Thursday, March 19, 2026

ਸ਼੍ਰੋਮਣੀ ਕਮੇਟੀ ਆਪਣਾ ਟੀ.ਵੀ ਚੈਨਲ ਲਾਵੇ ਤੇ ਏਅਰ ਕਨੇਡਾ ੳੇੁਡਾਣਾਂ ਲਈ ਰੱਖ਼ਿਆ ਮੰਤਰੀ ਸਾਜਨ ਨੂੰ ਅਪੀਲ ਕਰੇ- ਮੰਚ

ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ)  ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ ਤੇ ਇੰਜ. ਦਲਜੀਤ ਸਿੰਘ ਕੋਹਲੀ `ਤੇ ਅਧਾਰਿਤ ਅੰਮ੍ਰਿਤਸਰ ਵਿਕਾਸ ਮੰਚ ਦਾ ਇਕ ਵਫ਼ਦ ਬੀਤੇ ਦਿਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਿੱਜੀ ਸਕੱਤਰ ਸੁਰਜੀਤ ਸਿੰਘ ਭੂਰਾਕੋਹਨਾ ਨੂੰ ਮਿਲਿਆ ਤੇ ਉਨ੍ਹਾਂ ਨੂੰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਨਾਂ ਲਿਖਿਆ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਮੰਗ ਕੀਤੀ ਗਈ ਕਿ 20 ਅਪ੍ਰੈਲ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸਾਜਨ ਨੂੰ ਸ਼੍ਰੋਮਣੀ ਕਮੇਟੀ ਏਅਰ ਕੈਨੇਡਾ ਦੀਆਂ ਵੈਨਕੂਵਰ ਤੇ ਟੋਰਾਂਟੋ ਉਡਾਣਾਂ ਜੋ ਇਸ ਸਮੇਂ ਦਿੱਲੀ ਆ ਰਹੀਆਂ ਹਨ, ਬਰਾਸਤਾ ਅੰਮ੍ਰਿਤਸਰ ਸ਼ੁਰੂ ਕਰਾਉਣ ਲਈ ਅਪੀਲ ਕਰੇ ਤਾਂ ਜੋ ਪੰਜਾਬੀਆਂ ਤੇ ਗੁਰੂ ਘਰ ਦੇ ਸ਼ਰਧਾਲੂਆਂ ਨੂੰੰ ਦਿੱਲੀ ਖ਼ੱਜਲ ਖ਼ੁਆਰ ਨਾ ਹੋਣਾ ਪਵੇ।
ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਆਪਣਾ ਟੀ.ਵੀ ਚੈਨਲ ਲਾਵੇ, ਜਿਥੋਂ 24 ਘੰਟੇ ਸਿੱਧਾ ਪ੍ਰਸਾਰਨ ਕੀਤਾ ਜਾਵੇ।ਇਸ ਸਮੇਂ ਰੇਡੀਓ ਦੁਆਰਾ ਕੀਰਤਨ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ, ਜਿਸ ਦਾ ਦੁਨੀਆਂ ਭਰ ਦੇ ਸ਼ਰਧਾਲੂ ਆਨੰਦ ਮਾਣ ਰਹੇ ਹਨ।ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸਾਰਨ ਇਸ ਸਮੇਂ ਕੇਵਲ ਪੀ.ਟੀ.ਸੀ ਟੀ.ਵੀ ਚੈਨਲ ਤੋਂ ਹੀ ਕੀਤਾ ਜਾਂਦਾ ਹੈ ਤੇ ਉਹ ਵੀ ਕੁੱਝ ਘੰਟਿਆਂ ਲਈ।ਪੀ.ਟੀ.ਸੀ ਚੈਨਲ ਕੁੱਝ ਮੁਲਕਾਂ ਵਿਚ ਹੀ ਚੱਲਦਾ ਹੈ।ਜੇ ਇਹ ਕਿਹਾ ਜਾਵੇ ਤਾਂ ਇਹ ਚੈਨਲ ਦੁਨੀਆਂ ਭਰ ਵਿਚ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸਾਰਨ ਕਰਨ ਕਰਕੇ ਹੀ ਚੱਲ ਰਿਹਾ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ।
ਇਕ ਚੈਨਲ ਦਾ ਕੋਈ 40 ਲੱਖ ਰੁਪਏ ਖ਼ਰਚਾ ਆਉਂਦਾ ਹੈ।ਇਸ ਚੈਨਲ ਤੋਂ ਸ਼ਰਤਾਂ ਅਧੀਨ ਦੂਜੇ ਚੈਨਲਾਂ ਵਾਲਿਆਂ ਨੂੰ ਪ੍ਰਸਾਰਨ ਕਰਨ ਦੀ ਮੁਫ਼ਤ ਵਿਚ ਆਗਿਆ ਦਿੱਤੀ ਜਾਵੇ।ਸ਼ਰਤਾਂ ਜਿਵੇਂ ਕਿ ਉਹ ਪ੍ਰੋਗਰਾਮ ਦੌਰਾਨ, ਪ੍ਰੋਗਰਾਮ ਤੋਂ ਪਹਿਲਾਂ ਤੇ ਬਾਅਦ ਵਿਚ ਕੋਈ ਇਸ਼ਤਿਹਾਰਬਾਜ਼ੀ ਨਹੀਂ ਕਰ ਸਕਦੇ।ਰਾਤ ਨੂੰ ਕੀਰਤਨ ਦੀ ਸਮਾਪਤੀ ਪਿਛੋਂ ਇਥੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾਵੇ। ਜਦ ਇਹ ਚੈਨਲ ਕਾਮਯਾਬ ਹੋ ਜਾਵੇ ਤਾਂ ਦੂਜਾ ਚੈਨਲ ਕੇਵਲ ਸਿੱਖੀ ਦੇ ਪ੍ਰਚਾਰ ਲਈ ਹੀ ਸ਼ੁਰੂ ਕੀਤਾ ਜਾਵੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply