ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਵੱਲੋਂ ਲੋਕਾਂ ਨੂੰ ਨਸ਼ਿਆਂ ਦੇ ਮਾੜੂ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਦੇ ਮਕਸਦ ਅਤੇ ਨਸ਼ਿਆਂ ਨੂੰ ਜੜ੍ਹਾਂ ਤੋਂ ਖਤਮ ਕਰਨ ਲਈ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਅੱਜ ਸੀਨੀਅਰ ਮੈਡੀਕਲ ਅਫਸਰ ਡਾ. ਬ੍ਰਿਜ ਭੂਸ਼ਨ ਸਹਿਗਲ ਦੀ ਅਗਵਾਈ ਹੇਠ ਅਜਨਾਲਾ ਸ਼ਹਿਰ ‘ਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ।ਜਿਸ ਨੂੰ ਉਚੇਚੇ ਤੌਰ ਤੇ ਪੁੱਜੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪ੍ਰਭਦੀਪ ਕੌਰ ਜੌਹਲ ਵੱਲੋਂ ਰਵਾਨਾ ਕੀਤਾ ਗਿਆ। ਇਹ ਰੈਲੀ ਸਿਵਲ ਹਸਪਤਾਲ ਅਜਨਾਲਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਤੋਂ ਹੁੰਦੀ ਹੋਈ ਐਸ.ਡੀ.ਐਮ ਦਫ਼ਤਰ ਅਜਨਾਲਾ ਵਿਖੇ ਜਾ ਕੇ ਸਮਾਪਤ ਹੋਈ। ਰੈਲੀ ਤੋਂ ਪਹਿਲਾਂ ਫੀਲਡ ਸਟਾਫ ਨੂੰ ਸੰਬੋਧਨ ਕਰਦਿਆਂ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਨਸ਼ਿਆਂ ਦਾ ਦਿਨੋ-ਦਿਨ ਵਧ ਰਿਹਾ ਗੰਭੀਰ ਸਮੱਸਿਆ ਹੈ ਜਿਸ ਨੇ ਪੂਰੇ ਵਿਸ਼ਵ ਨੂੰ ਆਪਣੀ ਜਕੜ ਵਿੱਚ ਲਿਆ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਬਹੁਤ ਪੁਰਾਣੀ ਹੈ ਤੇ ਇਸ ਵੱਲੋਂ ਨੌਜਵਾਨ ਪੀੜੀ ਨੂੰ ਘੁਣ ਵਾਂਗ ਖਾ ਕੇ ਦੇਸ਼ ਦੇ ਭਵਿੱਖ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਬ੍ਰਿਜ ਭੂਸ਼ਨ ਸਹਿਗਲ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਪੈਗੰਬਰਾਂ ਤੇ ਪੰਜ ਦਰਿਆਵਾਂ ਦੀ ਧਰਤੀ ਉੱਪਰ ਅੱਜ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅਤੇ ਸਰਕਾਰੀ ਨਸ਼ਾ ਛੁਡਾਊ ਮੁੜ ਵਸੇਬਾ ਕੇਂਦਰ ਤੋਂ ਕੋਈ ਵੀ ਵਿਅਕਤੀ ਨਾਮਾਤਰ ਖਰਚੇ ਤੇ ਨਸ਼ਾ ਛੱਡ ਕੇ ਆਪਣੀ ਨਵੀਂ ਜਿੰਦਗੀ ਸ਼ੁਰੂ ਕਰ ਸਕਦਾ ਹੈ।
ਇਸ ਮੌਕੇ ਐਸ.ਐਮ.ਓ ਰਮਦਾਸ ਡਾ. ਬਲਜੀਤ ਸਿੰਘ, ਨੋਡਲ ਅਫਸਰ ਡਾ. ਵਰਿੰਦਰਪਾਲ ਕੌਰ ਅਜਨਾਲਾ, ਡਾ. ਨੀਰਜ ਮਲਹੋਤਰਾ, ਡਾ. ਰਾਜਕਮਲ ਸੱਭਰਵਾਲ, ਡਾ. ਰਵੀਕਿਰਨ ਸਿੰਘ, ਡਾ. ਐਸ.ਪੀ ਸਿੰਘ, ਬਲਾਕ ਐਜ਼ੂਕੇਟਰ ਬਲਜਿੰਦਰ ਕੌਰ ਵਿਛੋਆ, ਐਲ.ਐਚ ਵੀ ਗੁਰਵਿੰਦਰ ਕੌਰ, ਦਲਬੀਰ ਸਿੰਘ ਅਤੇ ਡਾ. ਰੇਣੂੰ ਆਦਿ ਹਾਜ਼ਰ ਸਨ।ਡਾ: ਪ੍ਰਭਦੀਪ ਕੌਰ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media