Wednesday, March 18, 2026

ਡਿਜੀਟਲ ਲੈਣ-ਦੇਣ ਅਜੋਕੇ ਸਮੇਂ ਦੀ ਜ਼ਰੂਰਤ – ਈਸ਼ਾ ਕਾਲੀਆ

PPN3103201723ਫਾਜ਼ਿਲਕਾ, 31 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ)- ਡਿਜ਼ੀਟਲ ਮੋਡ ਰਾਹੀਂ ਵਿੱਤੀ ਲੈਣ-ਦੇਣ ਕਰਨਾ ਸਮੇਂ ਦੀ ਜ਼ਰੂਰਤ ਹੈ। ਇਸ ਲਈ ਹੁਣ ਹਰ ਮਨੁੱਖ ਨੂੰ ਆਪਣੇ ਵਿੱਤੀ ਲੈਣ-ਦੇਣ ਵਿਚ ਪਰਦਾਰਸ਼ਤਾ ਲਿਆਉਣੀ ਜ਼ਰੂਰੀ ਹੈ ਅਤੇ ਪਿੰਡ ਬੰਨਵਾਲਾ ਹਨੂੰਵੰਤਾ ਨੂੰ ਪੂਰੀ ਤਰ੍ਹਾਂ ਕੈਸ਼ਲੈੱਸ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਪਿੰਡ ਬਨਵਾਲਾ ਹਨੂੰਵੰਤਾ ਵਿਖੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਲਗਾਏ ਗਏ ਕੈਂਪ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਨ ਮੌਕੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖ-ਵੱਖ ਡਿਜੀਟਲ ਢੰਗਾਂ ਨਾਲ ਆਪਣੇ ਪੈਸੇ ਦਾ ਲੈਣ-ਦੇਣ ਕੀਤਾ ਜਾ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਹਨਾਂ ਦੀ ਜਾਣਕਾਰੀ ਸਾਨੂੰ ਸਭ ਨੂੰ ਹੋਵੇ। ਇਸ ਮੌਕੇ ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਕਿ ਹਰ ਪਿੰਡ ਵਾਸੀ ਇੰਨ੍ਹਾਂ ਡਿਜੀਟਲ ਢੰਗਾਂ ਦੀ ਜਾਣਕਾਰੀ ਪ੍ਰਾਪਤ ਕਰੇ ਅਤੇ ਅੱਗੇ ਤੋਂ ਅੱਗੇ ਇਸ ਜਾਣਕਾਰੀ ਨੂੰ ਪੁੱਜਦਾ ਕਰੇ। ਇਸ ਮੌਕੇ ਉਨ੍ਹਾਂ ਪਿੰਡ ਵਿਚ ਇਕ ਡਿਜੀਟਲ ਕੈਸ਼ਲੈੱਸ ਆਰਮੀ ਦਾ ਗਠਨ ਕੀਤਾ ਅਤੇ ਇਸ ਟੀਮ ਦੇ ਨੌਜਵਾਨ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਹਰ ਨਾਗਰਿਕ ਨੂੰ ਡਿਜੀਟਲ ਲੈਣ-ਦੇਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣ ਤਾਂ ਕਿ ਕਿਸੇ ਨੂੰ ਵੀ ਕਿਸੇ ਵੀ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪਿੰਡ ਦੇ ਬੱਚਿਆਂ ਵਿਸ਼ੇਸ਼ ਕਰਕੇ ਲੜਕੀਆਂ ਨੂੰ ਸਿੱਖਿਅਤ ਕਰਨ। ਉਨ੍ਹਾਂ ਗਰੀਬ ਵਿਦਿਆਰਥੀਆਂ ਨੂੰ ਰੈੱਡ ਕਰਾਸ ਦੁਆਰਾ ਸਹਾਇਤਾ ਦਿੱਤੇ ਜਾਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਪਿੰਡ ਵਿਚ ਸਵੱਛਤਾ ਅਭਿਆਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਸੱਦਾ ਦਿੰਦਿਆਂ ਪਿੰਡ ਦੀਆਂ ਸਾਂਝੀਆਂ ਥਾਵਾਂ ਦੀ ਸਾਫ਼-ਸਫ਼ਾਈ ਕਰਨ ਲਈ ਪ੍ਰੇਰਿਤ ਕੀਤਾ।
ਇਸ ਕੈਂਪ ਦੌਰਾਨ ਐਲ.ਡੀ.ਐਮ. ਪਰਮਜੀਤ ਕੋਚਰ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕੈਸ਼ਲੈੱਸ ਮੁਹਿੰਮ ਸਬੰਧੀ ਜਾਣਕਾਰੀ ਦਿੱਤੀ। ਸੁਭਾਸ਼ ਡੋਡਾ ਵਿੱਤੀ ਸਖਾਰਤਾ ਸਲਾਹਕਾਰ ਨੇ ਸਮੂਹ ਪਿੰਡ ਵਾਸੀਆਂ ਨੂੰ ਆਪਣੇ ਬੈਂਕ ਖਾਤਿਆਂ ਨੂੰ ਆਧਾਰ ਨੰਬਰ ਅਤੇ ਮੋਬਾਈਲ ਨੰਬਰ ਨਾਲ ਜੋੜ ਕੇ ਮੋਬਾਈਲ ਦੁਆਰਾ ਰੋਜ਼ਾਨਾ ਦੇ ਲੈਣ ਦੇਣ ਲਈ ਉਤਸ਼ਾਹਿਤ ਕੀਤਾ। ਸੁਨੀਲ ਸ਼ਰਮਾ ਸਾਖਰਤਾ ਸਲਾਹਕਾਰ ਕੋ-ਅਪਰੇਟਿਵ ਬੈਂਕ ਨੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤੋਂ ਇਲਾਵਾ ਸੁਰੱਖਿਆ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਇਸ ਮੌਕੇ ਸੰਗਮ ਕੰਪਿਊਟਰ ਦੇ ਸੰਚਾਲਕ ਰਜਤ ਲੂਨਾ ਨੇ ਭੀਮ ਐਪ ਅਤੇ ਯੂਐਸਡੀ 99 ਦੇ ਬਾਰੇ ਵਿਚ ਜਾਣਕਾਰੀ ਦਿੱਤੀ। ਅਤੇ ਵਿੱਤੀ ਸਲਾਹਕਾਰ ਸਤਪਾਲ ਸੇਤੀਆ ਨੇ ਮੰਚ ਸੰਚਾਲਨ ਦੇ ਨਾਲ ਨਾਲ ਸਮੂਹ ਪਿੰਡ ਵਾਸੀਆਂ ਨੂੰ ਤੇਜੀ ਨਾਲ ਵੱਧ ਰਹੀ ਟੈਕਨਾਲੋਜੀ ਦੇ ਯੁੱਗ ਵਿਚ ਆਪਣੇ ਬੈਂਕ ਪਾਸਵਰਡ ਅਤੇ ਹੋਰ ਜਾਣਕਾਰੀ ਗੁਪਤ ਰੱਖਣ ਲਈ ਕਿਹਾ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿਚ ਪਿੰਡ ਦੇ ਸਰਪੰਚ ਅਨਿਲ ਕੁਮਾਰ, ਕੰਵਲ ਚੁਰਾਇਆ, ਅਸ਼ੋਕ ਮਲੋਹਤਰਾ, ਪਾਰਸ ਕਟਾਰੀਆ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply