Friday, September 25, 2026

ਅਮਨ ਪਸੰਦ ਜਥੇਬੰਦੀਆਂ ਵੱਲੋਂ ਦੋ ਜਵਾਨਾਂ ਦੇ ਸਿਰ ਕਲਮ ਕਰਨ ਦੀ ਸਖ਼ਤ ਨਿੰਦਾ

ਜਲੰਧਰ, 2 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਕਾਰ ਅਮਨ ਤੇ ਦੋਸਤੀ ਕਾਇਮ ਕਰਨ ਲਈ ਪਿਛਲੇ 20 ਸਾਲਾਂ ਤੋਂ ਯਤਨਸ਼ੀਲ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅਤੇ ਪੰਜਾਬ ਜਾਗ੍ਰਿਤੀ ਮੰਚ ਨੇ ਇਕ ਸਾਂਝੇ ਬਿਆਨ ਵਿਚ ਜੰਮੂ-ਕਸ਼ਮੀਰ ਦੀ ਕ੍ਰਿਸ਼ਨਾ ਘਾਟੀ ਵਿਚ ਪਾਕਿਸਤਾਨ ਦੀ ਫ਼ੌਜ ਅਤੇ ਉਸ ਦੀ ਕਥਿਤ ਬਾਰਡਰ ਐਕਸ਼ਨ ਟੀਮ ਵੱਲੋਂ ਭਾਰਤ ਦੇ ਦੋ ਜਵਾਨਾਂ ਪਰਮਜੀਤ ਸਿੰਘ ਨਾਇਬ ਸੂਬੇਦਾਰ (ਭਾਰਤੀ ਫ਼ੌਜ) ਅਤੇ ਸ੍ਰੀ ਪ੍ਰੇਮ ਸਾਗਰ ਹੈੱਡਕਾਂਸਟੇਬਲ (ਬੀ.ਐਸ.ਐਫ) ਦੇ ਸਿਰ ਕਲਮ ਕੀਤੇ ਜਾਣ ਦੀ ਅਣਮਨੁੱਖੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ ਹੈ। ਇਨ੍ਹਾਂ ਜਵਾਨਾਂ ਨੂੰ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਆਪਣੀ ਸ਼ਰਧਾਂਜਲੀ ਭੇਟ ਕਰਦਿਆਂ ਇਨ੍ਹਾਂ ਦੇ ਪਰਿਵਾਰਾਂ ਨਾਲ ਵੀ ਗਹਿਰੀ ਹਮਦਰਦੀ ਪ੍ਰਗਟ ਕੀਤੀ ਹੈ। ਇਨ੍ਹਾਂ ਜਥੇਬੰਦੀਆਂ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨੀ ਫ਼ੌਜ ਅਤੇ ਪਾਕਿਸਤਾਨ ਦੀ ਧਰਤੀ ਤੋਂ ਆਪਣੀਆਂ ਭਾਰਤ ਵਿਰੋਧੀ ਹਿੰਸਕ ਕਾਰਵਾਈਆਂ ਚਲਾ ਰਹੀਆਂ ਅੱਤਵਾਦੀ ਜਥੇਬੰਦੀਆਂ ਵੱਲੋਂ ਆਪਸੀ ਮਿਲੀਭੁਗਤ ਨਾਲ ਇਹ ਕਾਰਵਾਈ ਕੀਤੀ ਗਈ ਹੈ, ਕਿਉਂਕਿ ਪਾਕਿਸਤਾਨ ਦੀ ਫ਼ੌਜ ਲੰਮੇ ਸਮੇਂ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਬਿਹਤਰ ਸਬੰਧ ਬਣਾਉਣ ਦੇ ਯਤਨਾਂ ਨੂੰ ਸਾਬੋਤਾਜ ਕਰਨ ਲਈ ਅੱਤਵਾਦੀ ਜਥੇਬੰਦੀਆਂ ਨਾਲ ਮਿਲ ਕੇ ਅਜਿਹੀਆਂ ਹੀ ਕਾਰਵਾਈਆਂ ਕਰਦੀ ਆ ਰਹੀ ਹੈ। ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਸਵੀਕਾਰ ਕੀਤਾ ਕਿ ਪਾਕਿਸਤਾਨੀ ਫ਼ੌਜ ਦੇ ਇਸ ਕਾਰੇ ਨਾਲ ਪਹਿਲਾਂ ਹੀ ਖ਼ਰਾਬ ਚਲੇ ਆ ਰਹੇ ਭਾਰਤ-ਪਾਕਿ ਸਬੰਧਾਂ ਵਿਚ ਹੋਰ ਵਿਗਾੜ ਆਇਆ ਹੈ। ਭਾਰਤ ਦੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ।
ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਭਾਵੇਂ ਉਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਇਕ ਹੋਰ ਜੰਗ ਨਹੀਂ ਚਾਹੁੰਦੇ ਪਰ ਅਜੋਕੀ ਸਥਿਤੀ ਵਿਚ ਭਾਰਤ ਨੂੰ ਆਪਣੀ ਸੁਰੱਖਿਆ ਲਈ ਅਤੇ ਆਪਣੇ ਸੁਰੱਖਿਆ ਦਲਾਂ ਦੇ ਜਵਾਨਾਂ ਦਾ ਮਾਣ, ਸਤਿਕਾਰ ਤੇ ਸੁਰੱਖਿਆ ਬਣਾਈ ਰੱਖਣ ਲਈ ਸਭ ਸੰਭਵ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।ਉਕਤ ਸਾਂਝਾ ਬਿਆਨ ਜਾਰੀ ਕਰਨ ਵਾਲਿਆਂ ਵਿਚ ਹਿੰਦ-ਪਾਕਿ ਦੋਸਤੀ ਮੰਚ ਦੇ ਪ੍ਰਧਾਨ ਤੇ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਅਤੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਪੰਜਾਬ ਜਾਗ੍ਰਿਤੀ ਮੰਚ ਦੇ ਪ੍ਰਧਾਨ ਪ੍ਰੋ: ਪਿਆਰਾ ਸਿੰਘ ਭੋਗਲ ਅਤੇ ਸਕੱਤਰ ਦੀਪਕ ਬਾਲੀ ਸ਼ਾਮਿਲ ਹਨ।
ਇਸ ਦੇ ਨਾਲ ਹੀ ਇਨ੍ਹਾਂ ਜਥੇਬੰਦੀਆਂ ਨੇ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਇਸ ਖਿੱਤੇ ਵਿਚ ਅਮਨ, ਸਦਭਾਵਨਾ ਤੇ ਦੋਸਤੀ ਵਾਲਾ ਵਾਤਾਵਰਨ ਚਾਹੁਣ ਵਾਲੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਰ ਕਿਸਮ ਦੇ ਅੱਤਵਾਦ ਅਤੇ ਧਾਰਮਿਕ ਅਸਹਿਣਸ਼ੀਲਤਾ ਵਿਰੁੱਧ ਇਕਮੁੱਠ ਹੋ ਕੇ ਜ਼ੋਰਦਾਰ ਆਵਾਜ਼ ਬੁਲੰਦ ਕਰਨ ਅਤੇ ਆਪਣਾ ਉਕਤ ਨਿਸ਼ਾਨਾ ਪੂਰਾ ਕਰਨ ਲਈ ਇਸ ਖਿੱਤੇ ਵਿਚ ਇਕ ਸ਼ਕਤੀਸ਼ਾਲੀ ਅਮਨ ਲਹਿਰ ਖੜ੍ਹੀ ਕਰਨ ਲਈ ਯਤਨਸ਼ੀਲ ਹੋਣ ਅਤੇ ਇਸ ਦੇ ਨਾਲ ਹੀ ਖਿੱਤੇ ਦੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਸੀ ਸਾਰੇ ਮਸਲੇ ਪੁਰਅਮਨ ਗੱਲਬਾਤ ਰਾਹੀਂ ਹੱਲ ਕਰਨ ਲਈ ਮਜਬੂਰ ਕਰਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply