ਨਵੀਂ ਦਿੱਲੀ, 25 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਰਾਜੌਰੀ ਗਾਰਡਨ ਵਿਧਾਨ ਸਭਾ ਖੇਤਰ ਦੀ ਜਿਮਨੀ ਚੋਣ ਜਿੱਤਣ ’ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿਚ ਧੰਨਵਾਦੀ ਸਮਾਗਮ ਆਯੋਜਿਤ ਕੀਤਾ ਗਿਆ। ਅਕਾਲੀ ਦਲ ਦੇ ਆਗੂ ਅਤੇ ਸਿਰਸਾ ਦੇ ਮੁੱਖ ਸਲਾਹਕਾਰ ਹਰਜੀਤ ਸਿੰਘ ਬੇਦੀ ਵੱਲੋਂ ਰਾਜੌਰੀ ਗਾਰਡਨ ਦੇ ਡੀ-ਗ੍ਰੇਂਡ ਬੈਂਕਿਟ ਵਿਖੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਵੀ ਹਾਜ਼ਰੀ ਭਰੀ।
ਜੀ.ਕੇ ਨੇ ਅਕਾਲੀ-ਭਾਜਪਾ ਕਾਰਕੁਨਾ ਨੂੰ ਸਿਰਸਾ ਦੀ ਇਤਿਹਾਸਕ ਜਿੱਤ ਦੀ ਵਧਾਈ ਦਿੰਦੇ ਹੋਏ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਜੀ.ਕੇ ਨੇ ਦਿੱਲੀ ਨਗਰ ਨਿਗਮ ਚੋਣਾਂ ਤੋਂ ਪਹਿਲਾ ਜਿਮਨੀ ਚੋਣ ’ਚ ਸਿਰਸਾ ਦੀ ਹੋਈ ਜਿੱਤ ਨੂੰ ਨਿਗਮ ਚੋਣਾਂ ਜਿੱਤਣ ਦੇ ਅਕਾਲੀ-ਭਾਜਪਾ ਗਠਬੰਧਨ ਦੇ ਮੁੱਢ ਬੰਨਣ ਵੱਜੋਂ ਪਰਿਭਾਸ਼ਿਤ ਕੀਤਾ। ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਤੋਂ ਲੋਕਾਂ ਦੀ ਨਰਾਜਗੀ ਨੂੰ ਵੀ ਜੀ.ਕੇ ਨੇ ਸਿਰਸਾ ਦੀ ਜਿੱਤ ਦਾ ਵੱਡਾ ਕਾਰਨ ਦੱਸਿਆ।
ਸਿਰਸਾ ਨੇ ਆਪਣੀ ਤਕਰੀਰ ਦੌਰਾਨ ਬਿਨਾਂ ਕਿਸੇ ਦਾ ਨਾਂ ਲਏ ਅੰਦਰਖਾਤੇ ਉਨ੍ਹਾਂ ਨੂੰ ਹਰਾਉਣ ਦੀ ਤਿਆਰੀ ਕਰਦੇ ਰਹੇ ਆਗੂਆਂ ਨੂੰ ਆਪਣੇ ਨਿਸ਼ਾਨੇ ’ਤੇ ਲਿਆ।ਸਿਰਸਾ ਨੇ ਕਿਹਾ ਕਿ ਮੈਂ ਸਿਰਫ਼ ਉਸਾਰੂ ਸੋਚ ਨਾਲ ਚੋਣ ਲੜੀ ਸੀ, ਪਰ ਸਾਡੇ ਕੁੱਝ ਲੋਕਾਂ ਨੇ ਮੈਨੂੰ ਜਿੱਤ ਦੀ ਲੀਹੋਂ ਲਾਹੁਣ ਵਾਸਤੇ ਜੋ ਕਾਰਗੁਜਾਰੀਆਂ ਕੀਤੀਆਂ ਉਹ ਪਾਰਟੀ ਦੀ ਵਫਾਦਾਰੀ ਦੇ ਨਾਂ ’ਤੇ ਛਲਾਵਾ ਸਨ। ਬੀਤੇ 4 ਸਾਲਾਂ ਦੌਰਾਨ 5 ਚੋਣਾਂ ਲੜਨ ਦਾ ਹਵਾਲਾ ਦਿੰਦੇ ਹੋਏ ਸਿਰਸਾ ਨੇ ਕਾਰਕੁਨਾ ਨੂੰ ਚੋਣਾਂ ਲਈ ਹਰ ਵੇਲੇ ਤਿਆਰ ਰਹਿਣ ਦੀ ਅਪੀਲ ਕੀਤੀ।
ਸਿਰਸਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੈਂਨੂੰ ਜਿਤਾਉਣ ਲਈ ਆਪਣੇ ਕੰਮਕਾਜ ਦੀ ਪਰਵਾਹ ਨਾ ਕਰਦੇ ਹੋਏ ਮੇਰੀ ਹਿਮਾਇਤ ਕੀਤੀ ਹੈ, ਮੈਂ ਉਨ੍ਹਾਂ ਦਾ ਕਰਜਦਾਰ ਹਾਂ। ਸਿਰਸਾ ਨੇ ਸਾਫ਼ ਕਿਹਾ ਕਿ ਉਨ੍ਹਾਂ ਦੀ ਮੰਜ਼ਿਲ ਵਿਧਾਇਕੀ ਨਹੀਂ ਹੈ।ਸਗੋਂ ਕਈ ਮੰਜਿਲਾਂ ਅੱਗੇ ਵੱਧ ਕੇ ਪ੍ਰਾਪਤ ਕਰਨੀਆਂ ਹਨ। ਇਸ ਕਰਕੇ ਹੀ ਬੀਤੇ 10 ਸਾਲ ਦੇ ਸਿਆਸੀ ਸਫ਼ਰ ਦੌਰਾਨ ਉਨ੍ਹਾਂ ਨੇ ਆਪਣੇ ਵਿਰੋਧ ਕਰਨ ਵਾਲਿਆਂ ਨੂੰ ਜੁਆਬ ਦੇਣ ਦੀ ਬਜਾਏ ਅੱਗੇ ਵੱਧਣ ’ਚ ਵਿਸ਼ਵਾਸ ਰੱਖਿਆ ਹੈ।
ਰਾਜੌਰੀ ਗਾਰਡਨ ਦੀ ਜਨਤਾ ਦੀ ਦੁੱਖ-ਤਕਲੀਫ ਨੂੰ ਆਪਣਾ ਦੱਸਦੇ ਹੋਏ ਸਿਰਸਾ ਨੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੇ ਈ.ਵੀ.ਐਮ ਰਾਗ ਦਾ ਜੁਆਬ ਵਿਧਾਨਸਭਾ ਵਿਚ ਜੋਰ-ਸ਼ੋਰ ਨਾਲ ਦੇਣ ਦਾ ਐਲਾਨ ਕੀਤਾ। ਸਿਰਸਾ ਨੇ ਕੇਜਰੀਵਾਲ ਨੂੰ ਤਾੜਨਾ ਕਰਦਿਆ ਕਿਹਾ ਕਿ ਤੁਹਾਡੀ ਨਾਲਾਇਕੀ ਕਰਕੇ ਲੋਕੀ ਤੁਹਾਨੂੰ ਵੋਟਾਂ ਨਹੀਂ ਪਾ ਰਹੇ ਹਨ ਤੇ ਤੁਸੀਂ ਈ.ਵੀ.ਐਮ. ਨੂੰ ਆਪਣੀ ਹਾਰ ਦਾ ਕਾਰਨ ਦੱਸਕੇ ਝੂਠ ਦੇ ਬੁੱਕਲ ’ਚ ਲੁੱਕਣ ਦੀ ਕੋਸ਼ਿਸ਼ ਕਰ ਰਹੇ ਹੋ।
ਇਸ ਮੌਕੇ ਨਿਗਮ ਚੋਣ ਲੜ ਰਹੇ ਅਕਾਲੀ ਆਗੂ ਅਮਰਜੀਤ ਸਿੰਘ ਫਤਹਿ ਨਗਰ, ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਚਮਨ ਸਿੰੰਘ, ਪਰਮਜੀਤ ਸਿੰਘ ਚੰਢੋਕ, ਰਮਿੰਦਰ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ ਭਾਟਿਆ, ਵਿਕਰਮ ਸਿੰਘ, ਸਰਵਜੀਤ ਸਿੰਘ ਵਿਰਕ, ਆਤਮਾ ਸਿੰਘ ਲੁਬਾਣਾ, ਅਕਾਲੀ ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਸਾਬਕਾ ਨਿਗਮ ਪਾਰਸ਼ਦ ਸ਼ਸ਼ੀ ਤਲਵਾਰ, ਭਾਜਪਾ ਜਿਲ੍ਹਾ ਪ੍ਰਧਾਨ ਰਮੇਸ਼ ਖੰਨਾ ਸਣੇ ਅਕਾਲੀ-ਭਾਜਪਾ ਦੇ ਸੈਂਕੜੇ ਕਾਰਕੁਨ ਮੌਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media