ਸੈਂਟਰਲ ਖਾਲਸਾ ਯਤੀਮਖਾਨੇ ਦੇ ਬੱਚਿਆਂ ਵੱਲੋਂ ਕੁਦਰਤੀ ਟਹਿਲ (ਨੇਚਰ ਵੌਕ) ਲੜੀਵਾਰ ਪ੍ਰੋਗਰਾਮ ਦੀ ਸ਼ੁਰੂਆਤ
ਅੰਮ੍ਰਿਤਸਰ, 24 ਜੂਨ (ਪ੍ਰੀਤਮ ਸਿੰਘ) – ਅੰਮ੍ਰਿਤਸਰ ਦੇ 437ਵੇਂ ਸਥਾਪਨਾ ਦਿਵਸ ਦੇ ਮੌਕੇ ਦੇ ਦੂਜੇ ਦਿੰਨ, ਈਕੋ-ਅੰਮ੍ਰਿਤਸਰ ਅਤੇ ਵਰਲਡ ਵਾਈਲਡ ਲਾਈਫ ਫੰਡ ਫੌਰ ਨੇਚਰ(WWF) ਦੀ ਸਾਂਝੀ ਕੋਸ਼ਿਸ਼ ਸਦਕਾ ਅੱਜ ਖਾਲਸਾ ਯਤੀਮਖਾਨਾ ਦੇ ਬੱਚਿਆਂ ਅਤੇ ਸ਼ਹਿਰ ਵਾਸੀਆਂ ਨਾਲ, ਭਾਈ ਵੀਰ ਸਿੰਘ ਨਿਵਾਸ ਅਸਥਾਨ ਦੇ ਬਾਗਾਂ ਵਿਖੇ ‘ਕੁਦਰਤ ਵਿੱਚ ਟਹਿਲ’ ਦੇ ਲੜੀਵਾਰ ਪ੍ਰੋਗਰਾਮ ਦਾ ਅਰੰਭ ਕੀਤਾ ਗਿਆ। ਈਕੋ ਅੰਮ੍ਰਿਤਸਰ ਸੰਸਥਾ ਦਾ ਮਨਣਾ ਹੈ ਕਿ ਇਹ ਬੱਚੇ ਅੰਮ੍ਰਿਤਸਰ ਦਾ ਭਵਿੱਖ ਹਨ ਅਤੇ ਅਜਿਹੇ ਪ੍ਰੋਗਰਾਮ ਰਾਹੀ, ਇਹਨਾ ਦਾ ਕੁਦਰਤ ਨਾਲ ਸਿਰਜਨਾਤਮਕ ਰਿਸ਼ਤਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਸਾਲ ਭਰ ਸੰਸਥਾ ਇਸ ਪ੍ਰੋਗਰਾਮ ਦੀ ਲੜੀ ਨੂੰ ਜ਼ਾਰੀ ਰੱਖੇਗੀ। ਭਾਈ ਵੀਰ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਪੰਜਾਬੀ ਦੇ ਮਹਾਨ ਸਹਿਤਕਾਰ ਅਤੇ ਕੁਦਰਤ ਪ੍ਰੇਮੀ ਸਨ। ਇਸ ਪ੍ਰੋਗਰਾਮ ਤਹਿਤ ਭਾਈ ਸਾਹਿਬ ਦੀਆਂ ਕਵੀਤਾਵਾਂ, ਰਚਨਾਵਾਂ, ਅਤੇ ਜੀਵਨ ਜਾਚ ਸਾਂਝੀ ਕੀਤੀ ਗਈ ਅਤੇ ਸੰਸਥਾ ਵੱਲੋਂ ਬੱਚਿਆਂ ਨੂੰ ਕਿਤਾਬਾਂ ਵੀ ਵੰਡੀਆਂ ਗਈਆਂ। ਭਾਈ ਵੀਰ ਸਿੰਘ ਜੀ ਦੇ ਜੀਵਨ ਤੋਂ ਪਰਭਾਵਿਤ ਹੋਏ ਬੱਚਿਆਂ ਨੇ ਹਰ ਸਾਲ ਇੱਕ ਰੁੱਖ ਲਾਉਣ ਦਾ ਪ੍ਰਣ ਵੀ ਕੀਤਾ। ਈਕੋ-ਅੰਮ੍ਰਿਤਸਰ ਸੰਸਥਾ ਦੇ ਪਰਧਾਨ, ਗੁਨਬੀਰ ਸਿੰਘ ਨੇ ਬੱਚਿਆਂ ਨੂੰ ਅੰਮ੍ਰਿਤਸਰ ਦੀ ੪੩੭ਵੀਂ ਵਰੇਗੰਢ ਦੀ ਵਧਾਈ ਦਿੰਦਿਆਂ ਕਿਹਾ, “ਅੰਮ੍ਰਿਤਸਰ ਸ਼ਹਿਰ ਦੀ ਆਧੁਨਿਕਤਾ ਵਿੱਚ ਭਾਈ ਵੀਰ ਸਿੰਘ ਜੀ ਦਾ ਬਹੁਤ ਵੱਡਾ ਹੱਥ ਹੈ, ਅਤੇ ਆਪ ਖਾਲਸਾ ਯਤੀਮਖਾਨੇ ਦੇ ਮੋਢੀ ਮੈਂਮਬਰਾਂ ਵਿੱਚੋਂ ਇੱਕ ਸਨ। ਅੰਮ੍ਰਿਤਸਰ ਦੇ ਸੁਨਹਿਰੀ ਇਤਿਹਾਸ ਨੂੰ ਕਾਇਮ ਰੱਖਣ ਲਈ ਆਉਣ ਵਾਲੀ ਪੀੜ੍ਹੀ ਨੂੰ ਪੂਰੀ ਜ਼ਿੰਮੇਵਾਰੀ ਅਤੇ ਉਸਾਰੂ ਸੋਚ ਨਾਲ ਕੰਮ ਕਰਨਾ ਪਵੇਗਾ।” ਈਕੋ- ਅੰਮ੍ਰਿਤਸਰ ਸੰਸਥਾ ਨੇ ਪਿਛਲੇ ਇੱਕ ਸਾਲ ਤੋਂ ਭਾਈ ਵੀਰ ਸਿੰਘ ਨਿਵਾਸ ਅਸਥਾਨ ਤੇ ਜੈਵਿਕ ਅਤੇ ਕੁਦਰਤੀ ਦਵਾਈਆਂ ਦੀ ਵਰਤੋਂ ਨਾਲ ਬਹੁਤ ਸ਼ਲਾਘਾਯੋਗ ਫਰਕ ਪਾਇਆ ਹੈ ਅਤੇ ਰਸਾਇਨਿਕ ਖਾਦਾਂ ਦੀ ਬਿਲਕੁਲ ਵੀ ਵਰਤੋਂ ਨਹੀ ਕੀਤੀ। ਅੰਮ੍ਰਿਤ ਵੇਲੇ ਦੀ ਇਸ ਸੈਰ ਵਿੱਚ ਬੱਚਿਆਂ ਨੇ ਬਾਗ ਵਿੱਚ ਮੌਜੂਦ ਫੁੱਲਾਂ, ਤਿਤਲੀਆਂ, ਰੁੱਖਾਂ ਅਤੇ ਪੰਛੀਆਂ ਨਾਲ ਵਿੱਚਰਣ ਦਾ ਅਦਭੁਤ ਅਨੰਦ ਮਾਣਿਆ।ਪਿਛਲੇ ਦੱਸ ਸਾਲਾਂ ਤੋਂ ਇਸ ਬਾਗ ਦੀ ਸੇਵਾ ਕਰਣ ਵਾਲੇ ਬਲਬੀਰ ਸਿੰਗ ਨੇ ਕਿਹਾ, “ਈਕੋ-ਅੰਮ੍ਰਿਤਸਰ ਦੀਆਂ ਕੁਦਰਤੀ ਦਵਾਈਆਂ ਨੇ ਹੈਰਾਨੀਜਨਕ ਨਤੀਜੇ ਸਾਹਮਣੇ ਲਿਆਂਦੇ ਹਨ। ਇਸ ਸਾਲ ਇਸ ਬਾਗ ਵਿੱਚ ਪਿੱਛਲੇ ਸਾਲ ਨਾਲੋਂ ਤਿੰਨ ਗੁਣਾ ਫਲ ਲੱਗੇ ਹਨ, ਫਲਾਂ ਦਾ ਅਕਾਰ ਵੱਡਾ ਹੋਇਆ ਹੈ ਅਤੇ ਸਿਉਂਕ ਅਤੇ ਕੀੜੀਆਂ ਦਾ ਵੀ ਖਾਤਮਾ ਹੋਇਆ ਹੈ।”
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media