ਵਿਸ਼ਵ ਚਿੜੀ ਦਿਵਸ `ਤੇ ਵਿਸ਼ੇਸ਼

ਚਿੜੀ ਇੱਕ ਅਜਿਹਾ ਪੰਛੀ ਹੈ ਜਿਸ ਦੀ ਪੰਜਾਬੀ ਸੱਭਿਆਚਾਰ ਵਿੱਚ ਅਹਿਮ ਸਥਾਨ ਹੈ।ਲੋਕ ਗੀਤਾਂ ਵਿੱਚ ਵੀ ਚਿੜੀ ਦਾ ਜ਼ਿਕਰ ਆਉਂਦਾ ਹੈ।ਚਿੜੀ ਇੱਕ ਬਹੁਤ ਹੀ ਸੰਵੇਦਨਸ਼ੀਲ ਪੰਛੀ ਹੈ, ਇਸੇ ਕਾਰਨ ਹੀ ਚਿੜੀ ਦੀ ਤੁਲਣਾ ਪੰਜਾਬੀ ਕੁੜੀ ਨਾਲ ਕੀਤੀ ਹੈ।ਕੁੜੀ ਦੇ ਵਿਆਹ ਮੌਕੇ ਗੀਤ ਗਾ ਕੇ ਚਿੜੀਆਂ ਨੂੰ ਯਾਦ ਕੀਤਾ ਜਾਂਦਾ ਹੈ।ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੱਲੋਂ ਗਾਏ ਮਸ਼ਹੂਰ ਗੀਤ ਵਿੱਚ ਵੀ ਚਿੜੀਆਂ ਦਾ ਜ਼ਿਕਰ ਕੀਤਾ ਹੈ ‘ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੱਡ ਜਾਣਾ`।ਸਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਨਾ ਨੰ 319 ਤੇ ਅੰਕਤਿ ਸ਼ਬਦ ਵਿੱਚ ਗੁਰੁ ਅਰਜਨ ਦੇਵ ਸਾਹਿਬ ਨੇ ਅੰਮ੍ਰਿਤ ਵੇਲੇ ਚਿੜੀਆਂ ਦੇ ਚੂਹਕਣ ਬਾਰੇ ਵਰਨਣ ਕਰਦੇ ਹੋਏ ਫਰਮਾਇਆ ਹੈ ‘ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ।।ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ।। ਭਾਵ ਜਦੋਂ ਪਹੁ ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ, ਉਸ ਵੇਲੇ ਗੁਰਸਿੱਖ ਦੇ ਹਿਰਦੇ ਵਿੱਚ ਸਿਮਰਨ ਦੇ ਤਰੰਗ ਬਹੁਤ ਉਠਦੇ ਹਨ, ਹੇ ਨਾਨਕ! ਜਿੰਨਾਂ ਗੁਰਸਿੱਖਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਹੁੰਦਾ ਹੈ,ਉਨਾਂ ਨੇ ਇਸ ਪਹੁ ਫੁਟਾਲੇ ਦੇ ਸਮੇਂ ਅਚਰਜ ਰੂਪ ਰਚੇ ਹੁੰਦੇ ਹਨ ਭਾਵ ਉਹ ਗੁਰਸਿੱਖ ਇਸ ਸਮੇਂ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ। ਵਿਸ਼ਵ ਪੱਧਰ ਤੇ ਚਿੜੀਆਂ ਦੀਆਂ ਕੁੱਲ 24 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।ਤਕਰੀਬਨ ਦਹਾਕਾ ਪਹਿਲਾਂ ਚਿੜੀਆਂ ਚੀਂ-ਚੀਂ ਕਰਦੀਆਂ ਆਮ ਦੇਖੀਆਂ ਜਾਂਦੀਆਂ ਸਨ।ਖਾਸ ਕਰਕੇ ਕਰਿਆਨੇ ਵਾਲੀਆਂ ਦੁਕਾਨਾਂ ਤੇ ਤਾਂ ਬਹੁਤ ਤਾਦਾਦ ਵਿੱਚ ਚਿੜੀਆਂ ਦਾਣਿਆਂ ਦੀ ਖੁਰਾਕ ਲਈ ਇਕੱਠੀਆਂ ਹੋ ਜਾਂਦੀਆਂ ਸਨ।ਇਹ ਇੱਕ 5-6 ਇੰਚ ਅਕਾਰ ਦਾ ਛੋਟਾ ਪੰਛੀ ਹੈ ਜੋ ਦਾਣੇ, ਕੀੜੇ ਮਕੌੜੇ, ਬੀਜ ਆਦਿ ਖਾ ਕੇ ਗੁਜ਼ਾਰਾ ਕਰਦੀ ਹੈ।ਚਿੜੀਆਂ ਆਮ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿੱੱਚ ਘਰਾਂ ਦੀਆਂ ਬਾਲੇ ਵਾਲੀਆਂ ਛੱਤਾਂ, ਝਾੜੀਆਂ ਵਿੱਚ ਛੋਟੇ-ਛੋਟੇ ਤਿਣਕਿਆਂ ਅਤੇ ਘਾਹ ਫੁਸ ਨਾਲ ਆਲਣੇ ਬਣਾ ਕੇ ਰਹਿੰਦੀਆਂ ਹਨ।
ਨਰ ਚਿੜੀ ਦਾ ਅਕਾਰ ਮਾਦਾ ਚਿੜੀ ਨਾਲੋਂ ਵੱਡਾ ਹੁੰਦਾ ਹੈ।ਮਾਦਾ ਚਿੜੀ 5-7 ਅੰਡੇ ਦਿੰਦੀ ਹੈ ਅਤੇ 14-17 ਦਿਨਾਂ ਬਾਅਦ ਬੱਚੇ (ਬੋਟ) ਨਿਕਲ ਆਉਂਦੇ ਹਨ ਜੋ ਦੇਖਣ ਨੂੰ ਬਹੁਤ ਚੁਲਬਲੇ ਅਤੇ ਸੋਹਣੇ ਲੱਗਦੇ ਹਨ।ਮਨੁੱਖ ਦੀ ਜੀਵਨ ਸ਼ੈਲੀ ਵਿੱਚ ਆਏ ਬਦਲਾਅ, ਕਿਸਾਨਾਂ ਦੁਆਰਾ ਖੇਤੀ ਤੋਂ ਘਟ ਰਹੀ ਆਮਦਨ ਵਿੱਚ ਵਾਧਾ ਅਤੇ ਪੈਦਾਵਾਰ ਵਿੱਚ ਵਾਧਾ ਕਰਨ ਦੇ ਲਾਲਚ ਵੱਸ ਅੰਨੇਵਾਹ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਕਰਨ, ਮੋਬਾਇਲ ਫੋਨਾਂ ਦੀ ਵਧੀ ਵਰਤੋਂ, ਖੁਰਾਕ ਦੀ ਘਾਟ ਕਾਰਨ ਚਿੜੀਆਂ ਦਾ ਵਜ਼ੂਦ ਖਤਰੇ ਵਿੱਚ ਪੈ ਗਿਆ ਹੈ, ਜੇਕਰ ਇਸ ਪੰਛੀ ਦੀ ਪ੍ਰਜਾਤੀ ਖਤਮ ਹੋ ਗਈ ਤਾਂ ਭਵਿੱਖ ਦੀ ਪੀੜੀ ਚਿੜੀ ਨੂੰ ਫੋਟੋਆਂ ਵਿੱਚ ਹੀ ਦੇਖਿਆ ਕਰੇਗੀ।ਇਸ ਛੋਟੇ ਜਿਹੇ ਮਾਸੁਮ ਪੰਛੀ ਦੀ ਹੋਂਦ ਨੂੰ ਖਤਰੇ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਹਰ ਸਾਲ 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ।
ਚਿੱੜੀਆਂ ਦੀ ਹੋਂਦ ਨੂੰ ਸਭ ਤੋਂ ਵੱਧ ਖਤਰਾ ਮੋਬਾਇਲ ਫੋਨ ਦੇ ਟਾਵਰਾ ਵਿੱਚੋਂ ਨਿਕਲਦੀਆਂ ਸੂਖਮ ਤਰੰਗਾਂ ਤੋਂ ਹੈ। ਇਨਾਂ ਟਾਵਰਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। 3-ਜੀ ਤਕਨੀਕ ਆਉਣ ਨਾਲ ਇਨਾਂ ਟਾਵਰਾਂ ਦੀ ਗਿਣਤੀ ਹੋਰ ਵਧ ਜਾਵੇਗੀ ਜੋ ਕਿ ਚਿੜੀਆਂ ਦੀ ਹੋਂਦ ਨੂੰ ਖਤਮ ਕਰ ਦੇਵੇਗਾ। ਸਮੇਂ ਦੀ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਇਨਾਂ ਟਾਵਰਾ ਦੀ ਗਿਣਤੀ ਤਾ ਨਹੀਂ ਘਟਾਈ ਜਾ ਸਕਦੀ, ਪਰ ਅਜਿਹੀ ਤਕਨੀਕ ਇਜ਼ਾਦ ਕੀਤੀ ਜਾ ਸਕਦੀ ਹੈ ਜਿਸ ਨਾਲ ਟਾਵਰਾਂ ਵਿਚੋਂ ਨਿਕਲਣ ਵਾਲੀਆਂ ਤਰੰਗਾਂ ਦਾ ਚਿੜੀਆਂ ਤੇ ਅਸਰ ਨਾਂ ਹੋਵੇ।ਸਮੇਂ ਦੇ ਨਾਲ ਝਾੜੀਆਂ/ਦਰੱਖਤਾਂ ਦੀ ਜਗਾ ਅਜਿਹੇ ਦਰਖਤਾਂ ਨੇ ਲੈ ਲਈ ਹੈ ਜਿਸ ਉਪਰ ਚਿੜੀਆਂ ਆਪਣਾ ਆਲਣਾ ਨਹੀ ਬਣਾ ਸਕਦੀਆਂ ਸੋ ਅਜਿਹੇ ਦਰਖਤ ਲਾਉਣ ਦੀ ਜ਼ਰੂਰਤ ਹੈ ਜਿਸ ਉਪਰ ਚਿੜੀਆਂ ਨੂੰ ਆਲਣੇ ਬਨਾਉਣ ਲਈ ਉਤਸਾਹਿਤ ਕੀਤਾ ਜਾ ਸਕੇ।ਸ਼ਹਿਰਾਂ ਵਿੱਚ ਘਰਾਂ ਦੇ ਵੇਹੜਿਆਂ ਵਿੱਚ ਮਸਨੂਈ ਲੱਕੜ ਦੇ ਬਕਸੇ ਦੇ ਆਲਣੇ ਬਣਾ ਕੇ ਟੰਗਣੇ ਚਾਹੀਦੇ ਹਨ।ਅਜਿਹਾ ਕਰਨ ਪੰਛੀਆਂ ਖਾਸ ਕਰਕੇ ਚਿੜੀਆਂ ਨੂੰ ਰੈਣ ਬਸੇਰਾ ਮੁਹੱਈਆ ਕਰਵਾਇਆ ਜਾ ਸਕਦਾ ਹੈ।ਵਿਸ਼ਵ ਚਿੜੀ ਦਿਵਸ ਤੇ ਸਕੂਲਾ, ਕਾਲਜਾਂ ਵਿੱਚ ਸੈਮੀਨਾਰ, ਫੋਟੋ ਪੇਂਟਿੰਗ ਕਰਵਾ ਕੇੇ ਬੱਚਿਆਂ ਵਿੱਚ ਇਸ ਖਤਮ ਹੋ ਰਹੇ ਪੰਛੀ ਨੂੰ ਬਚਾਉਣ ਲਈ ਚੇਤਨਤਾ ਪੈਦਾ ਕਰਨੀ ਚਾਹੀਦੀ ਹੈ। ਇਸ ਕੰਮ ਲਈ ਗੈਰ ਸਰਕਾਰੀ ਸੰਗਠਨਾਂ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ।ਸੋ ਆਉ ਲੋਕਾਂ ਅੰਦਰ ਚੇਤੰਨਤਾ ਪੈਦਾ ਕਰੀਏ ਤਾਂ ਜੋ ਇਸ ਮਾਸੂਮ ਜਿਹੇ ਪੰਛੀ ਦੀ ਖਤਮ ਹੋ ਰਹੀ ਪ੍ਰਜਾਤੀ ਨੂੰ ਬਚਾਇਆ ਜਾ ਸਕੇ

ਡਾ. ਅਮਰੀਕ ਸਿੰਘ
ਖੇਤੀਬਾੜੀ ਅਫਸਰ, ਪਠਾਨਕੋਟ
ਮੋਬਾਈਲ ਨੰ. 9463071919
Punjab Post Daily Online Newspaper & Print Media