Wednesday, July 1, 2026

ਲੋਕਾਂ ਦੀ ਖੱਜ਼ਲ-ਖੁਆਰੀ ਰੋਕਣ ਲਈ ਸਾਰੇ ਦਫਤਰ ਹੈਲਫ ਡੈਸਕ ਬਨਾਉਣ

PPN2803201715ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ) – ਆਪਣੇ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਜਾਣਕਾਰੀ ਦੀ ਘਾਟ ਕਾਰਨ ਹੁੰਦੀ ਖੱਜ਼ਲ-ਖੁਆਰੀ ਰੋਕਣ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਉਨਾਂ ਸਾਰੇ ਸਰਕਾਰੀ ਦਫ਼ਤਰਾਂ, ਜਿੱਥੇ ਕਿ ਲੋਕਾਂ ਦਾ ਨਿੱਤ ਵਾਹ ਪੈਂਦਾ ਹੈ, ਵਿਖੇ ‘ਹੈਲਪ ਡੈਸਕ’ ਕਾਇਮ ਕਰਨ ਦੀ ਹਦਾਇਤ ਕੀਤੀ ਹੈ।ਆਪਣੇ ਹੁਕਮਾਂ ਵਿਚ ਉਨਾਂ ਕਿਹਾ ਕਿ ਦਫਤਰ ਦੇ ਕੰਮਕਾਜ ਬਾਰੇ ਜਾਣਕਾਰੀ ਰੱਖਦੇ ਕਰਮਚਾਰੀ ਨੂੰ ਉਸ ਡੈਸਕ ’ਤੇ ਲਗਾਇਆ ਜਾਵੇ, ਜੋ ਕਿ ਦਫਤਰ ਆਉਣ ਵਾਲੇ ਹਰ ਵਿਅਕਤੀ ਨੂੰ ਕੰਮ ਲਈ ਲੱਗਣ ਵਾਲੇ ਦਸਤਾਵੇਜ ਅਤੇ ਫਾਰਮ ਆਦਿ ਦੀ ਜਾਣਕਾਰੀ ਦੇ ਸਕੇ। ਉਨਾਂ ਕਿਹਾ ਕਿ ਜਿੱਥੇ ਕਰਮਚਾਰੀ ਘੱਟ ਹੋਣ ਕਾਰਨ ਹੈਲਪ ਡੈਸਕ ਨਹੀਂ ਬਣ ਸਕਦਾ, ਉਥੇ ਦਫਤਰ ਸੁਪੁਰਡੈਂਟ ਜਾਂ ਕਿਸੇ ਹੋਰ ਸੀਨੀਅਰ ਕਰਮਚਾਰੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ।
ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿਲ੍ਹੇ ਵਿਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕਰਦੇ ਸੰਘਾ ਨੇ ਕਿਹਾ ਕਿ ਬਹੁਤੇ ਵਿਅਕਤੀਆਂ ਨੂੰ ਦਫਤਰੀ ਕੰਮ ਲਈ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ ਜਾਂ ਪਕ੍ਰਿਆ ਦਾ ਪਤਾ ਨਹੀਂ ਹੁੰਦਾ, ਜਿਸ ਕਾਰਨ ਇਕ ਤਾਂ ਕੰਮ ਲਟਕ ਜਾਂਦਾ ਹੈ, ਦੂਸਰਾ ਕੰਮ ਕਰਵਾਉਣ ਵਾਲਾ ਪਰੇਸ਼ਾਨ ਹੁੰਦਾ ਹੈ ਅਤੇ ਇਹ ਕਾਰਨ ਹੀ ਭ੍ਰਿਸ਼ਟਾਚਾਰ ਦਾ ਕਾਰਨ ਬਣਦਾ ਹੈ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਇਸ ਪਰੇਸ਼ਾਨੀ ਤੋਂ ਲੋਕਾਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਲੋਕਾਂ ਨਾਲ ਸਿੱਧਾ ਸਬੰਧ ਰੱਖਣ ਵਾਲੇ ਦਫਤਰ ਹੈਲਪ ਡੈਸਕ ਬਨਾਉਣ।
ਇਸ ਦੌਰਾਨ ਸ਼ਹਿਰ ਵਿਚ ਬਿਜਲੀ ਦੀਆਂ ਢਿਲ ਕਾਰਨ ਲਮਕਦੀਆਂ ਤਾਰਾਂ ਅਤੇ ਪੋਲਾਂ ਨਾਲ ਲਮਕਦੇ ਤਾਰਾਂ ਦੇ ਗੁੱਛਿਆਂ ਬਾਰੇ ਵੀ ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਨੂੰ ਛੇਤੀ ਤੋਂ ਛੇਤੀ ਸੁਧਾਰਨ, ਤਾਂ ਜੋ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ।
ਪੇਂਡੂ ਸੜਕਾਂ ਦੀ ਹਾਲਤ ਅਤੇ ਇੰਨਾਂ ਦੇ ਬਰਮਾਂ ਦੀ ਕਾਰਗੁਜ਼ਾਰੀ ਬਾਰੇ ਪੜਚੋਲ ਕਰਦੇ ਹੋਏ ਸੰਘਾ ਨੇ ਹਦਾਇਤ ਕੀਤੀ ਕਿ ਕਣਕ ਦੀ ਵਾਢੀ ਖਤਮ ਹੁੰਦੇ ਸਾਰ ਹੀ ਇਹ ਬਰਮ ਪੂਰੇ ਕਰਨ ਦੀ ਕੰਮ ਸ਼ੁਰੂ ਕੀਤਾ ਜਾਵੇ, ਜੋ ਕਿ ਝੋਨੇ ਦੀ ਬਿਜਾਈ ਤੋਂ ਪਹਿਲਾਂ ਹਲ ਹਾਲਤ ਪੂਰਾ ਹੋਵੇ। ਦੱਸਣਯੋਗ ਹੈ ਕਿ ਲੰਮਾ ਅਰਸਾ ਪਹਿਲਾਂ ਤਤਕਾਲੀਨ ਡਿਪਟੀ ਕਮਿਸ਼ਨਰ  ਕਾਹਨ ਸਿੰਘ ਪੰਨੂੰ ਨੇ ਸੜਕਾਂ ਦੇ ਬਰਮ ਪੂਰੇ ਕਰਵਾਏ ਸਨ ਅਤੇ ਇਸ ਲਈ ਅੰਮ੍ਰਿਤਸਰ ਜਿਲ੍ਹੇ ਨੂੰ ਰਾਸ਼ਟਰ ਪੱਧਰ ’ਤੇ ਸ ਸਨਮਾਨਿਤ ਵੀ ਕੀਤਾ ਗਿਆ ਸੀ।ਅੱਜ ਦੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਾਲਿਡ ਵੇਸਟ ਮੈਨਨਜਮੈਂਟ ਪਲਾਂਟ, ਰੇਲਵੇ ਓਵਰ ਬ੍ਰਿਜ ਤਰਨਤਾਰਨ ਰੋਡ, ਮੰਡੀਆਂ ਵਿਚ ਕੀਤੇ ਜਾ ਰਹੇ ਕੰਮਾਂ ਅਤੇ ਜਿਲ੍ਹੇ ਵਿਚ ਚੱਲ ਰਹੇ ਹੋਰ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਅਤੇ ਸਾਰੇ ਕੰਮ ਗੁਣਵਤਾ ਦਾ ਧਿਆਨ ਰੱਖਦੇ ਹੋਏ ਸਮਾਂ ਸੀਮਾ ਅੰਦਰ ਪੂਰੇ ਕਰਨ ਦੀ ਹਦਾਇਤ ਕੀਤੀ। ਅੱਜ ਦੀ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …

Leave a Reply