ਪਾਸਪੋਰਟ ਦਫਤਰ, ਆਈ.ਸੀ.ਪੀ ਅਟਾਰੀ ਦਾ ਕੀਤਾ ਦੌਰਾ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ) –
ਬੀਤੀ ਰਾਤ ਅੰਮ੍ਰਿਤਸਰ ਪਹੁੰਚੀ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਥਾਈ ਕਮੇਟੀ ਨੇ ਅੱਜ ਸਥਾਨਕ ਪਾਸਪੋਰਟ ਦਫਤਰ ਦਾ ਦੌਰਾ ਕੀਤਾ ਅਤੇ ਉਥੇ ਪਾਸਪੋਰਟ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਇਲਾਵਾ ਪਾਸਪੋਰਟ ਬਨਾਉਣ ਆਏ ਲੋਕਾਂ ਦੇ ਵੀ ਵਿਚਾਰ ਲਏ।ਪਾਸਪੋਰਟ ਅਧਿਕਾਰੀਆਂ ਨਾਲ ਮੀਟਿੰਗ ਵਿਚ ਉਨਾਂ ਨੇ ਪਾਸਪੋਰਟ ਸੇਵਾ ਨੂੰ ਹੋਰ ਬਿਹਤਰਨ ਬਨਾਉਣ ਦੇ ਆਸ਼ੇ ਨਾਲ ਇਸ ਦਫਤਰ ਦੇ ਕੰਮਕਾਜ ਬਾਰੇ ਸੁਝਾਅ ਲਏ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਸੰਸਦ ਮੈਂਬਰ ਸ੍ਰੀ ਸਸ਼ੀ ਥਰੂਰ, ਜੋ ਕਿ ਉਕਤ ਕਮੇਟੀ ਦੇ ਚੇਅਰਮੈਨ ਹਨ, ਨੇ ਦੱਸਿਆ ਕਿ ਦੇਸ਼ ਦੀ ਸੁਰੱਖਿਆ ਅਤੇ ਵਿਦੇਸ਼ ਨਾਲ ਜੁੜੇ ਹੋਰ ਮੁੱਦਿਆਂ ’ਤੇ ਰਿਪੋਰਟ ਤਿਆਰ ਕਰਨ ਲਈ ਉਹ ਸਰਹੱਦੀ ਪੱਟੀ ਦਾ ਦੌਰਾ ਕਰ ਰਹੇ ਹਨ, ਜੋ ਕਿ ਲੇਹ ਤੋਂ ਸ਼ੁਰੂ ਕੀਤਾ ਗਿਆ ਸੀ।
ਉਨਾਂ ਦੱਸਿਆ ਕਿ ਪਾਸਪੋਰਟ ਸੇਵਾ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਡਾਕ ਘਰਾਂ ਵਿਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ ਅਤੇ ਹੁਣ ਤੱਕ 86 ਡਾਕਘਰਾਂ ਵਿਚ ਇਹ ਸਹੂਲਤ ਦਿੱਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਛੇਤੀ ਹੀ ਇਸ ਸੇਵਾ ਦਾ ਘੇਰਾ ਹੋਰ ਵਧਾ ਕੇ ਨਵੇਂ ਡਾਕਘਰ ਇਸ ਸੂਚੀ ਵਿਚ ਸ਼ਾਮਿਲ ਕੀਤੇ ਜਾਣਗੇ।ਅੰਮ੍ਰਿਤਸਰ ਪਾਸਪੋਰਟ ਸੇਵਾ ਕੇਂਦਰ ਦੀ ਗੱਲ ਕਰਦੇ ਉਨਾਂ ਦੱਸਿਆ ਕਿ ਇਸ ਕੇਂਦਰ ਤੋਂ ਰੋਜਾਨਾ 850 ਦੇ ਕਰੀਬ ਪਾਸਪੋਰਟ ਜਾਰੀ ਕੀਤੇ ਜਾ ਰਹੇ ਹਨ ਅਤੇ ਅੱਜ ਇੱਥੇ ਪਾਸਪੋਰਟ ਬਨਾਉਣ ਆਏ ਲੋਕਾਂ ਨੂੰ ਮਿਲ ਕੇ ਮਹਿਸੂਸ ਹੋਇਆ ਹੈ ਕਿ ਉਕਤ ਕੇਂਦਰ ਠੀਕ ਕੰਮ ਕਰ ਰਿਹਾ ਹੈ।
ਕਲਭੂਸ਼ਨ ਯਾਦਵ ਬਾਰੇ ਪੁੱਛੇ ਜਾਣ ’ਤੇ ਕਮੇਟੀ ਮੈਂਬਰ ਸ੍ਰੀ ਅਮਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਇਸ ਮਾਮਲੇ ’ਤੇ ਗਲਤ ਰੰਗਤ ਦਿੱਤੀ ਜਾ ਰਹੀ ਹੈ ਅਤੇ ਕਲਭੂਸ਼ਨ ਨੂੰ ਨਿਆਂ ਮਿਲਣਾ ਚਾਹੀਦਾ ਹੈ।ਉਨਾਂ ਕਿਹਾ ਕਿ ਇਸ ਮੁੱਦੇ ’ਤੇ ਦੇਸ਼ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦਾ ਇਕੋ ਸਟੈਂਡ ਹੈ ਕਿ ਕਲਭੂਸ਼ਨ ਨੂੰ ਨਿਆਂ ਮਿਲੇ। ਉਨਾਂ ਪਾਕਿਸਤਾਨ ਦੀ ਇਸ ਮੁੱਦੇ ’ਤੇ ਤਿੱਖੀ ਨੁਕਤਾਚੀਨੀ ਕੀਤੀ। ਹਾਲ ਹੀ ਵਿਚ ਛੱਤੀਸਗੜ੍ਹ ਵਿਖੇ ਨਕਸਲੀਆਂ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਜਿਸ ਵਿਚ 26 ਸੀ ਆਰ ਪੀ ਐਫ ਦੇ ਜਵਾਨ ਸ਼ਹੀਦ ਹੋ ਗਏ ਸਨ, ਬਾਰੇ ਪੁੱਛੇ ਜਾਣ ’ਤੇ ਸ੍ਰੀ ਸਸ਼ੀ ਥਰੂਰ ਨੇ ਕਿਹਾ ਕਿ ਨਕਸਲੀਆਂ ਦੀ ਇਸ ਕਾਰਵਾਈ ਵਿਰੁੱਧ ਜਿੱਥੇ ਕੇਂਦਰ ਵੱਲੋਂ ਹਥਿਆਰਬੰਦ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਵਿਕਾਸ ਪੱਖੋਂ ਪਛੜ ਚੁੱਕੇ ਇਸ ਇਲਾਕੇ ਦੇ ਵਿਕਾਸ ਲਈ ਵੱਡੇ ਪੱਧਰ ’ਤੇ ਕਦਮ ਚੁੱਕਣ ਦੀ ਵੀ ਲੋੜ ਹੈ।
ਕਮੇਟੀ ਮੈਂਬਰਾਂ ਨੇ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਜਲਿਆਂ ਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਮੇਟੀ ਮੈਂਬਰਾਂ ਨੇ ਸਥਾਨਕ ਪਾਸਪੋਰਟ ਕੇਂਦਰ ਦਾ ਦੌਰਾ ਕਰਨ ਮਗਰੋਂ ਆਈ ਸੀ ਪੀ ਅਟਾਰੀ ਅਤੇ ਵਾਹਗਾ ਬਾਰਡਰ ’ਤੇ ਬੀ ਐਸ ਐਫ ਦੇ ਅਧਿਕਾਰੀਆਂ ਨਾਲ ਸੁਰੱਖਿਆ ਪ੍ਰਬੰਧਾਂ ਬਾਰੇ ਮੀਟਿੰਗ ਵੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਡਾ. ਮੁਮਤਾਜ ਸੰਗਮਿਤਾ, ਪ੍ਰੋ ਰਿਚਰਡ ਹੇਅ, ਸ੍ਰੀ ਸ਼ਰਦ ਤ੍ਰਿਪਾਠੀ, ਸ੍ਰੀ ਐਮ. ਵੈਂਕਟਸ਼ੇਵਰ ਰਾਓ ਵੀ ਹਾਜ਼ਰ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media