Thursday, June 11, 2026

ਅੰਮ੍ਰਿਤਸਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਾਣ ਦਾ ਬਨਾਉਣ ਲਈ ਔਜਲਾ ਨੇ ਕੀਤਾ ਆਗਾਜ਼

PPN0304201717
ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਤੋਂ ਨੌਜਵਾਨ ਸੰਸਦ ਮੈਂਬਰ  ਗੁਰਜੀਤ ਸਿੰਘ ਔਜਲਾ ਨੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਹਾਣ ਦਾ ਬਨਾਉਣ ਲਈ ਕਮਰ ਕੱਸ ਲਈ ਹੈ।ਬੀਤੇ ਦਿਨੀਂ ਕੇਂਦਰੀ ਮੰਤਰੀ ਨਵੀਂ ਦਿੱਲੀ ਵਿਖੇ ਇਹ ਮੁੱਦਾ ਉਠਾ ਕੇ ਪਰਤੇ ਸੰਸਦ ਮੈਂਬਰ  ਔਜਲਾ ਨੇ ਅੱਜ ਹਵਾਈ ਅੱਡਾ ਸਲਹਕਾਰ ਕਮੇਟੀ ਦੀ ਬਤੌਰ ਚੇਅਰਮੈਨ ਪਲੇਠੀ ਮੀਟਿੰਗ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦੇ ਉਨਾਂ ਸਪੱਸ਼ਟ ਕੀਤਾ ਕਿ ਗੁਰੂ ਰਾਮ ਦਾਸ ਜੀ ਦੀ ਵਸਾਈ ਇਸ ਪਵਿੱਤਰ ਨਗਰੀ ਵਿਚ ਆਉਣ ਵਾਲਾ ਹਰ ਵਿਅਕਤੀ ਵੱਡੀ ਸ਼ਰਧਾ ਨਾਲ ਹੀ ਇੱਥੇ ਆਉਂਦਾ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਸਦੀ ਸੇਵਾ ਲਈ ਤਿਆਰ ਰਹੀਏ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿਚ ਇਸ ਵੇਲੇ ਜੇਕਰ ਕੋਈ ਸਨਅਤ ਬਚੀ ਹੈ ਤਾਂ ਉਹ ਵੀ ਹੋਟਲ ਸਨਅਤ ਹੀ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਨਵੀਂ ਸਨਅਤ ਲਗਾਉਣ ਵੱਲ ਭੱਜਣ ਨਾਲੋਂ ਪਹਿਲਾਂ ਇਸ ਸਨਅਤ ਨੂੰ ਬਚਾਈਏ ਅਤੇ ਵਾਧੇ ਵੱਲ ਲੈ ਕੇ ਜਾਈਏ।ਇਸ ਲਈ ਸਾਨੂੰ ਅੰਤਰਰਾਸ਼ਟਰੀ ਪੱਧਰ ਦੇ ਹਵਾਈ ਅੱਡੇ ਦੀ ਲੋੜ ਹੈ। ਉਨਾਂ ਦੱਸਿਆ ਕਿ ਛੇਤੀ ਹੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਸਿੱਧੀ ਉਡਾਨ ਚਾਲੂ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਨੇ ਸਲਾਨਾ 15 ਲੱਖ ਤੋਂ ਵੱਧ ਸ਼ਰਧਾਲੂਆਂ ਦਾ ਟੀਚਾ ਪੂਰਾ ਕਰ ਲਿਆ ਹੈ, ਜਿਸ ਕਾਰਨ ਇਸ ਨੂੰ ਛੇਤੀ ਹੀ ਦੇਸ਼ ਦੇ ਪ੍ਰਮੁੱਖ ਹਵਾਈ ਅੱਡੇ ਦਾ ਦਰਜਾ ਮਿਲ ਜਾਵੇਗਾ। ਇਸ ਲਈ ਅਸੀਂ ਇੱਥੇ ਐਰੋ ਬ੍ਰਿਜ, ਕਨਵੇਅਰ  ਬੈਲਟ, ਏ.ਟੀ.ਐਮ, ਮਲਟੀ ਲੈਵਲ ਪਾਰਕਿੰਗ, ਬਿਜਨੈਸ ਲਾਂਜ ਅਤੇ ਆਮ ਯਾਤਰੀਆਂ ਲਈ ਉਡੀਕ ਘਰ ਬਨਾਉਣ ਜਾ ਰਹੇ ਹਾਂ। ਉਨਾਂ ਦੱਸਿਆ ਕਿ ਮੈਂ ਹਾਲ ਹੀ ਵਿਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੋਲ ਇੱਥੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਨ ਅਤੇ ਮਾਲ ਲੈ ਜਾ ਸਕਣ ਦੀ ਸਮਰੱਥਾ ਵਾਲੇ ਵੱਡੇ ਹਵਾਈ ਜਹਾਜ਼ ਦੇਣ ਦਾ ਮੁੱਦਾ ਉਠਾਇਆ ਸੀ, ਜਿਸ ਨੂੰ ਉਨਾਂ ਗੰਭੀਰਤਾ ਨਾਲ ਲੈਂਦੇ ਹੋਏ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਨਾਦੇੜ ਹਵਾਈ ਅੱਡੇ ਵਾਸਤੇ ਇਥੋਂ ਉਡਾਨ ਸ਼ੁਰੂ ਕਰਨ ਦੀ ਯੋਜਨਾ ਕਈ ਹਵਾਈ ਕੰਪਨੀਆਂ ਨੇ ਉਲੀਕੀ ਹੈ, ਪਰ ਨਾਦੇੜ ਦੀ ਹਵਾਈ ਪੱਟੀ ਖਰਾਬ ਹੋਣ ਕਾਰਨ ਫਿਲਹਾਲ ਉਡਾਨਾਂ ਰੋਕੀਆਂ ਹੋੋਈਆਂ ਹਨ, ਅਤੇ ਜਦੋਂ ਹੀ ਉਥੇ ਹਵਾਈ ਪੱਟੀ ਠੀਕ ਹੋਈ, ਇਥੋਂ ਸਿੱਧੀ ਉਡਾਨ ਨਾਦੇੜ ਲਈ ਜਾਵੇਗੀ।
ਔਜਲਾ ਨੇ ਦੱਸਿਆ ਕਿ ਅੰਤਰਰਾਸ਼ਟਰੀ ਯਾਤਰੀਆਂ ਦੀ ਸੁਰੱਖਿਆ ਲਈ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਕਰਨਾ ਵੀ ਇਕ ਮੁੱਦਾ ਹੈ, ਜਿਸ ਨੂੰ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਨਿਜੱਠ ਲਿਆ ਜਾਵੇਗਾ। ਔਜਲਾ ਨੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਕੋਲ ਖੁੱਲੀ ਥਾਂ ਹੋਣ ਕਾਰਨ ਅਸੀਂ ਇੱਥੇ ਜਹਾਜ਼ਾਂ ਦੀ ਮੁਰੰਮਤ ਲਈ ਐਮ.ਆਰ.ਓ (ਮੇਨਟੇਨਸ ਰਿਪੇਅਰ ਓਵਰਆਲ) ਸੈਂਟਰ ਖੋਲਣ ਦੀ ਮੰਗ ਵੀ ਮੰਤਰਾਲੇ ਕੋਲ ਕਰ ਰਹੇ ਹਾਂ, ਤਾਂ ਕਿ ਇਥੇ ਦੇਸ਼ ਤੋਂ ਇਲਾਵਾ ਗਵਾਂਢੀ ਦੇਸ਼ਾਂ ਦੇ ਜਹਾਜ਼ਾਂ ਦੀ ਵੀ ਮੁਰੰਮਤ ਕਰਕੇ ਸ਼ਹਿਰ ਦੀ ਆਰਥਿਕਤਾ ਨੂੰ ਲੀਹ ’ਤੇ ਪਾਇਆ ਜਾ ਸਕੇ। ਇਸ ਮੌਕੇ ਹਵਾਈ ਅੱਡੇ ਦੇ ਮੈਨੇਜਰ, ਵੱਖ-ਵੱਖ ਹਵਾਈ ਉਡਾਨਾਂ ਦੇ ਅਧਿਕਾਰੀ ਅਤੇ ਹੋਰ ਅਮਲਾ ਹਾਜ਼ਰ ਸੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply