ਨਵੀਂ ਦਿੱਲੀ, 24 ਜੂਨ (ਅੰਮ੍ਰਿਤ ਲਾਲ ਮੰਨਣ) – ਅਸਾਮ ਦੇ ਸਿੱਖਾ ਦੇ ਵਿਸ਼ੇਸ਼ ਸੱਦੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਆਦੇਸ਼ਾਂ ਤੇ ਇਕ ਵਫਦ ਉਥੇ ਦੇ ਗੁਰਧਾਮਾਂ ਦੇ ਹਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਵਾਪਿਸ ਦਿੱਲੀ ਪਰਤ ਆਇਆ ਹੈ। ਦਿੱਲੀ ਕਮੇਟੀ ਦੇ ਬਿਲਡਿੰਗ ਵਿਭਾਗ ਦੇ ਚੇਅਰਮੈਨ ਕੁਲਦੀਪ ਸਿੰਘ ਭੋਗਲ ਦੀ ਅਗਵਾਈ ਹੇਠ ਗਏ ਇਸ ਵਫਦ ਨੇ ਗੁਹਾਟੀ ਤੋਂ 125 ਕਿਲੋਮੀਟਰ ਦੂਰ ਨੋਗਾਉ ਜ਼ਿਲੇ ਦੇ ਛਾਪਰਮੁੱਖ ਪਿੰਡ ਵਿਖੇ ਸਥਾਪਿਤ ਗੁਰਦੁਆਰਾ ਮਾਤਾ ਜੀ ਦੀ ਲਗਭਗ 200 ਸਾਲ ਪੁਰਾਣੀ ਬਿਲਡਿੰਗ ਦਾ ਜਾਇਜ਼ਾ ਲਿਆ। ਇਹ ਗੁਰਦੁਆਰਾ ਸਾਹਿਬ ਸਨ 1820 ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਸਾਮ ਦੇ ਰਾਜਾ ਚੰਦ੍ਰਕਾਂਤਾ ਸਿੰਘ ਦੇ ਵਿਸ਼ੇਸ਼ ਸੱਦੇ ਤੇ ਬਰਮਾ ਦੇ ਨਾਲ ਜੰਗ ਕਰਨ ਲਈ ਭੇਜੇ ਗਏ ਸਿੰਘਾ ਦੇ ਜਰਨੈਲ ਚੈਤਨਯਾ ਸਿੰਘ ਅਤੇ ਹੋਰ ਸਿੰਘਾ ਦੀ ਸ਼ਹੀਦੀ ਤੋਂ ਬਾਅਦ ਇਕ ਮਾਤਾ ਜੀ ਵੱਲੋਂ ਉਸਾਰਿਆ ਗਿਆ ਸੀ। ਛਾਪਰਮੁੱਖ ਪਿੰਡ ਤੇ ਆਸ-ਪਾਸ ਦੇ ਹੋਰ ਪਿੰਡਾਂ ‘ਚ ਰਹਿੰਦੇ ਲਗਭਗ 3000 ਸਿੱਖ ਪਰਿਵਾਰਾਂ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਤਰਸਯੋਗ ਹਾਲਾਤ ਤੋਂ ਦੁਖੀ ਹੋ ਕੇ ਦਿੱਲੀ ਕਮੇਟੀ ਨੂੰ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਪੇਸ਼ਕਸ਼ ਕੀਤੀ ਗਈ ਸੀ। ਦਿੱਲੀ ਫਤਹਿ ਦਿਵਸ ਨੂੰ ਵੱਡੇ ਪੱਧਰ ਤੇ ਮਨਾਉਣ ਅਤੇ ਕਾਨਪੁਰ ਦੀਆਂ ਵਿਧਵਾਵਾਂ ਨੂੰ ਦਿੱਲੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਮਾਸਿਕ ਪੈਂਸ਼ਨ ਆਦਿਕ ਪ੍ਰੋਗਰਾਮਾਂ ਤੋਂ ਪ੍ਰਭਾਵਿਤ ਹੋ ਕੇ ਅਸਾਮ ਦੀ ਸੰਗਤ ਵੱਲੋਂ ਦਿੱਲੀ ਕਮੇਟੀ ਤੋਂ ਮਦਦ ਲੈਣ ਦਾ ਫੈਸਲਾ ਕੀਤਾ ਗਿਆ ਸੀ।ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਭੋਗਲ ਨੇ ਦੱਸਿਆ ਕਿ ਉਹ ਅਸਾਮੀ ਸਿੱਖਾਂ ਵੱਲੋਂ ਕੀਤੀਆਂ ਗਈਆਂ ਮੰਗਾ ਬਾਰੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਛੇਤੀ ਹੀ ਰਿਪੋਰਟ ਸੌਂਪਣਗੇ ਤੇ ਫਿਰ ਇਸ 2000 ਗੱਜ ਦੇ ਗੁਰਦੁਆਰੇ ਵਿਚ ਦਰਬਾਰ ਹਾਲ, ਲੰਗਰ ਹਾਲ, ਲਾਈਬ੍ਰੇਰੀ ਅਤੇ ਸਰਾਂ ਬਨਾਉਣ ਦੀ ਆਈ ਮੰਗ ਦੇ ਬਾਰੇ ਵਿਚਾਰ ਕੀਤਾ ਜਾਵੇਗਾ। ਅਸਾਮ ਦੇ ਸਿੱਖਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜਨ ਵਾਸਤੇ ਉਥੇ ਪੰਜਾਬੀ ਅਧਿਯਾਪਕ ਲਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਵਫਦ ‘ਚ ਦਿੱਲੀ ਕਮੇਟੀ ਦੇ ਇੰਜੀਨੀਅਰ ਪਰਮਪਾਲ ਸਿੰਘ ਅਤੇ ਆਰਕੀਟੈਕਟ ਪਰਮਪਾਲ ਸਿੰਘ ਮੌਜੂਦ ਸਨ। ਇਥੇ ਇਹ ਜ਼ਿਕਰਯੋਗ ਹੈ ਕਿ ਉਕਤ ਗੁਰਦੁਆਰੇ ‘ਚ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਦਾਨ ਜੱਥੇਦਾਰ ਅਵਤਾਰ ਸਿੰਘ ਵੀ ਹਾਜਰੀ ਭਰ ਚੁੱਕੇ ਹਨ। ਇਸ ਮੌਕੇ ਸਥਾਨਕ ਐਸ.ਪੀ. ਨੰਦਾ ਸਿੰਘ, ਸਥਾਨਕ ਨਿਵਾਸੀ ਰਜਿੰਦਰ ਸਿੰਘ ਮਾਰਵਾਹ, ਦਵਿੰਦਰ ਸਿੰਘ ਸੈਮੀ ਅਤੇ ਸੈਕੜੈ ਪਿੰਡ ਵਾਸੀ ਮੌਜੂਦ ਸਨ।
Check Also
9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ
ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …