ਸਮਰਾਲਾ 05 ਅਪ੍ਰੈਲ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ. ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆ ਕਿਹਾ ਕਿ ਪਪੜੌਦੀ ਰੋਡ ਸਮਰਾਲਾ ਲਿੰਕ ਸੜਕ ਅਨਾਜ ਤੇ ਸਬਜੀ ਮੰਡੀ ਹੁੰਦੀ ਹੋਈ, ਅੱਗੇ ਰੇਲਵੇ ਸਟੇਸ਼ਨ ਨੂੰ ਜਾਂਦੀ ਹੈ, ਜਿਹੜੀ ਕਿ ਥਾਂ ਪਰ ਥਾਂ ਤੋਂ ਟੁੱਟੀ ਹੋਣ ਕਰਕੇ ਹਾੜੀ, ਸਾਉਣੀ ਦੇ ਸੀਜਨ ’ਚ ਕਿਸਾਨਾਂ ਤੇ ਆਮ ਲੋਕਾਂ ਨੂੰ ਆਉਣ ਜਾਣ ’ਚ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਿੰਕ ਰੋਡ ਤੇ ਮੰਦਭਾਗੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ, ਇਸ ਰੋਡ ਤੇ ਕੁਝ ਘਰਾਂ ਨੇ ਗੈਰ ਕਾਨੂੰਨੀ ਤੌਰ ਤੇ ਸੜਕ ਤੇ ਗੰਦੇ ਪਾਣੀ ਦਾ ਨਿਕਾਸ ਕੀਤਾ ਹੋਇਆ ਹੈ ਜਿਸ ਦੀ ਪ੍ਰਸ਼ਾਸ਼ਨ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ। ਥਾਂ ਪਰ ਥਾਂ ਗੰਦਾ ਪਾਣੀ ਖੜਾ ਹੈ, ਜਿਸਨਾਲ ਘਾਤਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਤੇ ਪ੍ਰਸ਼ਾਸ਼ਨ ਨੇ ਪਿਛਲੇ 10 ਸਾਲਾਂ ਦੌਰਾਨ ਇਸ ਸੜਕ ਦੀ ਮਰੰਮਤ ਵੱਲ ਕੋਈ ਧਿਆਨ ਨਹੀਂ ਦਿੱਤਾ ਨਾ ਹੀ ਮਾਰਕਟਿੰਗ ਬੋਰਡ ਵੱਲੋਂ ਕੋਈ ਧਿਆਨ ਦਿੱਤਾ ਗਿਆ ਹੈ। ਇਲਾਕੇ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਸੰਤਾਪ ਭੋਗਦੇ ਆ ਰਹੇ ਹਨ ਹਾਲਾਂਕਿ ਇਹਨਾਂ ਸੜਕਾਂ ਦੀ ਕਾਗਜ਼ਾਂ ਵਿੱਚ ਕਈ ਵਾਰ ਰਿਪੇਅਰ ਹੋਣ ਬਾਰੇ ਵੀ ਚਰਚਾ ਹੈ ਜਦ ਕਿ ਇੱਕ ਵਾਰ ਵੀ ਰਿਪੇਅਰ ਨਹੀਂ ਹੋਈ। ਵੱਡੇ ਵੱਡੇ ਸਿਆਸੀ ਨੇਤਾਵਾਂ ਵੱਲੋਂ ਅਨਾਜ ਮੰਡੀ ’ਚ ਕਈ ਵਾਰ ਇਲਾਕਾ ਪੱਧਰ ਦੀਆਂ ਸਿਆਸੀ ਅਤੇ ਚੋਣਾਂ ਆਦਿ ਸਬੰਧੀ ਵੱਡੀਆਂ ਵੱਡੀਆਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਜਦੋਂ ਇਹ ਵੱਡੇ ਨੇਤਾ ਲੋਕ ਕਾਨਫਰੰਸਾਂ ਵਿੱਚ ਹਾਜ਼ਰੀ ਭਰਦੇ ਸਨ ਤਾਂ ਕਾਨਫਰੰਸ ਵਾਲੇ ਦਿਨ ਪ੍ਰਸਾਸ਼ਨ ਵੱਲੋਂ ਖਾਨਾ ਪੂਰਤੀ ਲਈ ਇੱਕ ਅੱਧੀ ਟਰਾਲੀ ਮਿੱਟੀ ਦੀ ਪਾਕੇ ਟੋਏ ਭਰੇ ਜਾਂਦੇ ਰਹੇ, ਅਗਲੇ ਦਿਨ ਫਿਰ ਉਹੀ ਹਾਲ ਹੁੰਦਾ ਸੀ। ਇਸੇ ਤਰਾਂ ਮਾਰਕੀਟਿੰਗ ਦੇ ਸਾਬਕਾ ਚੇਅਰਮੈਨ ਨੇ ਵੀ ਕੋਈ ਰੁਚੀ ਨਹੀਂ ਦਿਖਾਈ। ਸੀਜਨ ਦੇ ਦਿਨਾਂ ’ਚ ਖਾਸ ਕਰ ਕਿਸਾਨਾਂ ਅਤੇ ਰੇਲਵੇ ਸਟੇਸ਼ਨ ਨੂੰ ਜਾਣ ਆਉਣ ਲਈ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਸੰਘਰਸ਼ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਸੜਕਾਂ ਦੀ ਮੁਰੰਮਤ ਕਰਨ, ਅਧੂਰੇ ਪਏ ਸੀਵਰੇਜ਼ ਨੂੰ ਚਾਲੂ ਕਰਨ, ਸ਼ਹਿਰ ਤੇ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਅਤੇ ਸਬੰਧਿਤ ਉਚ ਅਧਿਕਾਰੀਆਂ ਨੂੰ ਯਾਦ ਪੱਤਰ ਦੇ ਕੇ ਵਫਦ ਦੇ ਰੂਪ ਵਿੱਚ ਵੀ ਮਿਲਦੀ ਰਹੀ, ਪਰ ਕਿਸੇ ਵੀ ਸਰਕਾਰ ਜਾਂ ਵਿਭਾਗ ਨੇ ਕੋਈ ਧਿਆਨ ਨਹੀਂ ਦਿੱਤਾ। ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਪ੍ਰਸ਼ਾਸ਼ਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪਪੜੌਦੀ ਰੋਡ ਸਮਰਾਲਾ ਦੀ ਰਿਪੇਅਰ-ਪ੍ਰੀਮਿਕਸ ਪਾ ਕੇ ਕੀਤੀ ਜਾਵੇ ਤੇ ਗੈਰ ਕਾਨੂੰਨ ਢੰਗ ਨਾਲ ਸੜਕ ਤੇ ਛੱਡੇ ਪਾਣੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਤਾਂ ਕਿ ਪਾਣੀ ਦੀ ਵਜਾ ਕਾਰਨ ਟੁੱਟ ਰਹੀਆਂ ਸੜਕਾਂ ਨੂੰ ਬਚਾਇਆ ਜਾ ਸਕੇ। ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੇ ਨਿਕਾਸ ਲਈ ਅਧੂਰੇ ਪਏ ਸੀਵਰੇਜ਼ ਨੂੰ ਜਲਦੀ ਤੋਂ ਜਲਦੀ ਚਾਲੂ ਕਰਾਇਆ ਜਾਵੇ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media