ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) ਸਮਾਰਟ ਸਿਟੀ ਐਲਾਨੇ ਗਏ ਅੰਮ੍ਰਿਤਸਰ ਸ਼ਹਿਰ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸੁੱਖ ਸਹੂਲਤਾਂ ਨਾਲ ਲੈਸ ਕਰਨ ਸੀ.ਐਨ.ਜੀ ਗੈਸ ਪਾਈਪ ਲਾਈਨ ਵਿਛਾਉਣ ਦਾ ਪ੍ਰਾਜੈਕਟ ਸ਼ਹਿਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ।ਅੱਪਰਬਾਰੀ ਦੁਆਬ ਨਹਿਰ ਦੇ ਪੁੱਲ ਤੋਂ ਸੁਲਤਾਨਵਿੰਡ ਗੇਟ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੱਕ ਗੈਸ ਪਾਈਪ ਪਾਉਣ ਲਈ ਜਿਥੇ ਸੜਕ ਦੇ ਇੱਕ ਪੁਟਾਈ ਹੋ ਰਹੀ ਹੈ, ਉਥੇ ਦੂਜੇ ਪਾਸੇ ਸੜਕ
ਦੇ ਡਿਵਾਈਡਰ ਦੇ ਨਾਲ ਕਾਫੀ ਮੋਟੀ (12 ਇੰਚ) ਪਾਈਪ ਲਾਈਨ ਸੜਕ ‘ਤੇ ਰੱੱਖ ਦੇਣ ਨਾਲ ਰਸਤਾ ਕਾਫੀ ਹੱਦ ਤੱਕ ਰੁਕ ਗਿਆ ਹੈ।ਦੂਜੇ ਪਾਸੇੇ ਸੜਕ ’ਤੇ ਲੱਗਦੀਆਂ ਰੇਹੜੀਆਂ ਤੇ ਫੜੀਆਂ ਨੇ ਵਾਹਣਾਂ ਦਾ ਲੰਘਣਾ ਮੁਸ਼ਕਲ ਕਰ ਦਿੱਤਾ ਹੈ।ਭੀੜ-ਭਾੜ ਵਾਲੀ ਸੜਕ ਦੀ ਆਵਾਜਾਈ ਵਿਚ ਪੈ ਰਹੀ ਰੁਕਾਵਟ ਨਾਲ ਸੜਕ ‘ਤੇ ਜਾਮ ਲੱਗਣੇ ਰੋਜ਼ ਦਾ ਕੰਮ ਹੋ ਗਿਆ ਹੈ।ਸੜਕ ‘ਤੇ ਵਾਪਰਣ ਵਾਲੇ ਹਾਦਸਿਆਂ ਦੇ ਖਤਰੇ ਨੂੰ ਦੇਖਦਿਆਂ ਸਕੂਲੀ ਬੱਚਿਆਂ ਦੇ ਮਾਪੇ ਬਹੁਤ ਪ੍ਰੇਸ਼ਾਨ ਹਨ।
ਅੰਡਰ ਗਰਾਊਂਡ ਪੈ ਰਹੀ ਇਸ ਗੈਸ ਪਾਈਪ ਲਾਈਨ ਦੀ ਪੁਟਾਈ ਸਮੇਂ ਵੀ ਕਈ ਵਾਰ ਬੀ.ਐਸ.ਐਨ.ਐਲ, ਕੁਨੈਕਟ ਆਦਿ ਕੰਪਨੀਆਂ ਦੀਆਂ ਟੈਲੀਫੋਨ ਤਾਰਾਂ ਕੱਟ ਜਾਣ ਕਰ ਕੇ ਜਿਥੇ ਲੋਕਾਂ ਦੇ ਟੈਲੀਫੋਨ ਕੁਨੈਕਸ਼ਨ ਬੰਦ ਰਹੇ, ਉਥੇ ਸਥਾਨਕ ਡਰੰਮਾਂ ਵਾਲਾ ਬਜਾਰ ਨੇੜੇ ਸੀਵਰੇਜ ਦੀ ਪਾਈਪ ਲੀਕ ਹੋਣ ਨਾਲ ਇਲਾਕਾ ਵਾਸੀਆਂ ਨੂੰ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝਣਾ ਪਿਆ।ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਅਤੇ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਗੈਸ ਪਾਈਪ ਲਾਈਨ ਵਿਛਾਉਣ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਲ ਹੱਲ ਹੋ ਸਕੇ।ਮੰਚ ਦੇ ਆਗੂਆਂ ਪ੍ਰਿੰ. ਕੁਲਵੰਤ ਸਿੰਘ ਅਣਖੀ ਅਤੇ ਲਖਬੀਰ ਸਿੰਘ ਘੁੰਮਣ ਨੇ ਕਿਹਾ ਕਿ ਕੰਪਨੀ ਨੂੰ ਚਾਹੀਦਾ ਹੈ ਕਿ ਪਾਈਪ ਇਕਸਾਰ ਵਿਛਾਉਂਦਿਆਂ ਕੰਮ ਅੱਗੇ ਵਧਾਵੇ, ਥਾਂ ਥਾਂ ਕੰਮ ਵਿਚੋਂ ਰੋਕ ਕੇ ਅੱਗੇ ਵਧ ਕੇ ਲੋਕਾਂ ਲਈ ਮੁਸੀਬਤ ਪੈਦਾ ਨਾ ਕਰੇ।
ਉਧਰ ਜਦ ਸਰਕਾਰੀ ਖੇਤਰ ਦੀ ਜੀ.ਐਸ.ਪੀ.ਐਲ ਤੋਂ ਠੇਕਾ ਲੈ ਕੇ ਪਾਈਪ ਵਿਛਾ ਰਹੀ ਬਰਿਜ ਐਂਡ ਰੂਫ ਕੰਪਨੀ ਦੇ ਸੁਪਰਵਾਈਜ਼ਰ ਮਨੀਸ਼ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਸੁਲਤਾਨਵਿੰਡ ਰੋਡ ‘ਤੇ ਜੋ ਸੀਵਰੇਜ ਲੀਕੇਜ਼ ਹੋਈ ਸੀ, ਉਸ ਦੀ ਮੁਰੰਤਮਤ ਕਰਵਾ ਦਿੱਤੀ ਹੈ।ਕੰਮ ਵਿੱਚ ਤੇਜ਼ੀ ਲਿਆਉਣ ਬਾਰੇ ਉਨਾਂ ਕਿਹਾ ਕਿ ਜਿਆਦਾਤਰ ਪਾਈਪ ਅੰਡਰ ਗਰਾਊਂਡ ਪਾਈ ਜਾ ਰਹੀ ਹੈ ਅਤੇ ਐਚ.ਡੀ.ਡੀ ਮਸ਼ੀਨ ਨਾਲ ਸੁਲਤਾਨਵਿੰਡ ਰੋਡ ਦਾ ਕੰਮ ਪਹਿਲ ਦੇ ਅਧਾਰ ‘ਤੇ ਜਲਦ ਮੁਕੰਮਲ ਕਰਵਾਇਆ ਜਾਵੇਗਾ।
ਸੁਪਰਵਾਈਜ਼ਰ ਮੁਨੀਸ਼ ਅਨੁਸਾਰ ਵਿਛਾਈ ਜਾ ਰਹੀ ਪਾਈਪ ਲਾਈਨ ਰਾਹੀਂ ਸੀ.ਐਨ.ਜੀ ਗੈਸ ਜਲੰਧਰ ਤੋਂ ਮਹਿਤਾ ਰੋਡ ‘ਤੇ ਪੈਂਦੇ ਫਤਹਿਪੁਰ ਰਾਜਪੂਤਾਂ ਪਿੰਡ ਪਹੁੰਚੇਗੀ, ਜਿਥੇ ਗੈਸ ਨੂੰ ਅੱਗੇ ਸਪਲਾਈ ਕਰਨ ਲਈ ਸਬ ਸਟੇਸ਼ਨ ਬਣਾਇਆ ਜਾਵੇਗਾ।ਉਨਾਂ ਕਿਹਾ ਕਿ ਇਥੋਂ ਵੱਲਾ ਬਾਈਪਾਸ ਦੇ ਨਾਲ ਨਾਲ ਜੀ.ਟੀ ਰੋਡ ਰਸਤੇ ਤਾਰਾਂ ਵਾਲਾ ਪੁੱਲ ਹੁੰਦੀ ਹੋਈ ਇਹ ਪਾਈਪ ਸੁਲਤਾਨਵਿੰਡ ਰੋਡ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਪਹੁੰਚਾਈ ਜਾਵੇਗੀ ਅਤੇ ਸੁਲਤਾਨਵਿੰਡ ਗੇਟ ਤੋਂ ਬੱਸ ਸਟੈਂਡ ਨੇੜਿਓਂ ਲੰਘਦੀ ਪਾਈਪ ਟ੍ਰਿਲੀਅਮ ਮਾਲ ਤੱਕ ਪੁਜੇਗੀ।ਉਨਾਂ ਕਿਹਾ ਕਿ ਪਾਈਪ 6 ਐਮ,ਐਮ ਮੋਟੀ ਅਤੇ ਮਜ਼ਬੂਤ ਹੈ ਅਤੇ ਪੂਰੀ ਤਰਾਂ ਜਾਂਚ ਪੜਤਾਲ ਕਰਨ ਉਪਰੰਤ ਹੀ ਇਸ ਦਾ ਕੰਮ ਜਾਰੀ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਗੈਸ ਪਾਈਪ ਲਾਈਨ ਨਾਲ ਸੀ.ਐਨ.ਜੀ ਪੈਟਰੋਲ ਪੰਪ ਬਨਣਗੇ ਅਤੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਤੋਂ ਇਲਾਵਾ 25000 ਦੇ ਕਰੀਬ ਘਰਾਂ ਨੂੰ ਵੀ ਘਰੇਲੂ ਵਰਤੋਂ ਲਈ ਗੈਸ ਸਪਲਾਈ ਕੀਤੀ ਜਾਵੇਗੀ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media