Saturday, March 21, 2026

ਸ਼੍ਰੋਮਣੀ ਕਮੇਟੀ ਨੇ ਇਰਾਕ ‘ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਪਾਏ ਭੋਗ

ਹਰੇਕ ਸਿੱਖ ਨਿੱਤ ਦੀ ਅਰਦਾਸ ‘ਚ ਸਰਬੱਤ ਦਾ ਭਲਾ ਮੰਗਦਾ ਹੈ- ਗਿਆਨੀ ਗੁਰਬਚਨ ਸਿੰਘ

PPN240626

ਅੰਮ੍ਰਿਤਸਰ, 24  ਜੂਨ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਝੰਡਾ-ਬੁੰਗਾ ਸਾਹਿਬ ਵਿਖੇ ਇਰਾਕ ਗ੍ਰਹਿ ਯੁੱਧ ‘ਚ ਫਸੇ ਪੰਜਾਬੀ ਨੌਜਵਾਨ ਤੇ ਹੋਰ ਭਾਰਤੀਆਂ ਦੀ ਚੜ੍ਹਦੀ ਕਲਾ ਤੇ ਸੁਰੱਖਿਅਤ ਵਤਨ ਵਾਪਸੀ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ ਭਾਈ ਬਲਵਿੰਦਰ ਸਿੰਘ ਲੋਪੋਕੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਏ ਨੇ ਕੀਤੀ ਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਨੇ ਲਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਸਿੱਖ ਜਦੋਂ ਵੀ ਨਾਮ ਬਾਣੀ ਪੜ੍ਹਦਾ ਹੈ ਤੇ ਉਹ ਗੁਰੂ ਸਾਹਿਬ ਅੱਗੇ ਕੀਤੀ ਅਰਦਾਸ ‘ਚ ਵੀ ਸਰਬੱਤ ਦਾ ਭਲਾ ਮੰਗਦਾ ਹੈ ਸੋ ਇਸ ਸਿਧਾਂਤ ਤੇ ਪਹਿਰਾ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਆਦੇਸ਼ ਦਿੱਤੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਹੀ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਅਖੰਡਪਾਠ ਸਾਹਿਬ ਅਰੰਭ ਕਰਵਾ ਕੇ ਇਰਾਕ ਗ੍ਰਹਿ ਯੁੱਧ ‘ਚ ਫਸੇ ਪੰਜਾਬੀ ਨੌਜਵਾਨ ਤੇ ਹੋਰ ਭਾਰਤੀਆਂ ਦੀ ਚੜ੍ਹਦੀ ਕਲਾ ਤੇ ਸੁਰੱਖਿਅਤ ਘਰ ਵਾਪਸੀ ਲਈ ਭੋਗ ਪੁਆਏ ਜਾਣ। ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਪੀੜ੍ਹਤ ਪਰਿਵਾਰਾਂ ਦੇ ਨਾਲ ਹੈ। ਅੱਜ ਦੇ ਇਸ ਅਰਦਾਸ ਸਮਾਗਮ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਹੁੰਚਣਾ ਸੀ ਪ੍ਰੰਤੂ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ.ਮਨੋਹਰ ਸਿੰਘ ਮੱਕੜ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਉਹ ਸ਼ਾਮਲ ਨਹੀਂ ਹੋ ਸਕੇ।ਜ਼ਿਕਰਯੋਗ ਹੈ ਕਿ ਇਰਾਕ ਗ੍ਰਹਿ ਯੁੱਧ ‘ਚ ਫਸੇ ਪੰਜਾਬੀ ਨੌਜਵਾਨ ਤੇ ਹੋਰ ਭਾਰਤੀਆਂ ਦੀ ਚੜ੍ਹਦੀ ਕਲਾ ਤੇ ਸੁਰੱਖਿਅਤ ਵਤਨ ਵਾਪਸੀ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਤਕਰੀਬਨ 80  ਗੁਰਦੁਆਰਾ ਸਾਹਿਬਾਨ ਵਿੱਚ ੨੨ ਜੂਨ ਨੂੰ ਸ੍ਰੀ ਅਖੰਡਪਾਠ ਸਾਹਿਬ ਆਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ 24 ਜੂਨ ਨੂੰ ਭੋਗ ਪਏ ਹਨ।ਇਸ ਮੌਕੇ ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ.ਮਨਜੀਤ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ ਤੋਂ ਇਲਾਵਾ ਸਿੱਖ ਸੰਗਤਾਂ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply