Saturday, March 28, 2026

ਕਥਾ ਪੁਸਤਕ ‘ਦੁੱਖ ਡਾਰੋਂ ਵਿਛੜੀ ਕੂੰਜ਼ ਦਾ’ `ਤੇ ਹੋਈ ਵਿਚਾਰ ਚਰਚਾ

PPN3003201705ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸੰਗਮ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਡਾ. ਕਾਬਲ ਸਿੰਘ ਸੰਧੂ ਦੀ ਦੂਜੀ ਕਥਾ ਪੁਸਤਕ ‘ਦੁੱਖ ਡਾਰੋਂ ਵਿਛੜੀ ਕੂੰਜ ਦਾ’ `ਤੇ ਵਿਚਾਰ ਚਰਚਾ ਕੀਤੀ ਗਈ।ਸ਼ਾਇਰ ਮਲਵਿੰਦਰ ਨੇ ਇਸ ਅਰਥ ਭਰਪੂਰ ਸਮਾਗਮ ਦਾ ਮੰਚ ਸੰਚਾਲਣ ਕਰਦਿਆਂਪੁਸਤਕ ਬਾਰੇ ਜਾਣ-ਪਹਿਚਾਣ ਕਰਵਾਈ।
ਸਰਬਜੀਤ ਸਿੰਘ ਸੰਧੂ ਦੀ ਸੰਪਾਦਨਾ ਹੇਠ ਛਪੀ ਇਸ ਪੁਸਤਕ ‘ਤੇ ਪਰਚਾ ਪੜ੍ਹਦਿਆਂ ਬਲਜੀਤ ਕੌਰ ਰਿਆੜ ਨੇ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਵਿਚ ਲੇਖਕ ਨੇ ਜਿਥੇ ਇਕ ਪਾਸੇ ਵਿਅਕਤੀ ਦੀ ਸਮਾਜਿਕ ਗਿਰਾਵਟ, ਸੁਆਰਥੀ ਬਿਰਤੀ ਤੇ ਇਕੱਲਤਾ ਦੇ ਦੁਖਾਂਤ ਨੂੰ ਉਭਾਰਿਆ ਹੈ। ਡਾ. ਸੁਖਦੇਵ ਸਿੰਘ ਖਹਿਰਾ ਨੇ ਵਿਚਾਰ ਚਰਚਾ ਦਾ ਮੁੱਢ ਬੰਨ੍ਹਦਿਆਂ ਕਿਹਾ ਕਿ ਡਾ. ਸੰਧੂ ਇਨ੍ਹਾਂ ਕਹਾਣੀਆਂ ਵਿਚ ਅਜੋਕੀ ਔਰਤ ਦੀਆਂ ਸਥਿਤੀਆਂ ਤੇ ਪ੍ਰਸਥਿਤੀਆਂ ਬਿਆਨਦਿਆਂ ਖੂਬਸੂਰਤ ਬਿੰਬ ਉਸਾਰਦਾ ਹੈ।ਕਥਾਕਾਰ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਚਰਚਾ ਅਧੀਨ ਇਸ ਕਥਾ ਪੁਸਤਕ ਦੀਆਂ ਸਮੁੱਚੀਆਂ ਕਹਾਣੀਆਂ ਇਕਹਿਰੀ ਪਰਤ ਵਾਲੀਆਂ ਮੱਧ ਵਰਗੀ ਜੀਵਨ ਸ਼ੈਲੀ ਦੇ ਇਰਦ-ਗਿਰਦ ਘੁੰਮਦੀਆਂ ਹਨ।ਉਘੇ ਲੋਕਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਕਹਾਣੀਆਂ ਦੇ ਵਿਸ਼ੇ ’ਤੇ ਸ਼ਬਦਾਵਲੀ ਦੇ ਨਾਲ-ਨਾਲ ਕਹਾਣੀ ਦੀ ਬਣਤਰ ਤੇ ਬੁਣਤਰ ਵਿਸ਼ੇਸ਼ ਧਿਆਨ ਮੰਗਦੀ ਹੈ, ਜਿਸ ਰਾਹੀਂ ਲੇਖਕ ਕਹਾਣੀ ਵਿਚ ਕਥਾ ਰਸ ਪਾਠਕਾਂ ਤੀਕ ਪੁਚਾਉਣ ਵਿਚ ਕਾਮਯਾਬ ਹੁੰਦਾ ਹੈ।ਡਾ. ਇਕਬਾਲ ਕੌਰ ਸੌਂਧ ਨੇ ਕਿਹਾ ਕਿ ਇਨ੍ਹਾਂ ਕਹਾਣੀਆਂ ਦੇ ਪਾਤਰ ਪਿੰਡ ਤੋਂ ਸ਼ਹਿਰ ਵੱਲ ਗਤੀ ਕਰਦਿਆਂ ਅਰਧ ਸ਼ਹਿਰੀ ਭਾਸ਼ਾ ਅਤੇ ਸਭਿਆਚਾਰ ਦੇ ਵਿਚਾਲੇ ਖਲੋਤੇ ਜ਼ਿੰਦਗੀ ਦੀਆਂ ਲੋੜਾਂ-ਥੁੜ੍ਹਾਂ ਤਲਾਸ਼ਦੇ ਹਨ।ਸ਼੍ਰੋਮਣੀ ਸ਼ਾਇਰ ਅਜਾਇਬ ਸਿੰਘ ਹੁੰਦਲ ਨੇ ਸਮੁੱਚੀ ਚਰਚਾ ਨੂੰ ਕੇਂਦਰ ਵਿਚ ਰੱਖ ਕੇ ਕਿਹਾ ਕਿ ਲੇਖਕ ਨੂੰ ਆਪਣੀ ਗੱਲ ਕਹਿਣ ਵੇਲੇ ਹੋਰ ਚੇਤੰਨ ਹੋਣ ਦੀ ਲੋੜ ਹੈ।ਨਿਰਮਲ ਅਰਪਣ ਅਤੇ ਪ੍ਰੋ. ਸਤਨਾਮ ਰੰਧਾਵਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਬੇਸ਼ਕ ਇਨ੍ਹਾਂ ਕਹਾਣੀਆਂ ਦੀ ਭਾਸ਼ਾ ਸ਼ੈਲੀ ਸ਼ਾਇਰਾਨਾ ਅੰਦਾਜ਼ ਵਿਚ ਹੈ, ਪਰ ਫਿਰ ਵੀ ਕਹਾਣੀਆਂ ਗਲਪੀ ਬਿੰਬ ਉਸਾਰਨ ਵਿਚ ਸਫਲ ਹੋਈਆਂ ਹਨ।ਪੁਸਤਕ ਦੇ ਲੇਖਕ ਡਾ. ਕਾਬਲ ਸਿੰਘ ਸੰਧੂ ਨੇ ਵਿਦਵਾਨਾਂ ਦੀ ਰਾਏ ਨੂੰ ਖਿੜੇ ਮੱਥੇ ਸਵੀਕਾਰਦਿਆਂ ਕਿਹਾ ਕਿ ਅੱਜ ਦੀ ਵਿਚਾਰ-ਚਰਚਾ ਉਸ ਲਈ ਊਰਜਾ ਦਾ ਕੰਮ ਦੇਵੇਗੀ।
ਹੋਰਨਾਂ ਤੋਂ ਇਲਾਵਾ ਪ੍ਰੋ: ਅਤੈ ਸਿੰਘ, ਡਾ. ਜਗਦੀਸ਼ ਸਚਦੇਵਾ, ਧਰਵਿੰਦਰ ਔਲਖ, ਮਨਮੋਹਨ ਸਿੰਘ ਢਿੱਲੋਂ, ਜਗਤਾਰ ਗਿੱਲ, ਵਿਪਨ ਗਿੱਲ, ਕਲਿਆਣ ਅੰਮ੍ਰਿਤਸਰੀ, ਜਸਬੀਰ ਸਿੰਘ ਸੱਗੂ, ਇੰਦਰੇਸ਼ ਮੀਤ, ਬਲਵਿੰਦਰ ਝਬਾਲ, ਮਨਮੋਹਨ ਬਾਸਰਕੇ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਡਾ. ਮਧੂ ਭਾਸਕਰ ਅਤੇ ਹਰਮੀਤ ਆਰਟਿਸਟ ਤੋਂ ਇਲਾਵਾ ਵੱਡੀ ਗਿਣਤੀ `ਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply