Monday, February 2, 2026

ਵਿਰਸਾ ਵਿਹਾਰ ’ਚ ਸੁਰਮਈ ਸ਼ਾਮ – ਸ਼ਾਇਰੀ ਅਤੇ ਗਾਇਕੀ ਦੀ ਬਿਹਤਰੀਨ ਜ਼ੁਗਲਬੰਦੀ

PPN0404201717
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ)- ਵਿਰਸਾ ਵਿਹਾਰ ਵੱਲੋਂ ‘ਸ਼ਬਦ ਸੁਰ ਅਤੇ ਸੰਵਾਦ’ ਪ੍ਰੋਗਰਾਮ ਤਹਿਤ ਸੁਰਮਈ ਸ਼ਾਮ ਦਾ ਆਯੋਜਨ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਪਦਮ ਸ੍ਰੀ ਸੁਰਜੀਤ ਪਾਤਰ ਹੁਰਾਂ ਦੀ ਪ੍ਰਧਾਨਗੀ ’ਚ ਹੋਏ ਸਮਾਗਮ ’ਚ ਪ੍ਰਵਾਸੀ ਗਾਇਕ ਸੁਖਦੇਵ ਸਾਹਿਲ, ਪ੍ਰਵਾਸੀ ਸ਼ਾਇਰ ਕੁਲਵਿੰਦਰ, ਗ਼ਜ਼ਲਗੋ ਸੁਰਜੀਤ ਜੱਜ ਅਤੇ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਸਮਾਗਮ ਦਾ ਆਗਾਜ਼ ਕਰਦਿਆਂ ਸਭ ਨੂੰ ਜੀ ਆਇਆ ਕਿਹਾ ਡਾ. ਜਗਦੀਸ਼ ਸਚਦੇਵਾ ਨੇ ਮੰਚ ਸੰਚਾਲਨ ਕਰਦਿਆਂ ਆਏ ਮਹਿਮਾਨਾਂ ਦੀ ਜਾਣ ਪਛਾਣ ਕਰਵਾਈ। ਇਸ ਸ਼ਾਇਰਾਨਾ ਮਹਿਫ਼ਲ ਦੇ ਅਗਾਜ਼ ’ਚ ਬੋਲਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਗਾਇਕੀ ਬੰਦੇ ਦੇ ਰੂਹ ਦੀ ਖ਼ੁਰਾਕ ਹੈ। ਅੱਜ ਦੇ ਸਮੇਂ ਵਿੱਚ ਦੌੜ ਭੱਜ ਤੇ ਤਲਖੀ ਭਰਪੂਰ ਮਾਨਵੀ ਜੀਵਨ ਸ਼ੈਲੀ ਨੂੰ ਤ੍ਰਿਪਤ ਕਰਨ ਲਈ ਜਰੀਆ ਹੈ। ਉਹਨਾਂ ਸਾਈ ਬੁੱਲ੍ਹੇ ਸ਼ਾਹ ਤੇ ਹੋਰ ਸੂਫ਼ੀ ਸੰਵਾਦ ਦੇ ਹਵਾਲੇ ਨਾਲ ਕਿਹਾ ਕਿ ਸ਼ਾਇਰੀ ਬੰਦੇ ਦੇ ਵਜ਼ੂਦ ਵਿਚੋਂ ਹੀ ਪੈਦਾ ਹੁੰਦੀ ਹੈ। ਅਮਰੀਕਾ ਵਿੱਚ ਵਸਦੇ ਉੱਚੀ ਸੁਰ ’ਚ ਗਾਉਣ ਵਾਲੇ ਪ੍ਰਵਾਸੀ ਸ਼ਾਇਰ ਸੁਖਦੇਵ ਸਾਹਿਲ ਨੇ ਬੁੱਲ੍ਹੇ ਸ਼ਾਹ ਦੀ ਕਾਫ਼ੀ ‘ਆਖੋ ਨੀ ਮੈਨੈ ਧੀਦੋ ਰਾਂਝਾ’ ਨਾਲ ਆਪਣੀ ਪੁਖਤਾ ਗਾਇਕੀ ਦੀ ਸ਼ੁਰੂਆਤ ਕਰਦਿਆਂ ਵੱਖ-ਵੱਖ ਸ਼ਾਇਰਾਂ ਦੀਆਂ ਬੇਹਤਰੀਨ ਗ਼ਜ਼ਲਾਂ ਅਤੇ ਨਜ਼ਮਾਂ ਨੂੰ ਤਰਨਮ ’ਚ ਪੇਸ਼ ਕਰਕੇ ਸੁਰਮਈ ਸ਼ਾਮ ਦੀ ਮਹਿਫ਼ਲ ਨੂੰ ਸਿਖਰ ਤੇ ਪਹੁਚਾਇਆ।
ਸਮਾਗਮ ਨੂੰ ਅੱਗੇ ਤੋਰਦਿਆਂ ਪ੍ਰਵਾਸੀ ਸ਼ਾਇਰ ਕੁਲਵਿੰਦਰ ਗ਼ਜ਼ਲਗੋ ਸੁਰਜੀਤ ਜੱਜ ਅਤੇ ਸੁਖਵਿੰਦਰ ਅਮ੍ਰਿਤ ਨੇ ਵੀ ਆਪੋ-ਆਪਣੀ ਹਾਜ਼ਰੀ ਲਵਾਈ। ਹੋਰਨਾਂ ਤੋਂ ਇਲਾਵਾਂ ਸ੍ਰੀਮਤੀ ਜਤਿੰਦਰ ਕੌਰ, ਦੀਪ ਦੇਵਿੰਦਰ ਸਿੰਘ, ਅਰਤਿੰਦਰ ਸੰਧੂ, ਟੀ. ਐਸ ਰਾਜਾ, ਕੁਲਦੀਪ ਧਾਲੀਵਾਲ, ਗੁਰਦੇਵ ਸਿੰਘ ਮਹਿਲਾਂਵਾਲਾ, ਨਿਰਮਲ ਅਰਪਣ, ਆਰਕੀਟੈਕਟ ਦਲਬੀਰ ਸਿੰਘ, ਤਰੋਲਚਨ ਸਿੰਘ ਤਰਨ ਤਾਰਨ, ਹਰਦੀਪ ਗਿੱਲ, ਅਨੀਤਾ ਦੇਵਗਨ, ਹਰੀ ਸਿੰਘ ਗਰੀਬ, ਕਮਲ ਗਿੱਲ, ਮਲਵਿੰਦਰ ਸਿੰਘ, ਸਰਬਜੀਤ ਸੰਧੂ, ਪ੍ਰੋ. ਸਤਨਾਮ ਸਿੰਘ ਗਿੱਲ, ਪ੍ਰੋ. ਸਤਨਾਮ ਰੰਧਾਵਾ, ਧਰਵਿੰਦਰ ਔਲਖ, ਸੁਮੀਤ ਸਿੰਘ, ਅਮਰਪਾਲ, ਹਰਮਿੰਦਰ ਸਿੰਘ, ਚਰਨਜੀਤ ਸਿੰਘ ਤੇਜਾ, ਮੁਖ਼ਤਾਰ ਅਦਲੀਵਾਲਾ, ਗੁਰਬਾਜ ਸਿੰਘ ਛੀਨਾ ਆਦਿ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply