Saturday, March 7, 2026

ਡਾ. ਦਵਿੰਦਰ ਛੀਨਾ ਨੂੰ ਖ਼ਾਲਸਾ ਕਾਲਜ ਅਲੂਮਨੀ ਐਸੋਸੀਏਸ਼ਨ ਦਾ ਪ੍ਰਧਾਨ ਐਲਾਨਿਆ

ਖ਼ਾਲਸਾ ਕਾਲਜ ਵਿਖੇ ਸਾਬਕਾ ਪ੍ਰਵਾਸੀ ਵਿਦਿਆਰਥੀਆਂ ਦਾ ਸਨਮਾਨ
ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – PPN2104201721ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪੁੱਜੇ 6 ਪ੍ਰਵਾਸੀ ਸਾਬਕਾ ਵਿਦਿਆਰਥੀ ਜਿਨ੍ਹਾਂ ਨੇ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਮਲੇਸ਼ੀਆ ’ਚ ਪੰਜਾਬੀ ਵਿਰਸੇ ਦੀ ਸੇਵਾ ਕਰਕੇ ਕਾਮਯਾਬੀ ਦੇ ਝੰਡੇ ਗੱਡੇ ਹਨ, ਦਾ ਅੱਜ ਕਾਲਜ ਦੇ ਵਿਹੜੇ ’ਚ ਪਹੁੰਚਣ ਉਪਰੰਤ ਨਿੱਘਾ ਸਵਾਗਤ ਕੀਤਾ ਗਿਆ।ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕੌਂਸਲ ਦੇ ਦਫਤਰ ਵਿਖੇ ਆਯੋਜਿਤ ਕੀਤੇ ਗਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਜਿਨ੍ਹਾਂ ਖ਼ਾਲਸਾ ਕਾਲਜ ਐਲੂਮਨੀ ਨੂੰ ਸਨਮਾਨਿਤ ਕੀਤਾ, ਉਨ੍ਹਾਂ ’ਚ ਜੋਗਾ ਸਿੰਘ ਸੰਧੂ ਟੈਕਸਾਸ ਅਮਰੀਕਾ (ਪ੍ਰਸਿੱਧ ਹੋਟਲ ਬਿਜਨੈਸਮੈਨ), ਗੁਰਪਾਲ ਸਿੰਘ ਸਰੀ ਕੈਨੇਡਾ (ਰੀਅਲ ਅਸਟੇਟ ਕਾਰੋਬਾਰੀ), ਜਸਮੇਲ ਸਿੰਘ ਜੱਸ ਔਲਖ (ਟਰਾਂਸਪੋਰਟਰ ਕੈਲੀਫ਼ੋਰਨੀਆ), ਹਰਮਨਪ੍ਰੀਤ ਸਿੰਘ ਪਨੂੰ ਟਰਲੋਕ ਕੈਲੀਫ਼ੋਰਨੀਆ (ਟਰਾਂਸਪੋਰਟਰ),  ਜੁਗਰਾਜ ਸਿੰਘ ਢਿੱਲੋਂ ਪਰਥ ਪੱਛਮੀ ਆਸਟਰੇਲੀਆ (ਰੀਅਲ ਅਸਟੇਟ ਕਾਰੋਬਾਰ) ਅਤੇ ਹਰਜੀਤ ਸਿੰਘ ਹੀਰਾ ਢਿੱਲੋਂ (ਐਕਸਪੋਰਟਰ ਮਲੇਸ਼ੀਆ) ਨੂੰ ਉਨ੍ਹਾਂ ਦੀਆਂ ਉਪਲਬੱਧੀਆਂ ਲਈ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਆਨਰੇਰੀ ਸਕੱਤਰ ਛੀਨਾ ਨੇ ਕਿਹਾ ਕਿ ਕਾਲਜ ਨੂੰ ਆਪਣੀ ਵਿਸ਼ਵ ਭਰ ’ਚ ਫੈਲੀ ਐਲੂਮਨੀ ’ਤੇ ਫ਼ਖਰ ਹੈ।ਉਨ੍ਹਾਂ ਕਿਹਾ ਕਿ ਸਾਬਕਾ ਵਿਦਿਆਰਥੀ ਆਪਣੀ ਮਾਤਰੀ ਸੰਸਥਾ ਦ ਅੰਬਸੈਂਡਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋਈ ਕਿ ਇੰਨ੍ਹਾਂ ਪੁਰਾਣੇ ਛੇ ਵਿਦਿਆਰਥੀਆਂ ਨੇ ਜੀਵਨ ’ਚ ਉੱਚੇ ਮੁਕਾਮ ਹਾਸਲ ਕਰਕੇ ਬੁਲੰਦੀਆਂ ਨੂੰ ਛੂਹਿਆ ਹੈ।ਉਨ੍ਹਾਂ ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਡਾ. ਦਵਿੰਦਰ ਸਿੰਘ ਛੀਨਾ ਨੂੰ ਖ਼ਾਲਸਾ ਕਾਲਜ ਗਲੋਬਲ ਐਲੂਮਨੀ ਐਸੋਸੀਏਸ਼ਨ ਦਾ ਪ੍ਰਧਾਨ ਥਾਪ ਕੇ ਉਨ੍ਹਾਂ ਨੂੰ ਵਿਸ਼ਵ ਭਰ ’ਚ ਵੱਖ-ਵੱਖ ਮੁਲਕਾਂ ’ਚ ਸਥਾਪਿਤ ਖ਼ਾਲਸਾ ਕਾਲਜ ਵਿਦਿਆਰਥੀਆਂ ਦੇ ਓਵਰਸੀਜ਼ ਯੂਨਿਟ ਬਣਾਉਣ ਅਤੇ ਇੰਟਰਨੈਸ਼ਨਲ ਕੋਆਰਡੀਨੇਟਰ ਬਣਾਉਣ ਦੀ ਵੀ ਜ਼ਿੰਮੇਵਾਰੀ ਸੌਂਪੀ।ਅਮਰੀਕਾ ਤੋਂ ਆਏ ਜੋਗਾ ਸਿੰਘ ਸੰਧੂ, ਅਧਿਆਪਕ ਆਗੂ ਗੁਰਪ੍ਰੀਤ ਸਿੰਘ ਰਿਆੜ, ਹਰਪ੍ਰੀਤ ਸਿੰਘ ਭੱਟੀ ਅਤੇ ਗੁਰਪਾਲ ਸਿੰਘ ਕੈਨੇਡਾ ਆਦਿ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਡਾ. ਛੀਨਾ ਨੂੰ ਸਹਿਯੋਗ ਦੇਣ ਦਾ ਯਕੀਨ ਦਿਵਾਇਆ।
ਉਨ੍ਹਾਂ ਕਿਹਾ ਕਿ ਕਾਲਜ ਹਰ ਸਾਲ ਐਲੂਮਨੀ ਮੀਟ ਕਰਵਾ ਕੇ ਸਾਬਕਾ ਵਿਦਿਆਰਥੀਆਂ ਨੂੰ ਆਪਣੀ ਮਾਤਰੀ ਸੰਸਥਾ ’ਚ ਪਹੁੰਚ ਕੇ ਪੁਰਾਣੀਆਂ ਯਾਦਾਂ ਤਾਜਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਅਗਲੀ ਸਾਬਕਾ ਵਿਦਿਆਰਥੀਆਂ ਦੀ ਮਿਲਨੀ ਅਤੇ ਖ਼ਾਲਸਾ ਕਾਲਜ ਦੀ ਹੋਂਦ ਦੀ 125ਵੀਂ ਵਰ੍ਹੇਗੰਢ ਸਬੰਧੀ ਸਮਾਰੋਹ ਇਸੇ ਸਾਲ ’ਚ ਕੀਤੇ ਜਾਣਗੇ।
ਇਸ ਮੌਕੇ ਖ਼ਾਲਸਾ ਕਾਲਜ ਐਲੂਮਨੀ ਐਸੋਸੀਏਸ਼ਨ ਦੇ ਨਵਨਿਯੁਕਤ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਦੁਨੀਆ ਭਰ ਦੇ ਖ਼ਾਲਸਾ ਕਾਲਜ ਐਲੂਮਨੀ ਨੂੰ ਸੰਗਠਿਤ ਕਰਨ ਅਤੇ ਕਾਲਜ ਦੀ ਮਹਾਨ ਵਿਰਾਸਤ ਨੂੰ ਦੁਨੀਆ ਦੀਆਂ ਕੌਮਾਂ ਅਤੇ ਦੁਨੀਆ ਦੇ ਸੱਭਿਆਚਾਰਾਂ ’ਚ ਵਧੇਰੇ ਰੌਸ਼ਨਾਉਣ ਲਈ ਸਮੂਹ ਕਾਲਜ ਵਿਦਿਆਰਥੀਆਂ ਦੇ ਸਹਿਯੋਗ ਨਾਲ ਸੰਜੀਦਾ ਯਤਨ ਜਟਾਉਣਗੇ।
ਪ੍ਰਿੰ: ਡਾ. ਮਹਿਲ ਸਿੰਘ ਨੇ ਸਾਬਕਾ ਵਿਦਿਆਰਥੀਆਂ ਦੇ ਸਵਾਗਤ ’ਚ ਕਿਹਾ ਕਿ 125 ਸਾਲਾ ਤੋਂ ਖ਼ਾਲਸਾ ਕਾਲਜ ਮਨੁੱਖਤਾ ਦੀ ਸੇਵਾ ’ਚ ਵਿੱਦਿਆ ਦਾ ਪ੍ਰਸਾਰ ਕਰ ਰਹੇ ਹਨ ਅਤੇ ਇਸ ਨੇ ਕਈ ਨਾਮਵਰ ਖਿਡਾਰੀ, ਬਿਜਨਸਮੈਨ, ਰਾਜਨੀਤਿਕ, ਅਦਾਕਾਰ ਅਤੇ ਕੌਮੀ ਅਤੇ ਕੌਮਾਂਤਰੀ ਪੱਧਰ ਨਾਮਣਾ ਖੱਟਣ ਵਾਲੇ ਵਿਦਿਆਰਥੀ ਪੈਦੇ ਕੀਤੇ ਹਨ। ਖ਼ਾਲਸਾ ਕਾਲਜ ਜੋ ਕਿ ਕਈ ਅਣਗਿਣਤ ਅਭੁੱਲ ਯਾਦਾਂ ਨੂੰ ਸਮੋਏ ਬੈਠਾ ਹੈ, ਜਿਸ ਨੂੰ ਕਦੇ ਵੀ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ ਅਤੇ ਜਿਸਦੀ ਸਥਾਪਨਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਜਿਉਂਦਾ ਰੱਖਣ ਲਈ ਅਤੇ ਖ਼ਾਲਸਾ ਹੋਂਦ ਨੂੰ ਬਰਕਰਾਰ ਰੱਖਣ ਲਈ ਉੇਸੇ ਵੇਲੇ ਵੱਡ-ਵਡੇਰਿਆਂ ਵੱਲੋਂ ਅਮੁੱਲਾਂ ਯੋਗਦਾਨ ਪਾ ਕੇ ਕੀਤੀ ਗਈ ਸੀ, ਨੂੰ ਸੀਸ ਨਿਵਾਉਂਦੇ ਹਾਂ।

ਇਸ ਮੌਕੇ  ਜੋਗਾ ਸਿੰਘ ਸੰਧੂ, ਹਰਮਨ ਪਨੂੰ ਅਤੇ ਜੱਸ ਔਲਖ ਨੇ ਆਪਣੇ ਵਿਦਿਆਰਥੀ ਜੀਵਨ ਨਾਲ ਸਬੰਧਿਤ ਵੇਲੇ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਇਸ ਵਿੱਦਿਅਕ ਸੰਸਥਾ ਤੋਂ ਵਿੱਦਿਆ ਹਾਸਲ ਕਰਕੇ ਜਿੰਦਗੀ ’ਚ ਕਾਮਯਾਬੀ ਹਾਸਲ ਕੀਤੀ ਹੈ, ਜਿਸ ਲਈ ਉਹ ਕਾਲਜ ਦੇ ਹਮੇਸ਼ਾਂ ਰਿਣੀ ਰਹਿਣਗੇ।ਇਸ ਮੌਕੇ ਗੁਰਪ੍ਰੀਤ ਸਿੰਘ ਰਿਆੜ (ਸਰਪ੍ਰਸਤ ਮਾਸਟਰ ਕੇਡਰ ਯੂਨੀਅਨ ਪੰਜਾਬ), ਸਤਨਾਮ ਸਿੰਘ ਛੀਨਾ ਸ਼ੁੱਕਰਚੱਕ, ਕੁਲਬੀਰ ਸਿੰਘ ਬਰਾੜ, ਗੁਰਇੰਦਰ ਸਿੰਘ,  ਹਰਪ੍ਰੀਤ ਸਿੰਘ ਭੱਟੀ, ਰਵਿੰਦਰ ਸਿੰਘ ਬੱਬੀ ਗਿੱਲ (ਅਮਰੀਕਾ), ਤਰਸੇਮ ਸਿੰਘ ਛੇਹਰਟਾ, ਤਲਜੀਤ ਸਿੰਘ ਸੰਧੂ ਛੇਹਰਟਾ, ਹਰਜੀਤ ਸਿੰਘ ਸੰਧੂ ਨੌਸ਼ਹਿਰਾ, ਅੰਡਰ ਸੈਕਟਰੀ ਡੀ. ਐਸ ਰਟੌਲ ਤੋਂ ਇਲਾਵਾ ਹੋਰ ਸਖਸ਼ੀਅਤਾਂ ਮੌਜ਼ੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply