ਇੱਕੋ ਹੀ ਪਰਿਵਾਰ ਦੇ 2 ਮੈਂਬਰਾਂ ਦੀ ਮੌਤ `ਤੇ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ
ਧੂਰੀ, 2 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੀ ਕੱਲ ਧੂਰੀ-ਕਹੇਰੂ ਰੋਡ `ਤੇ ਸਥਿਤ ਗੁਰੂ ਨਾਨਕ ਕੋਲਡ ਸਟੋਰ ਵਿਖੇ ਵਾਪਰੇ ਭਿਆਨਕ ਹਾਦਸੇ ਵਿੱਚ ਜਿੱਥੇ ਧੂਰੀ ਦੇ ਰਹਿਣ ਵਾਲੇ ਇੱਕੋ ਹੀ ਪਰਿਵਾਰ ਦੇ 2 ਮੈਂਬਰਾਂ ਦੀ ਮੌਤ ਹੋ ਗਈ ਹੈ, ਉੱਥੇ ਹੀ ਪਿੰਡ ਜਹਾਂਗੀਰ ਦਾ ਇੱਕ ਮਜ਼ਦੂਰ ਅਤੇ ਪਿੰਡ ਸੇਖਾ ਦਾ ਰਹਿਣ ਵਾਲਾ ਇੱਕ ਕਿਸਾਨ ਵੀ ਇਸ ਹਾਦਸੇ ਦੀ ਚਪੇਟ ਵਿੱਚ ਆ ਗਿਆ।
ਇਸ ਤੋਂ ਇਲਾਵਾ ਦਰਜਨਾਂ ਲੋਕ ਇਸ ਹਾਦਸੇ ਵਿੱਚ ਫੱਟੜ ਹੋ ਗਏ ਜਿੰਨਾਂ ਨੂੰ ਇਲਾਜ਼ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।ਸਥਾਨਕ ਸਿਵਲ ਹਸਪਤਾਲ ਧੂਰੀ ਵਿਖੇ ਡਾਕਟਰਾਂ ਦੀ ਇੱਕ ਟੀਮ ਵੱਲੋਂ ਹਾਦਸੇ ਦੇ ਮ੍ਰਿਤਕਾਂ ਦਾ ਪੋਸਟ ਮਾਰਟਮ ਕੀਤਾ ਗਿਆ, ਜਿਥੇ ਮ੍ਰਿਤਕਾਂ ਦੇ ਵਾਰਸ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਪੂਰੀ ਤਰਾਂ੍ਹ ਹਾਲੋਂ-ਬੇਹਾਲ ਦਿਖਾਈ ਦੇ ਰਹੇ ਸਨ।
ਇਸ ਭਿਆਨਕ ਹਾਦਸੇ ਵਿੱਚ ਮਾਰੇ ਗਏ ਧੂਰੀ ਦੇ ਪਰਮਜੀਤ ਸਿੰਘ ਉਰਫ ਪੱਪੀ ਦੀ ਵੱਡੀ ਲੜਕੀ ਬਬਲੀ ਕੌਰ ਨੇੇ ਦੱਸਿਆ ਕਿ ਉਸ ਦਾ ਪਿਤਾ ਕੋਲਡ ਸਟੋਰ ਵਿਖੇ ਲਗਭਗ ਪਿਛਲੇ 10 ਸਾਲਾਂ ਤੋਂ ਬਤੌਰ ਫੋਰਮੈਨ ਕੰਮ ਕਰਦਾ ਸੀ ਅਤੇ ਉਸ ਦਾ ਭਰਾ ਰਾਜਨ ਕੁਮਾਰ ਵੀ ਇਸ ਕੋਲਡ ਸਟੋਰ ਵਿੱਚ ਤਕਰੀਬਨ 1 ਮਹੀਨੇ ਪਹਿਲਾਂ ਤੋਂ ਹੀ ਆਲੂਆਂ ਦੀਆਂ ਬੋਰੀਆਂ `ਤੇ ਮਾਰਕੇ ਲਗਾਉਣ ਦੇ ਕੰਮ ਉੱਪਰ ਲੱਗਾ ਸੀ । ਬਬਲੀ ਕੌਰ ਨੇ ਅੱਗੇ ਦੱਸਿਆ ਕਿ ਹੁਣ ਉਸ ਦੇ ਭਰਾ ਅਤੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਉਸ ਦੀ ਮਾਂ ਅਤੇ ਇੱਕ ਛੋਟੀ ਭੈਣ ਜੋ ਅਜੇ ਕੁਆਰੀ ਹੈ, ਹੀ ਰਹਿ ਗਈਆਂ ਹਨ ਅਤੇ ਪਰਿਵਾਰ ਵਿੱਚ ਇਸ ਵੇੇਲੇ ਕਿਸੇ ਪ੍ਰਕਾਰ ਦੀ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ ਹੈ।
ਪਿੰਡ ਜਹਾਂਗੀਰ ਦੇ ਰਹਿਣ ਵਾਲੇ ਮ੍ਰਿਤਕ ਪਿੰਟੂ ਸਿੰਘ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਪਿੰਟੂ ਸਿੰਘ ਜੋ ਕਰੀਬ 28 ਸਾਲ ਦਾ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਕੋਲਡ ਸਟੋਰ ਵਿੱਚ ਮਜ਼ਦੂਰੀ ਦਾ ਕੰਮ ਕਰਦਾ ਸੀ, ਵੀ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਲੜਕਾ-ਲੜਕੀ ਛੱਡ ਗਿਆ ਹੈ, ਜਿਸ ਕਾਰਨ ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ। ਇਸ ਹਾਦਸੇ ਦੇ ਸ਼ਿਕਾਰ ਪਿੰਡ ਸੇਖਾ ਦੇ ਰਹਿਣ ਵਾਲੇ ਕਿਸਾਨ ਗੁਰਮੀਤ ਸਿੰਘ ਦੇ ਸਾਥੀ ਵੱਲੋਂ ਦੱਸਿਆ ਗਿਆ ਕਿ ਗੁਰਮੀਤ ਸਿੰਘ ਨੇ ਆਪਣੇ ਆਲੂਆਂ ਦੀ ਟਰਾਲੀ ਮਾਲੇਰਕੋਟਲਾ ਦੇ ਕਿਸੇ ਵਪਾਰੀ ਨੂੰ ਵੇਚੀ ਹੋਈ ਸੀ, ਜਿਸ ਨੂੰ ਕੋਲਡ ਸਟੋਰ ਵਿੱਚ ਉਤਾਰਣ ਲਈ ਉਹ ਇੱਥੇ ਆਏ ਸਨ। ਉਹਨਾਂ ਦੱਸਿਆ ਕਿ ਅਜੇ ਕੋਲਡ ਸਟੋਰ ਵਿੱਚ ਉਹਨਾਂ ਤੋਂ ਪਹਿਲਾਂ ਇੱਕ ਟਰਾਲੀ ਜੋ ਆਲੂ ਉਤਾਰ ਚੁੱਕੀ ਸੀ, ਅਜੇ ਮੁੜਣ ਹੀ ਲੱਗੀ ਸੀ ਅਤੇ ਉਨਾਂ ਆਪਣੀ ਟਰਾਲੀ ਵਿੱਚੋਂ ਆਲੂਆਂ ਦੀ ਭਰੀ ਇੱਕ ਬੋਰੀ ਹੀ ਉਤਾਰੀ ਸੀ ਕਿ ਧਮਾਕਾ ਹੋਣ ਦੀ ਅਵਾਜ਼ ਸੁਣਾਈ ਦਿੱਤੀ ਅਤੇ ਇਸ ਦੌਰਾਨ ਧੁੰਦ ਵਾਲੀ ਸਥਿਤੀ ਬਣ ਗਈ, ਹਰ ਤਰਫ ਸੰਨਾਟਾ ਛਾ ਗਿਆ ਅਤੇ ਦਰਦਨਾਕ ਚੀਕਾਂ ਸੁਣਾਈ ਦੇਣ ਲੱਗੀਆਂ। ਉਹਨਾ ਦੱਸਿਆ ਕਿ ਮ੍ਰਿਤਕ ਕਿਸਾਨ ਗੁਰਮੀਤ ਸਿੰਘ ਉਸ ਦਾ ਨੇੜਲਾ ਰਿਸ਼ਤੇਦਾਰ ਸੀ ਅਤੇ ਇਸ ਹਾਦਸੇ ਸਮੇਂ ਉਹ ਉਸ ਦੇ ਨਾਲ ਹੀ ਸੀ।ਸਥਾਨਕ ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ਓ ਡਾ. ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਪ੍ਰਭਸਿਮਰਨ ਦੀ ਅਗੁਵਾਈ ਵਿੱਚ ਬਣੇ ਮੈਡੀਕਲ ਬੋਰਡ ਵੱਲੋਂ ਇਸ ਹਾਦਸੇ ਵਿੱਚ ਮਾਰੇ ਗਏ ਚਾਰੋਂ ਵਿਅਕਤੀਆਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕੀਤਾ ਜਾ ਚੁੱਕਾ ਹੈ।ਪਿੰਡ ਸੇਖਾ ਦੇ ਗੁਰਮੀਤ ਸਿੰਘ ਦੀ ਲਾਸ਼ ਨੂੰ ਉਸ ਦੇ ਵਾਰਸ ਲਿਜਾ ਚੁੱਕੇ ਸਨ ਅਤੇ ਜਹਾਂਗੀਰ ਦੇ ਰਹਿਣ ਵਾਲੇ ਮਿੰਟੂ ਸਿੰਘ ਦਾ ਅੰਤਿਮ ਸੰਸਕਾਰ ਵੀ ਕੀਤਾ ਜਾ ਚੁੱਕਾ ਹੈ ਅਤੇ ਧੂਰੀ ਦੇ ਦੋਵੇਂ ਮ੍ਰਿਤਕਾਂ ਦੇ ਰਿਸ਼ਤੇਦਾਰ ਸਿਵਲ ਹਸਪਤਾਲ ਵਿਖੇ ਲਾਸ਼ਾਂ ਲੈਣ ਲਈ ਇੰਤਜ਼ਾਰ ਕਰ ਰਹੇ ਸਨ।
ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਵਿੱਚੋਂ ਡੀ.ਐਮ.ਸੀ ਲੂਧਿਆਣਾ ਵਿਖੇ ਰੈਫਰ ਕੀਤੇ ਗਏ ਜ਼ਖਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।ਵਰਣਨਯੋਗ ਹੈ ਕਿ ਗੁਰੂ ਨਾਨਕ ਕੋਲਡ ਸਟੋਰ ਦਾ ਮਾਲਕ ਸੁਖਦੇਵ ਸਿੰਘ ਕਾਹਲੋਂ ਅਤੇ ਉਸ ਦਾ ਪਰਿਵਾਰ ਜੋ ਕਿ ਅਮੋਨੀਆ ਦੀ ਲੀਕ ਹੋਈ ਗੈਸ ਦੀ ਚਪੇਟ ਵਿੱਚ ਆ ਗਏ ਸੀ, ਸਾਰੇ ਹੀ ਲੂਧਿਆਣਾ ਵਿਖੇ ਜੇਰੇ ਇਲਾਜ਼ ਦਾਖਲ ਹਨ।ਥਾਣਾ ਸਿਟੀ ਧੂਰੀ ਦੇ ਐਸ.ਐਚ.ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਵੱਲੋਂ ਗੁਰੂ ਨਾਨਕ ਕੋਲਡ ਸਟੋਰ ਦੇ ਮਾਲਕਾਂ ਖਿਲਾਫ ਅਣਗਹਿਲੀ ਦੇ ਮਾਮਲੇ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਸ਼ਹਿਰ ਧੂਰੀ ਅਤੇ ਨੇੜਲੇ ਇਲਾਕੇ ਅੰਦਰ ਇਸ ਦਰਦਨਾਕ ਅਤੇ ਮੰਦਭਾਗੀ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਫੈਲੀ ਹੋਈ ਹੈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media