Thursday, August 13, 2026

ਅਮਰੀਕਾ ’ਚ ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦੀ ਪ੍ਰੋ: ਬਡੂੰਗਰ ਵਲੋਂ ਨਿੰਦਾ

ਅੰਮ੍ਰਿਤਸਰ, 1 ਅਪ੍ਰੈਲ (ਪੰਜਾਬ ਪੋਸਟ ਗੁਰਪ੍ਰੀਤ ਸਿੰਘ)- ਸਿੱਖਾਂ ਨੇ ਆਪਣੀ ਸਖ਼ਤ ਮਿਹਨਤ ਤੇ ਯੋਗਤਾ ਕਰਕੇ ਜਿਥੇ ਵੱਖ-ਵੱਖ ਦੇਸ਼ਾਂ ਅੰਦਰ ਆਪਣੀ ਵਿਸ਼ੇਸ਼ ਪਛਾਣ ਸਥਾਪਿਤ ਕੀਤੀ ਹੈ, ਉਥੇ ਹੀ ਵੱਖ-ਵੱਖ ਦੇਸ਼ਾਂ ਦੀ ਤਰੱਕੀ ਵਿਚ ਵੀ ਜ਼ਿਕਰਯੋਗ ਹਿੱਸਾ ਪਾਇਆ ਹੈ।ਪਰ ਦੁੱਖ ਦੀ ਗੱਲ ਹੈ ਕਿ ਮਨੁੱਖੀ ਸਦਭਾਵਨਾ ਨਾਲ ਵਿਚਰਨ ਵਾਲੇ ਸਿੱਖਾਂ ਨੂੰ ਹੀ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ’ਚ ਇੱਕ ਸਿੱਖ ਡਾਕਟਰ ਨੂੰ ਫੋਨ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ ਦਾ ਮਾਮਲਾ ਸਾਹਮਣੇ ਆਉਣ ’ਤੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਇਥੋਂ ਤੀਕ ਕਿ ਕਈ ਥਾਵਾਂ ’ਤੇ ਤਾਂ ਸਿੱਖਾਂ ਉਤੇ ਜਿਸਮਾਨੀ ਹਮਲੇ ਵੀ ਹੋਏ ਹਨ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਵਿਦੇਸ਼ਾਂ ਅੰਦਰ ਵਿਚਰਦਿਆਂ ਸਿੱਖ ਆਪਣੇ ਸੁਭਾਅ ਅਤੇ ਕਿਰਤ ਸੱਭਿਆਚਾਰ ਦੇ ਅਮੀਰ ਗੁਣ ਕਾਰਨ ਉਚ ਮੁਕਾਮ ’ਤੇ ਪਹੁੰਚ ਕੇ ਆਪਣੀ ਯੋਗਤਾ ਦਾ ਸਿੱਕਾ ਮਨਵਾ ਰਹੇ ਹਨ, ਲੇਕਿਨ ਦੂਜੇ ਪਾਸੇ ਸਿੱਖਾਂ ’ਤੇ ਹੁੰਦੇ ਨਸਲੀ ਹਮਲੇ ਚਿੰਤਾ ਪੈਦਾ ਕਰਦੇ ਹਨ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਦੇਸ਼ਾਂ ਅੰਦਰ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕੇ ਜਾਣ ਤਾਂ ਜੋ ਸਿੱਖ ਇਸ ਕੌਮਾਂਤਰੀ ਸਮੱਸਿਆ ਤੋਂ ਮੁਕਤ ਹੋਣ ਅਤੇ ਉਨ੍ਹਾਂ ਅੰਦਰ ਬੇਗ਼ਾਨਗੀ ਦਾ ਅਕਸ ਨਾ ਪਨਪੇ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply