ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
‘ਸਮਾਜ ਵਿਚ ਹਰੇਕ ਆਦਮੀ ਆਪਣੀ ਪਛਾਣ ਬਨਾਉਣ ਲਈ ਸੰਘਰਸ਼ ਕਰਦਾ ਹੈ, ਪਰ ਜੋ ਪਛਾਣ ਤੁਹਾਡੇ ਵੱਲੋਂ ਇਮਾਨਦਾਰੀ ਅਤੇ ਮਿਹਨਤ ਨਾਲ ਕੀਤੇ ਕੰਮ ਨਾਲ ਬਣਦੀ ਹੈ, ਉਹ ਕਿਸੇ ਰਾਜਸੀ ਜਾਂ ਸਰਕਾਰੀ ਅਹੁਦੇ ਨਾਲ ਨਹੀਂ ਬਣ ਸਕਦੀ।‘ ਉਕਤ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਮਾਈ ਭਾਗੋ ਪੌਲੀਟੈਕਨਿਕ ਕਾਲਜ ਵਿਚ ਖੋਲ੍ਹੇ ਗਏ ਪਟਵਾਰ ਟਰੇਨਿੰਗ ਸਕੂਲ ਦਾ ਉਦਘਾਟਨ ਕਰਨ ਮਗਰੋਂ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਸੰਬੋਧਨ ਕਰਦੇ ਕੀਤਾ।ਸੰਘਾ ਨੇ ਕਿਹਾ ਕਿ ਪਟਵਾਰੀ ਸਾਡੇ ਸਮਾਜ ਵਿਚ ਬੜੇ ਮਾਣ-ਸਤਿਕਾਰ ਵਾਲਾ ਅਹੁੱਦਾ ਹੈ ਅਤੇ ਇਥੇ ਬੈਠ ਕੇ ਤੁਸੀਂ ਸਮਾਜ ਦੇ ਭਲੇ ਲਈ ਬਹੁਤ ਕੁੱਝ ਕਰ ਸਕਦੇ ਹੋ।ਇਕ ਆਮ ਇਨਸਾਨ ਨੂੰ ਨਿਆਂ ਦਿਵਾ ਕੇ ਤੁਸੀਂ ਆਪਣੇ ਅਹੁਦੇ ਦਾ ਸਦਉਪਯੋਗ ਕਰ ਸਕਦੇ ਹੋ।
ਉਨਾਂ ਨਵੇਂ ਭਰਤੀ ਪਟਵਾਰੀਆਂ ਨਾਲ ਜਾਣ-ਪਛਾਣ ਮਗਰੋਂ ਉਨਾਂ ਨੂੰ ਮੁਬਾਰਕ ਦਿੰਦੇ ਸੰਘਾ ਨੇ ਕਿਹਾ ਕਿ ਪੈਸੇ, ਸੋਹਣੇ ਕੱਪੜੇ ਅਤੇ ਵੱਡੀਆਂ ਗੱਡੀਆਂ, ਜੋ ਕਿ ਸਾਫ-ਸੁਥਰਾ ਅਤੇ ਨਿਰੋਗ ਜੀਵਨ ਲਈ ਜ਼ਰੂਰੀ ਵੀ ਨਹੀਂ, ਨਾਲ ਮਾਣ-ਇਜ਼ਤ ਨਹੀਂ ਮਿਲਦਾ, ਬਲਕਿ ਲੋਕਾਂ ਦੀ ਬਦ ਅਸੀਸਾਂ ਅਤੇ ਗਾਲਾਂ ਹੀ ਮਿਲਦੀਆਂ ਹਨ, ਕਿਉਂਕਿ ਹਰੇਕ ਨੂੰ ਪਤਾ ਹੁੰਦਾ ਹੈ ਕਿ ਇਹ ਪੈਸਾ ਕਿਥੋਂ ਆਇਆ ਹੈ? ਉਨਾਂ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਬੰਦੇ ਦਾ ਕੋਈ ਬਦਲ ਨਹੀਂ ਹੁੰਦਾ ਅਤੇ ਉਹ ਸੇਵਾ ਮੁੱਕਤੀ ਮਗਰੋਂ ਵੀ ਸਮਾਜ ਵਿਚ ਆਪਣੀ ਥਾਂ ਬਣਾ ਕੇ ਰਹਿੰਦਾ ਹੈ ਅਤੇ ਲੋਕ ਉਸਦੀ ਕਦਰ ਕਰਦੇ ਹਨ। ਉਨਾਂ ਨਵੇਂ ਰੰਗਰੂਟਾਂ ਨੂੰ ਇਸ ਪੜਾਈ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਵੀ ਕੀਤੀ, ਤਾਂ ਕਿ ਮਾਲ ਵਿਭਾਗ ਦੇ ਕਾਨੂੰਨ ਪੜ ਕੇ ਉਹ ਬਿਹਤਰ ਸੇਵਾਵਾਂ ਦੇ ਸਕਣ। ਕਾਲਜ ਕੰਪਲੈਕਸ ਵਿਚ ਪਹੁੰਚਣ ’ਤੇ ਪ੍ਰਿੰਸੀਪਲ ਨੌਨਿਹਾਲ ਸਿੰਘ ਨੇ ਡਿਪਟੀ ਕਮਿਸ਼ਨਰ ਸੰਘਾ ਨੂੰ ‘ਜੀ ਆਇਆਂ’ ਕਿਹਾ ਅਤੇ ਕਾਲਜ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਵਚਨ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਆਰ ਓ ਸ੍ਰੀ ਮੁਕੇਸ਼ ਕੁਮਾਰ, ਪ੍ਰਿੰਸੀਪਲ ਦਲਜੀਤ ਸਿੰਘ ਛੀਨਾ, ਜਤਿੰਦਰ ਸਿੰਘ ਕਾਨੂੰਗੋ, ਸ੍ਰੀ ਰਤਨਜੀਤ ਐਸ.ਕੇ, ਹਰਮਿੰਦਰ ਸਿੰਘ, ਨਿਰਮਲਜੀਤ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਪੰਜਾਬ, ਰੇਸ਼ਮ ਸਿੰਘ ਕਾਨੂੰਗੋ, ਰਾਕੇਸ਼ ਕੁਮਾਰ ਪਟਵਾਰੀ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media