Wednesday, March 18, 2026

ਮੁੱਖ ਮੰਤਰੀ ਨੇ ਦਿੱਤੀ ਅੰਮ੍ਰਿਤਸਰ ਵਿਖੇ ਮਸੀਹ ਭਵਨ ਦੇ ਨਿਰਮਾਣ ਲਈ 1695 ਵਰਗ ਗਜ਼ ਜਗ੍ਹਾ ਦੇਣ ‘ਤੇ ਸਹਿਮਤੀ – ਮਸੀਹ

ਗੁਰਦਾਸਪੁਰ ਦੇ ਮਸੀਹ ਭਵਨ ਲਈ 10 ਲੱਖ ਦੀ ਗ੍ਰਾਂਟ ਦਾ ਐਲਾਨ

Parkash Singh Badal

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ)- ‘ਪੰਜਾਬ ਦੇ ਮੁੱਖ ਮੰਤਰੀ  ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਖੇ ਮਸੀਹ ਭਵਨ ਦੇ ਨਿਰਮਾਣ ਲਈ 1695 ਵਰਗ ਗਜ਼ ਜਗ੍ਹਾ ਅਲਾਟ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। ਉਕਤ ਭਵਨ ਦੇ ਨਿਰਮਾਣ ਲਈ ਰਾਜ ਸਰਕਾਰ ਨੇ ਪਹਿਲਾਂ ਹੀ ਇਸ ਮਕਸਦ ਲਈ 25 ਲੱਖ ਰੁਪਏ ਅਲਾਟ ਕਰ ਦਿੱਤੇ ਹਨ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਮੁਨਵਰ ਮਸੀਹ ਨੇ ਦੱਸਿਆ ਕਿ ਕੱਲ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਇਹ ਖੁਲਦਿਲੀ ਵਿਖਾਉਂਦੇ ਹੋਏ ਮੁੱਖ ਮੰਤਰੀ ਨੇ ਮੁਸਲਿਮ ਅਤੇ ਇਸਾਈ ਭਾਈਚਾਰੇ ਪ੍ਰਤੀ ਆਪਣੀ ਸਦਭਾਵਨਾ ਦਾ ਪ੍ਰਗਟਾਵਾ ਕਰਦੇ ਵਿੱਤ ਵਿਭਾਗ ਨੂੰ ਕਬਰਸਾਨਾਂ ਲਈ ਜ਼ਮੀਨ ਖਰੀਦਣ ਵਾਸਤੇ ਰਾਜ ਦੇ ਸਾਲਾਨਾ ਬਜਟ ਵਿਚ ਨਿਯਮਤ ਤੌਰ ‘ਤੇ ਬਜਟ ਵਿਵਸਥਾ ਕਰਨ ਲਈ ਵੀ ਆਖਿਆ ਹੈ। ਉਨ੍ਹਾਂ ਦੱਸਿਆ ਕਿ ਕੱਲ ਘੱਟ ਗਿਣਤੀਆਂ ਦੀ ਮੰਗਾਂ ਲਈ ਮੈਂ ਇਕ ਵਫਦ ਨਾਲ ਮੁੱਖ ਮੰਤਰੀ ਸ. ਬਾਦਲ ਨੂੰ ਮਿਲਿਆ ਤਾਂ ਉਨ੍ਹਾਂ ਨੇ ਵਫਦ ਦੀਆਂ ਮੰੰਗਾਂ ਪ੍ਰਵਾਨ ਕਰਦੇ ਹੋਏ ਸਬੰਧਤ ਵਿਭਾਗਾਂ ਨੂੰ ਇਹ ਹਦਾਇਤਾਂ ਮੌਕੇ ‘ਤੇ ਜਾਰੀ ਕਰ ਦਿੱਤੀਆਂ। ਸ੍ਰੀ ਮਸੀਹ ਨੇ ਕਿਹਾ ਕਿ ਇਸ ਅਲਾਟਮੈਂਟ ਤੋਂ ਤਰੁੰਤ ਬਾਅਦ ਅੰਮ੍ਰਿਤਸਰ ਵਿਖੇ ਮਸੀਹੀ ਭਵਨ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਵੇਗਾ, ਕਿਉਂਕਿ ਸਰਕਾਰ ਇਸ ਲਈ 25 ਲੱਖ ਰੁਪਏ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸ. ਬਾਦਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਉਸਾਰੀ ਅਧੀਨ ‘ਮਸੀਹ ਭਵਨ’ ਦਾ ਕਬਜ਼ਾ ਸੋਸਾਇਟੀ ਨੂੰ ਦੇਣ ਦੇ ਹੁਕਮ ਵੀ ਦਿੱਤੇ ਜੋ ਕਿ ਇਸ ਪ੍ਰਾਜੈਕਟ ਨੂੰ ਵੇਖ ਰਹੀ ਹੈ।  ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਦਾ ਜਲਦੀ ਨਾਲ ਨਿਰਮਾਣ ਕੰਮ ਮੁਕੰਮਲ ਕਰਨ ਲਈ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ ਹੈ।  ਸ. ਬਾਦਲ ਨੇ ਵਫਦ ਨੂੰ ਇਹ ਭਰੋਸਾ ਵੀ ਦਿਵਾਇਆ ਕਿ ਗਰੀਬੀ ਦੀ ਰੇਖਾ ਤੋਂ ਹੇਠਾਂ ਵਾਲੀਆਂ ਈਸਾਈ ਅਤੇ ਮੁਸਲਿਮ ਘਟ ਗਿਣਤੀਆਂ ਲਈ ਪਖਾਨੇ ਬਣਾਉਣ ਸਬੰਧੀ ਉਨ੍ਹਾਂ ਦੀ ਮੰਗ ਦਾ ਪੂਰੀ ਤਰ੍ਹਾਂ ਜਾਇਜ਼ਾ ਲਿਆ ਜਾਵੇਗਾ ਅਤੇ ਇਹ ਯੋਜਨਾ ਮੁਕੰਮਲ ਕੀਤੀ ਜਾਵੇਗੀ।ਇਸ ਮੌਕੇ ਹਾਜ਼ਰ ਹੋਰਨਾਂ ਵਿਚ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ, ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਵਿੱਤ ਕਮਿਸ਼ਨਰ ਗ੍ਰਹਿ ਸ੍ਰੀ ਜਗਪਾਲ ਸਿੰਘ, ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ ਸ੍ਰੀ ਏ.ਵੇਨੂੰ ਪ੍ਰਸ਼ਾਦ, ਮੁੱਖ ਪ੍ਰਸ਼ਾਸਕ ਗਮਾਡਾ ਸ੍ਰੀ ਏ.ਕੇ. ਸਿਨਹਾ, ਸਕੱਤਰ ਸਥਾਨਕ ਸਰਕਾਰ ਸ੍ਰੀ ਅਸ਼ੋਕ ਗੁਪਤਾ, ਵਿਸ਼ੇਸ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਅਜੋਏ ਕੁਮਾਰ ਸ਼ਰਮਾ ਤੇ ਏ.ਡੀ.ਜੀ.ਪੀ (ਕਰਾਈਮ) ਸ੍ਰੀ ਜਸਮਿੰਦਰ ਸਿੰਘ ਸ਼ਾਮਲ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply