
ਅੰਮ੍ਰਿਤਸਰ, 25 ਜੂਨ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੈਲਥ ਐਂਡ ਲਾਈਫ ਸਾਇੰਸਜ਼ ਵਿਸ਼ੇ ‘ਤੇ 21-ਦਿਨਾ ਰਿਫਰੈਸ਼ਰ ਕੋਰਸ ਅੱਜ ਇਥੇ ਸੰਪੰਨ ਹੋ ਗਿਆ। ਇਹ ਕੋਰਸ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵੱਲੋਂ ਕਰਵਾਇਆ ਗਿਆ ਸੀ। ਅਮਿਟੀ ਯੂਨੀਵਰਸਿਟੀ ਦੇ ਅਮਿਟੀ ਇੰਸਟੀਚਿਊਟ ਆਫ ਮਾਈਕਰੋਬਾਇਲ ਟੈਕਨਾਲੋਜੀ ਦੇ ਡਾਇਰੈਕਟਰ ਜਨਰਲ, ਪ੍ਰੋ. ਅਜੀਤ ਵਰਮਾ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਸਨ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਆਪਣੇ-ਆਪਣੇ ਵਿਸ਼ਿਆਂ ਵਿਚ ਮਿਆਰੀ ਖੋਜ ਅਤੇ ਸਿਖਿਆ ਵੱਲ ਵਿਸ਼ੇਸ਼ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ। ਚੰਗੇ ਅਧਿਆਪਕ ਦੇ ਗੁਣਾਂ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਆਪਣੀਆਂ ਡਿਊਟੀਆਂ ਲਗਨ, ਪ੍ਰਤੀਬੱਧਤਾ ਅਤੇ ਮਿਸ਼ਨਰੀ ਭਾਵਨਾ ਨਾਲ ਨਿਭਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅਧਿਆਪਨ ਤੇ ਖੋਜ ਇਕ ਦੂਜੇ ਨਾਲ ਜੁੜੇ ਹੋਏ ਵਿਸ਼ੇ ਹਨ। ਅਧਿਆਪਨ ਕਰਦਿਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਜਿਨ੍ਹਾਂ ਦੇ ਹੱਲ ਲਈ ਖੋਜ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅਧਿਆਪਨ ਅਤੇ ਖੋਜ ਦੋਵੇਂ ਹੀ ਵਿਦਿਆਰਥੀਆਂ ਲਈ ਲਾਭਦਾਇਕ ਹਨ। ਉਨ੍ਹਾਂ ਕਿਹਾ ਕਿ ਸਿਖਿਆ ਦਾ ਮੁੱਖ ਉਦੇਸ਼ ਮਨੁੱਖ ਨੂੰ ਸਭਿਅਕ ਤੇ ਨਿਪੁੰਨ ਬਣਾਉਣਾ ਹੈ ਤਾਂ ਜੋ ਉਹ ਸਮਾਜ ਵਿਚ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰ ਸਕੇ।ਕੋਰਸ ਕੋਆਰਡੀਨੇਟਰ ਅਤੇ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਦੇ ਪ੍ਰੋ. ਦਲਜੀਤ ਸਿੰਘ ਅਰੋੜਾ ਨੇ ਕੋਰਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਰਸ ਦੌਰਾਨ ਅਧਿਆਪਕਾਂ ਨੂੰ ਵਿਸ਼ਾ ਮਾਹਿਰਾਂ, ਵਿਗਿਆਨੀਆਂ ਅਤੇ ਵਿਦਵਾਨਾਂ ਤੋਂ ਗਿਆਨ ਮੁਹਈਆ ਕਰਨ ਦਾ ਯਤਨ ਕੀਤਾ ਗਿਆ ਹੈ। ਫੈਕਲਟੀ ਆਫ ਲਾਈਫ ਸਾਇੰਸਜ਼ ਦੇ ਡੀਨ, ਪ੍ਰੋ. ਏ.ਜੇ.ਐਸ. ਭੰਵਰ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ। ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੋਰਸ ਵਿਚ ਭਾਗ ਲੈਣ ਵਾਲੇ ਅਧਿਆਪਕ ਕੋਰਸ ਦੌਰਾਨ ਪ੍ਰਾਪਤ ਗਿਆਨ ਨੂੰ ਉਹ ਆਪਣੇ ਵਿਦਿਆਰਥੀਆਂ, ਸਹਿਯੋਗੀਆਂ ਅਤੇ ਸਮਾਜ ਨਾਲ ਸਾਂਝਾ ਕਰਨ।ਪ੍ਰੋ. ਵਰਮਾ, ਡਾ. ਅਰੋੜਾ ਅਤੇ ਪ੍ਰੋ. ਭੰਵਰ ਨੇ ਅਧਿਆਪਕਾਂ ਨੂੰ ਸਰਟੀਫਿਕੇਟ ਤਕਸੀਮ ਕੀਤੇ। ਪ੍ਰੋ. ਭੰਵਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Punjab Post Daily Online Newspaper & Print Media