
ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ)- ਅਡਵਾਂਸਡ ਕੈਂਸਰ ਡਾਇਗਨਾਸਟਿਕ ਟਰੀਟਮੈਂਟ ਐਂਡ ਰਿਸਰਚ ਸੈਂਟਰ ਦੀ ਸਥਾਪਤੀ ਨੂੰ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਲੋਕਾਂ ਲਈ ਪੰਜਾਬ ਸਰਕਾਰ ਦਾ ਵੱਡੀ ਰਾਹਤ ਵਾਲਾ ਕਦਮ ਦੱਸਦਿਆਂ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਕਿਹਾ ਕਿ ਬਠਿੰਡਾ ਵਿਖੇ ਸਥਾਪਤ ਇਸ ਸੈਂਟਰ ਵਿਖੇ ਬਹੁਤ ਜਲਦ ਓ.ਪੀ.ਡੀ. ਸ਼ੁਰੂ ਹੋ ਜਾਵੇਗੀ।
ਡਾ: ਗਰਗ ਨੇ ਕਿਹਾ ਕਿ ਸੂਬੇ ਦੇ ਕੈਂਸਰ ਦੀ ਬਿਮਾਰੀ ਤੋਂ ਪ੍ਰਭਾਵਤ ਲੋਕਾਂ ਨੂੰ ਅਤਿ ਆਧੁਨਿਕ ਤਰੀਕੇ ਦਾ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋਂ ਸੂਬੇ ਦਾ ਪਹਿਲਾ ਜਨਤਕ ਖੇਤਰ ਦਾ ਮੈਡੀਕਲ ਸੰਸਥਾਨ ਬਠਿੰਡਾ ਵਿਖੇ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਸੀ। ਡਾ: ਗਰਗ ਨੇ ਦੱਸਿਆ ਕਿ ਅਡਵਾਂਸਡ ਕੈਂਸਰ ਡਾਇਗਨਾਸਟਿਕ ਟਰੀਟਮੈਂਟ ਐਂਡ ਰਿਸਰਚ ਸੈਂਟਰ ਦੀ ਉਸਾਰੀ ਲਾਗਤ 35.07 ਕਰੋੜ ਦੇ ਕਰੀਬ ਹੈ ਅਤੇ ਇਹ ਸੈਂਟਰ ਬਾਬਾ ਫਰੀਦ ਯੂਨਿਵਰਸਿਟੀ ਆਫ ਹੈਲਥ ਸਾਇੰਸਜ਼ ਦੇ ਅਧੀਨ ਹੋਵੇਗਾ। ਉਨਾਂ ਦੱਸਿਆ ਕਿ 100 ਬੈਡਾਂ ਵਾਲੇ ਇਸ ਚਾਰ ਮੰਜ਼ਲੀ ਹਸਪਤਾਲ ‘ਚ ਕੈਂਸਰ ਦੀ ਬਿਮਾਰੀ ਦੀ ਮੁਢਲੀ ਪਹਿਚਾਣ ਤੋ ਲੈ ਕੇ ਇਸ ਦੇ ਟਰੀਟਮੈਂਟ ਅਤੇ ਖੋਜ ਦਾ ਕੰਮ ਆਧੁਨਿਕ ਤਰੀਕਿਆਂ ਨਾਲ ਹੋਵੇਗਾ। ਉਨਾਂ੍ਹ ਕਿਹਾ ਕਿ ਮੁੱਢਲੇ ਰੂਪ ‘ਚ ਇਥੇ ਓ.ਪੀ.ਡੀ ਸ਼ੁਰੂ ਹੋਵੇਗੀ ਅਤੇ ਬਾਅਦ ਵਿਚ ਪੜਾਅ ਵਾਰ ਹਰ ਚੀਜ਼ ਦੀ ਸਥਾਪਤੀ ਹੋਵੇਗੀ।
ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਕਿਹਾ ਕਿ ਆਪਣੀ ਕਿਸਮ ਦਾ ਇਹ ਨਵੇਕਲਾ ਸੰਸਥਾਨ ਸੂਬੇ ਦੇ ਖਾਸਕਰ ਮਾਲਵਾ ਖੇਤਰ ਦੇ ਕੈਂਸਰ ਪੀੜਤ ਮਰੀਜਾਂ ਲਈ ਵੱਡੀ ਰਾਹਤ ਹੋਵਗਾ। ਉਨਾਂ੍ਹ ਦੱਸਿਆ ਕਿ ਕੈਂਸਰ ਦੇ ਇਲਾਜ ਲਈ ਮੇਨ ਯੂਨਿਟ ਦੇ ਨਾਲ-ਨਾਲ ਐਮਰਜੈਂਸੀ ਰੂਮ, ਸਰਜਰੀ ਯੂਨਿਟ, ਐਕਸਰੇ, ਸਿਟੀ ਸਕੈਨ ਅਤੇ ਐਮ.ਆਰ.ਆਈ.ਯੁਨਿਟ, ਵਿਕਿਰਣ ਵਿਭਾਗ, ਨਿਊਕਲੀਅਰ ਮੈਡੀਸਨ ਯੂਨਿਟ, ੪ ਓੁਪਰੇਸ਼ਨ ਥਿਏਟਰ, ਡੈਂਟਲ ਅਤੇ ਓਰਲ ਪੈਥੋਲੋਜੀ, ਲੈਬੋਰੈਟਰੀਜ, ਜਿਆਦਾ ਗੰਭੀਰ ਮਰੀਜਾਂ ਲਈ ਵੱਖਰਾ ਵਾਰਡ, ਬਲੱਡ ਬੈਂਕ, ਜਨਰਲ ਵਾਰਡ, ਸੈਮੀਨਾਰ ਹਾਲ, ਮਾਈਕਰੋ ਬਾਇਲੋਜੀ ਅਤੇ ਬਾਇਓ ਫਿਜ਼ੀਕਸ ਵਿਭਾਗ ਅਤੇ ਹੋਰ ਜਰੂਰੀ ਸੁਵਿਧਾਵਾਂ ਉਪਲੱਬਧ ਹੋਣਗੀਆ। ਉਨਾਂ੍ਹ ਦੱਸਿਆ ਕਿ ਇਥੇ ਰਾਤ ਦੀ ਠਹਿਰ ਲਈ 32 ਬੈਡਾਂ ਵਾਲਾ ਨਾਈਟ ਸ਼ੈਲਟਰ ਬਨਾਉਣ ਦੀ ਵੀ ਯੋਜਨਾ ਹੈ।
ਕੇਂਦਰ ਦੇ ਡਾਇਰੈਕਟਰ ਡਾ: ਐਮ. ਕੇ. ਮਹਾਜਨ ਨੇ ਦੱਸਿਆ ਕਿ ਇਸੇ ਸੰਸਥਾਨ ਵਿਖੇ ਅਤਿ ਅਧੁਨਿਕ ਤਕਨੀਕ ਨਾਲ ਕੈਂਸਰ ਦੇ ਮੁਢਲੈ ਟੈਸਟਾਂ ਤੋਂ ਲੈ ਕੇ ਇਲਾਜ ਤੇ ਨਿਗਰਾਨਂੀ ਹੋਵੇਗੀ ਅਤੇ ਇਸ ਸੈਂਟਰ ਵਿਚ ਓ.ਪੀ.ਡੀ. ਦੋ ਮਹੀਨਿਆਂ ਦੇ ਵਿਚ-ਵਿਚ ਸ਼ੁਰੂ ਹੋ ਜਾਵੇਗੀ। ਉਨਾਂ ਦੱਸਿਆ ਕਿ ਕੈਂਸਰ ਦੇ ਇਲਾਜ ਦੇ ਮੁੱਖ ਯੂਨਿਟ ਵਿਚਲੇ ਉਪਕਰਣ ਭਾਵਾ ਅਟਾਮਿਕ ਰਿਸਰਚ ਸੈਂਟਰ ਦੀਆਂ ਤਕਨੀਕੀ ਸਲਾਹਾਂ ਅਨੁਸਾਰ ਪੈਨਾਸੀਆ ਮੈਡੀਕਲ ਤਕਨਾਲੋਜੀ ਲਿਮਟਿਡ ਬੰਗਲੋਰ ਵਲੋਂ ਤਿਆਰ ਕੀਤੇ ਗਏ ਹਨ। ਉਨਾਂ੍ਹ ਦੱਸਿਆ ਕਿ ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਵਧੀਆ ਮਾਹੌਲ ਦੇਣ ਲਈ ਇਸ ਸੈਂਟਰ ਵਿਖੇ ਯੋਗਾ ਅਤੇ ਮੈਡੀਟੇਸ਼ਨ ਸੈਂਟਰ ਦੀ ਸਥਾਪਤੀ ਲਈ ਯੋਜਨਾ ਹੈ। ਉਨਾਂ੍ਹ ਦੱਸਿਆ ਕਿ ਇਸ ਸੰਸਥਾਨ ਦਾ ਕੁੱਲ ਏਰੀਆ 2.84 ਏਕੜ ਹੈ। ਇਸ ਤੋਂ ਇਲਾਵਾ ਪੜਾਅ ਅਨੁਸਾਰ ਇਥੇ ਹਿਉਮਨ ਰਿਸੋਰਸ ਡਿਵੈਲਪਮੈਂਟ ਟੀਚਿੰਗ ਅਤੇ ਟਰੇਨਿੰਗ ਵੀ ਹੋਵੇਗੀ। ਉਨਾਂ੍ਹ ਦੱਸਿਆ ਕਿ ਇਸ ਕੇਂਦਰ ਨੂੰ ਮੁਢਲੇ ਰੂਪ ‘ਚ ਚਲਾਉਣ ਲਈ ਮਾਹਿਰ ਡਾਕਟਰ ਅਤੇ ਸਟਾਫ ਉਪਲਬਧ ਹੋ ਚੁੱਕਿਆ ਹੈ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media