰੇਜਾਂ ਨੂੰ ਬਾਹਰ ਕੱਢਣ ਤੱਕ ਹੀ ਨਹੀਂ ਸੀ ਸਗੋਂ ਉਹ ਤਾਂ ਇਹੋ ਜਿਹੇ ਸਮਾਜ ਦੀ ਸਥਾਪਨਾ ਕਰਨਾ ਚਾਹੁੰਦਾ ਸੀ, ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ।ਕਿਰਤੀਆਂ, ਕਿਸ਼ਾਨਾਂ, ਮਜ਼ਦੂਰਾਂ ਦਾ ਰਾਜ ਹੋਵੇ।ਹਰ ਕਿਸੇ ਨੂੰ ਅੱਗੇ ਵਧਣ ਲਈ ਬਰਾਬਰ ਮੌਕੇ ਮਿਲਣ।ਕੋਈ ਵੀ ਵਿਅਕਤੀ ਤਾਕਤ ਹਾਸਿਲ ਕਰਕੇ ਦੂਜਿਆਂ ’ਤੇ ਤਸ਼ੱਦਦ ਨਾ ਕਰ ਸਕੇ।ਸ਼ਹੀਦ ਭਗਤ ਸਿੰਘ ਦੀ ਸਖ਼ਸੀਅਤ ਦਾ ਇੱਕ ਹੋਰ ਮਹੱਤਵਪੂਰਨ ਪੱਖ ਉਸ ਦਾ ਮਹਾਨ ਚਿੰੰਤਕ ਹੋਣਾ ਸੀ।ਸੰਸਾਰ ਦਾ ਉੱਤਮ ਇਨਕਲਾਬੀ ਸਾਹਿਤ ਭਗਤ ਸਿੰਘ ਨੇ ਪੜਿਆ ਸੀ। ਭਗਤ ਸਿੰਘ ਨੇ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜਿਆ, ਸਮਾਜਵਾਦ ਦੇ ਪਿਤਾਮਾ ਮਾਰਕਸ ਨੂੰ ਪੜਿਆ ਅਤੇ ਲੈਨਿਨ, ਲਿਓਨ ਟਰਾਟਸਕੀ ਤੇ ਆਪਣੇ ਦੇਸ਼ਾਂ ਵਿੱਚ ਸਫ਼ਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿਆ।ਭਗਤ ਸਿੰਘ ਦੇ ਸਾਥੀਆਂ ਦੀਆਂ ਲਿਖ਼ਤਾਂ ਦੱਸਦੀਆਂ ਹਨ ਕਿ ਕੋਈ ਵੀ ਸਮਾਂ ਅਜਿਹਾ ਨਹੀਂ ਮਿਲਦਾ ਜਦ ਭਗਤ ਸਿੰਘ ਦੇ ਹੱਥ ਵਿੱਚ ਕਿਤਾਬ ਨਾ ਹੋਵੇ।ਭਗਤ ਸਿੰਘ ਤਾਂ ਆਪਣੇ ਸ਼ਹੀਦੀ ਵਾਲੇ ਦਿਨ ਵੀ ਲੈਨਿਨ ਪੜ ਰਿਹਾ ਸੀ ਜੋ ਉਸ ਨੇ ਆਪਣੇ ਵਕੀਲ ਕੋਲੋਂ ਮੰਗਵਾਈ ਸੀ।ਸਾਡੀ ਅੱਜ ਦੀ ਪੀੜੀ ਨੂੰ ਤਾਂ ਪਤਾ ਹੀ ਨਹੀਂ ਕਿ ਸਾਹਿਤ ਕੀ ਹੁੰਦਾ ਹੈ? ਸਾਡੀ ਸੋਚ ਤਾਂ ਪਹਿਲਾ ਨਸ਼ਿਆਂ ਨੇ ਖੁੰਢੀ ਕਰ ਦਿੱਤੀ ਹੈ। ਚੰਗਾ ਸਾਹਿਤ ਪੜਨ ਲਈ ਸਾਡੇ ਕੋਲ ਸਮਾਂ ਹੀ ਨਹੀਂ ਹੈ।
ਭਗਤ ਸਿੰਘ ਨਾਸਤਿਕ ਸੀ ਕਿਉਂਕਿ ਉਸ ਨੂੰ ਆਪ ’ਤੇ ਵਿਸ਼ਵਾਸ ਸੀ।ਅਸੀ ਆਸਤਕ ਹੋ ਕੇ ਕੀ ਖੱਟ ਰਹੇ ਹਾਂ? ਧਰਮ ਦੇ ਨਾਮ ’ਤੇ ਨਫ਼ਰਤ ਫੈਲਾ ਰਹੇ ਹਾਂ, ਦੰਗੇ ਕਰ ਰਹੇ ਹਾਂ।ਭਗਤ ਸਿੰਘ ਅਜਿਹੇ ਧਰਮ ਨੂੰ ਨਹੀਂ ਸੀ ਮੰਨਦਾ ਜਿਹੜਾ ਇਨਸਾਨ ਨੂੰ ਇਨਸਾਨ ਤੋ ਵੱਖ ਕਰੇ, ਨਫ਼ਰਤ ਫੈਲਾਵੇ। ਪਰ ਅੱਜ ਭਾਰਤ ਵਿੱਚ ਸਭ ਤੋਂ ਵੱਧ ਦੰਗੇ ਧਰਮ ਦੇ ਨਾਮ ’ਤੇ ਹੋ ਰਹੇ ਹਨ।
ਕੀ ਇਹੋ ਜਿਹੇ ਭਾਰਤ ਦਾ ਸੁਪਨਾ ਦੇਖਿਆ ਸੀ ਭਗਤ ਸਿੰਘ ਨੇ ਜਿਥੇ ਧਰਮ ਦੇ ਨਾਮ ’ਤੇ ਦੰਗੇ ਹੋਣ, ਕਿਸ਼ਾਨ ਖੁਦਕੁਸੀਆਂ ਕਰਨ, ਗਰੀਬ ਲੋਕ ਢਿੱਡੋ ਭੁੱਖੇ ਸੌਣ। ਸੋ ਅੱਜ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ, ਅਪਣਾਉਣ ਦੀ ਲੋੜ ਹੈ। ਭਗਤ ਸਿੰਘ ਦੀ ਕੁਰਬਾਨੀ ਸਾਨੂੰ ਸਦਾ ਹੀ ਦੇਸ਼ ਭਗਤੀ ਅਤੇ ਅਜ਼ਾਦੀ ਲਈ ਪ੍ਰੇਰਦੀ ਰਹੇਗੀ।
ਸੰਸਦ ਵਿੱਚ ਭਗਤ ਸਿੰਘ ਦੀ ਤਸਵੀਰ ਲਗਾਉਣਾ, ਭਗਤ ਸਿਘ ਨੂੰ ਉਸ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ’ਤੇ ਯਾਦ ਕਰ ਲੈਣਾ ਹੀ ਸੱਚੀ ਸ਼ਰਧਾਂਜਲੀ ਨਹੀਂ ਹੈ ਜੇ ਅਸੀ ਭਗਤ ਸਿੰਘ ਨੂੰ ਸੱਚੀ ਸਰਧਾਂਜਲੀ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ ਤਾਂ ਹੀ ਅਸੀ ਭਗਤ ਸਿੰਘ ਦੇ ਸੱਚੇ ਵਾਰਿਸ ਕਹਾਉਣ ਦੇ ਹੱਕਦਾਰ ਬਣ ਸਕਦੇ ਹਾਂ।ਅੱਜ ਸਾਰੇ ਦੇਸ਼ ਵਿੱਚ ਭਗਤ ਸਿੰਘ ਦੇ ਵਿਚਾਰਾਂ ਦਾ ਇਨਕਲਾਬ ਲਿਆਉਣ ਦੀ ਲੋੜ ਹੈ। ਇਹੀ ਇਸ ਸੱਚੇ ਦੇਸ਼ ਭਗਤ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
ਅੱਜ ਸਾਨੂੰ ਦੁਨੀਆਂ ਵਿੱਚ ਲੁੱਟ ਖਸੁੱਟ ਖ਼ਤਮ ਕਰਨ ਲਈ ਫਿਰ ਭਗਤ ਸਿੰਘ ਵਰਗੇ ਨੌਜਵਾਨਾਂ ਦੀ ਜਰੂਰਤ ਹੈ। ਆਓ ਅੱਜ ਸਾਰੇ ਮਿਲ ਕੇ ਇਹ ਪ੍ਰਣ ਕਰੀਏ:
‘‘ ਭਗਤ ਸਿੰਘ ਦੀ ਸੋਚ ਤੇ
ਪਹਿਰਾ ਦੇਵਾਂਗੇ ਠੋਕ ਕੇ’’

Avtar Singh Kainth

 

 

 
ਅਵਤਾਰ ਸਿੰਘ ਕੈਂਥ
ਬਠਿੰਡਾ
ਮੋ- 9356200120

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply