ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੁੱਖ ਸੈਮੀਨਾਰ ਹਾਲ ਵਿਖੇ ਅੱਜ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੂੰ ਸਨਮਾਨਿਤ ਕੀਤਾ। ਇਸ ਮੌਕੇ ਛੀਨਾ ਨੇ ਪ੍ਰਿੰ: ਡਾ. ਬਰਾੜ ਦੁਆਰਾ ਸਕੂਲ ’ਚ ਨਿਭਾਈਆਂ ਗਈਆਂ ਮਹੱਤਵਪੂਰਨ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਇਕ ਸੁਲਝੇ ਹੋਏ ਮਿਹਨਤੀ ਅਤੇ ਨਿਪੁੰਨ ਪ੍ਰਿੰਸੀਪਲ ਦੱਸਿਆ।
ਮੈਨੇਜ਼ਮੈਂਟ ਦੁਆਰਾ ਆਯੋਜਿਤ ਵਿਦਾਇਗੀ ਪਾਰਟੀ ਮੌਕੇ ਛੀਨਾ ਨੇ ਕਿਹਾ ਕਿ ਡਾ. ਬਰਾੜ ਆਪਣੇ ਕਾਰਜਕਾਲ ਦੌਰਾਨ ਸਕੂਲ ਨੂੰ ਸਿਖ਼ਰਾਂ ’ਤੇ ਲਿਜਾਉਣ ਲਈ ਹਮੇਸ਼ਾਂ ਹੀ ਯਤਨਸ਼ੀਲ ਰਹੇ। ਉਨ੍ਹਾਂ ਕਿਹਾ ਕਿ ਡਾ. ਬਰਾੜ ਨੇ ਸਕੂਲ ਪ੍ਰਿੰਸੀਪਲ ਵਜੋਂ ਸੰਨ 2009 ਨੂੰ ਆਪਣਾ ਅਹੁੱਦਾ ਸੰਭਾਲਿਆ, ਜਿਸ ਉਪਰੰਤ ਪਿਛਲੇ 8 ਸਾਲਾਂ ’ਚ ਸਕੂਲ ਨੇ ਜਿੱਥੇ ਵਿੱਦਿਆ ’ਚ ਸ਼ਾਨਦਾਰ ਉਪਲਬੱਧੀਆਂ ਹਾਸਲ ਕੀਤੀਆਂ, ਉੱਥੇ ਉਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਹੋਰਨਾਂ ਖੇਤਰਾਂ ’ਚ ਵੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਕੇ ਸਕੂਲ ਤੇ ਮਾਤਾ-ਪਿਤਾ ਦੇ ਨਾਮ ਨੂੰ ਚਮਕਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਸਮੂਹ ਅਮਲੇ ਨੂੰ ਡਾ. ਬਰਾੜ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰ ਦਿਆਂ ਉਨ੍ਹਾਂ ਦੇ ਦੱਸੇ ਮਾਰਗ ਦਰਸ਼ਕ ’ਤੇ ਚੱਲਦਿਆਂ ਸਕੂਲ ਨੂੰ ਹੋਰ ਵੀ ਬੁਲੰਦੀਆਂ ’ਤੇ ਪਹੁੰਚਾਉਣ ਦਾ ਅਹਿਦ ਕਰਨਾ ਚਾਹੀਦਾ ਹੈ।
ਇਸ ਮੌਕੇ ਮੈਨੇਜ਼ਮੈਂਟ ਵੱਲੋਂ ਵਧੀਕ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਜੁਆਇੰਟ ਸਕੱਤਰ ਗੁਨਬੀਰ ਸਿੰਘ, ਅਜ਼ਮੇਰ ਸਿੰਘ ਹੇਰ, ਸੁਖਦੇਵ ਸਿੰਘ ਅਬਦਾਲ ਨੇ ਆਪਣੇ ਭਾਸ਼ਣ ਰਾਹੀਂ ਡਾ. ਬਰਾੜ ਦੀਆਂ ਸੇਵਾਵਾਂ ਨੂੰ ਸਲਾਹਿਆ ਅਤੇ ਆਉਣ ਵਾਲੇ ਸਮੇਂ ਦੀਆਂ ਉਨ੍ਹਾਂ ਨੂੰ ਸ਼ੁਭਇੱਛਾਵਾਂ ਦਿੱਤੀਆਂ।
ਇਸ ਮੌਕੇ ਡਾ. ਬਰਾੜ ਨੇ ਕਿਹਾ ਕਿ ਸਰਵਉੱਚ ਵਿੱਦਿਅਕ ਸੰਸਥਾ ਦੀ ਮੈਨੇਜ਼ਮੈਂਟ ਤੋਂ ਵਿਦਾ ਲੈਣ ’ਤੇ ਮਨ ਭਰ ਆਇਆ ਹੈ ਪਰ ਸੰਸਾਰ ਦੇ ਨਿਯਮ ਨੂੰ ਬਦਲਿਆ ਨਹੀਂ ਜਾ ਸਕਦਾ ਹੈ ਅਤੇ ਸਮੇਂ-ਸਮੇਂ ਹਰੇਕ ਨੂੰ ਇਸ ਅਹੁਦੇ ਲਈ ਸੇਵਾਵਾਂ ਨਿਭਾਉਣ ਦਾ ਅਵਸਰ ਦੇਣਾ ਹੀ ਚਾਹੀਦਾ ਹੈ। ਡਾ. ਬਰਾੜ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਬਹੁਤ ਵਧੀਆ ਮੈਨੇਜ਼ਮੈਂਟ ਹੇਠ ਸੇਵਾਵਾਂ ਨਿਭਾਈਆਂ ਅਤੇ ਉਹ ਛੀਨਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਕੂਲ ਨੂੰ ਸਿਖ਼ਰਾਂ ’ਤੇ ਲਿਜਾਣ ਲਈ ਸਮੇਂ-ਸਮੇਂ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਡਾ. ਬਰਾੜ ਨੇ ਕਿਹਾ ਕਿ ਉਹ ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਬਿਤਾਏ ਸਮੇਂ ਨੂੰ ਹਮੇਸ਼ਾਂ ਯਾਦ ਰੱਖਣਗੇ ਅਤੇ ਕਈ ਅਜਿਹੀਆਂ ਅਭੁੱਲ ਯਾਦਾਂ ਉਨ੍ਹਾਂ ਜ਼ਿੰਦਗੀ ’ਚ ਸੁਨਿਹਰੀ ਰਹਿਣਗੀਆਂ।
ਇਸ ਮੌਕੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਡਾ. ਸੁਖਬੀਰ ਕੌਰ ਮਾਹਲ, ਖ਼ਾਲਸਾ ਕਾਲਜ ਆਫ਼ ਲਾਅ ਪ੍ਰਿੰ: ਡਾ. ਜਸਪਾਲ ਸਿੰਘ, ਪ੍ਰਿੰ: ਤਜਿੰਦਰ ਕੌਰ ਬਿੰਦਰਾ, ਪ੍ਰਿੰ: ਗੁਰਿੰਦਰਜੀਤ ਕੰਬੋਜ਼, ਅੰਡਰ ਸੈਕਟਰੀ ਡੀ. ਐੱਸ. ਰਟੌਲ, ਵਾਈਸ ਪ੍ਰਿੰਸੀਪਲ ਕਵਲਜੀਤ ਕੌਰ, ਕੁਲਜੀਤ ਕੋਛੜ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media