Thursday, May 29, 2025
Breaking News

ਪਟਨਾ ਸਾਹਿਬ ਵਿਖੇ ਕੀਤੀ ਮੀਟਿੰਗ ਪੂਰੀ ਤਰ੍ਹਾਂ ਵਿਧਾਨਕ – ਜਥੇ: ਅਵਤਾਰ ਸਿੰਘ

PPN240625
ਅੰਮ੍ਰਿਤਸਰ, 24  ਜੂਨ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰਾਂ ਦੀ 22 ਜੂਨ ਨੂੰ ਹੋਈ ਮੀਟਿੰਗ ਪੂਰੀ ਤਰ੍ਹਾਂ ਵਿਧਾਨਕ ਸੀ। ਕੁਲ ੧੫ ਮੈਂਬਰਾਂ ਵਿੱਚੋਂ ੮ ਮੈਂਬਰ ਮੀਟਿੰਗ ‘ਚ ਬਕਾਇਦਾ ਹਾਜ਼ਰ ਸਨ, ਜਿਨ੍ਹਾਂ ਨੇ ਸਰਬ-ਸੰਮਤੀ ਨਾਲ ਮੈਨੂੰ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਕਿਹਾ ਸੀ।ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਕਮੇਟੀ ‘ਚ ਪਹਿਲਾਂ ਹੋਏ ਕੁਝ ਗੈਰ ਵਿਧਾਨਕ ਫੈਸਲਿਆਂ ਨੂੰ 22 ਜੂਨ ਵਾਲੀ ਮੀਟਿੰਗ ‘ਚ ਰੱਦ ਕੀਤਾ ਗਿਆ ਹੈ, ਜਿਸ ਵਿੱਚ ਮੁੱਖ ਤੌਰ ਤੇ ਸਹਾਇਕ ਜਥੇਦਾਰ ਦੀ ਨਿਯੁਕਤੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੀ ਪਦਵੀ ਸਤਿਕਾਰਤ ਹੁੰਦੀ ਹੈ ਜੇਕਰ ਕੋਈ ਸਹਾਇਕ ਜਥੇਦਾਰ ਲਾਉਣਾ ਸੀ ਤਾਂ ਪਹਿਲਾਂ ਮੁੱਖ ਜਥੇਦਾਰ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ, ਜੋ ਨਹੀਂ ਕੀਤਾ। ਫਿਰ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਸਮੇਂ ਚੈਨਲ ਤੇ ਲਾਈਵ ਪ੍ਰਸਾਰਨ ਹੋ ਰਿਹਾ ਸੀ, ਉਸ ਸਮੇਂ ਤਖਤ ਦੇ ਜਥੇਦਾਰ ਦੇ ਗਲ ਪੈਣਾ ਉਸ ਦੀ ਦਸਤਾਰ ਲਾਉਣੀ ਕਿਹੜਾ ਵਿਧਾਨ ਹੈ। ਇਸ ਕਰਕੇ ਇਹ ਫੈਸਲੇ ਰੱਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਮੈਂਬਰਾਂ ਤੇ ਕੇਸ ਦਰਜ ਹੋਏ ਹਨ ਉਨ੍ਹਾਂ ਦੇ ਕੇਸ ਤਖਤ ਸਾਹਿਬ ਦੀ ਗੋਲਕ ਚੋਂ ਨਹੀਂ ਲੜਨ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਮੇਟੀ ਦਾ ਬਜਟ ਜੋ ਮਾਰਚ ਤੀਕ ਪਾਸ ਹੋਣਾ ਜਰੂਰੀ ਹੁੰਦਾ ਹੈ, ਅੱਜ ਤੀਕ ਉਸ ਕਮੇਟੀ ਨੇ ਪਾਸ ਨਹੀਂ ਕੀਤਾ। ਉਸ ਬਾਰੇ ੫ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜੋ ਅੱਗੋਂ ਰੀਪੋਰਟ ਦੇਵੇਗੀ।ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਸਿੱਖਾਂ ਨਾਲ ਦੁਸ਼ਮਣੀ ਦੇ ਰੂਪ ‘ਚ ਵਿਚਰਦੀ ਆ ਰਹੀ ਹੈ। ਝੀਂਡਾ ਐਂਡ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਹਰਿਆਣਾ ਕਮੇਟੀ ਦੇ ਤੌਰ ਤੇ ਚੋਣ ਲੜੀ ਸੀ, ਹਰਿਆਣੇ ਦੇ ਸਿੱਖਾਂ ਨੇ ਇਨ੍ਹਾਂ ਨੂੰ ਬਿਲਕੁਲ ਨਕਾਰ ਦਿੱਤਾ ਤੇ ਇਨ੍ਹਾਂ ਦਾ ਇੱਕ ਵੀ ਮੈਂਬਰ ਨਹੀਂ ਬਣ ਸਕਿਆ। ਇਸ ਪਾਰਟੀ ਦਾ ਏਜੰਡਾ ਹੀ ਪਾੜੋ ਤੇ ਰਾਜ ਕਰੋ ਹੈ। ਹਰਿਆਣਾ ਦੀ ਹੁੱਡਾ ਸਰਕਾਰ ਆਪਣੇ ਕੁਝ ਪਿੱਠੂਆਂ ਦੇ ਆਖੇ ਲੱਗ ਕੇ ਸਿੱਖ ਸ਼ਕਤੀ (ਸ਼੍ਰੋਮਣੀ ਕਮੇਟੀ) ਨੂੰ ਕਮਜ਼ੋਰ ਕਰਨ ਦੀ ਤਾਕ ਛੱਡ ਦੇਵੇ। ਉਨ੍ਹਾਂ ਕਿਹਾ ਕਿ ਉਹ ਕੱਲ ਹੀ ਗ੍ਰਹਿ ਮੰਤਰੀ ਭਾਰਤ ਸਰਕਾਰ ਨੂੰ ਮਿਲ ਕੇ ਉਨ੍ਹਾਂ ਨੂੰ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਵੋਟਾਂ ਖਾਤਰ ਖੇਡੀ ਜਾ ਰਹੀ ਚਾਲ ਬਾਰੇ ਜਾਣੂ ਕਰਵਾਉਣਗੇ ਤੇ ਮੰਗ ਕਰਨਗੇ ਕਿ ਹੁੱਡਾ ਸਰਕਾਰ ਨੂੰ ਅਜਿਹਾ ਕਰਨ ਤੋਂ ਵਰਜਿਆ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖ ਪੂਰੀ ਤਰ੍ਹਾਂ ਸੁਚੇਤ ਹਨ ਤੇ ਸਰਕਾਰ ਦੀਆਂ ਸਿੱਖ ਸ਼ਕਤੀ (ਸ਼੍ਰੋਮਣੀ ਕਮੇਟੀ) ਨੂੰ ਕਮਜ਼ੋਰ ਕਰਨ ਵਾਲੀਆਂ ਚਾਲਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਗਿਲਾ ਜਾਂ ਇਤਰਾਜ ਹੈ ਤਾਂ ਉਹ ਆ ਕੇ ਗੱਲਬਾਤ ਕਰ ਸਕਦਾ ਹੈ, ਪ੍ਰੰਤੂ ਸਿੱਖ ਮਸਲਿਆਂ ‘ਚ ਕਾਂਗਰਸ ਦੀ ਦਖਲ ਅੰਦਾਜੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਿਲਜੀਤ ਸਿੰਘ ਬੇਦੀ ਐਡੀ:ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਸਕੱਤਰ ਸਿੰਘ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਆਦਿ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply