ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ ਸੱਗੂ) –
ਕੇਂਦਰ ਸਰਕਾਰ ਵੱਲੋਂ ਕਰਵਾਏ ਸਵੱਛ ਸਰਵੇਖਣ-2017 ਦੀ ਸੂਚੀ ਵਿੱਚ ‘‘ਸਿਫਤੀ ਦਾ ਘਰ ਸ਼੍ਰੀ ਅੰਮ੍ਰਿਤਸਰ’’ ਦੇ 258ਵੇਂ ਸਥਾਨ ‘ਤੇ ਆਉਣ ਕਾਰਨ ਸ਼ਹਿਰ ਵਾਸੀਆਂ ਵਿੱਚ ਹੀਣ-ਭਾਵਨਾ ਉਤਪੰਨ ਹੋਈ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਅੰਮ੍ਰਿਤ੍ਰਸਰ ਵਿਕਾਸ ਮੰਚ ਦੀ ਹੰਗਾਮੀ ਮੀਟਿੰਗ ਵਿੱਚ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਜਨਰਲ ਸਕੱਤਰ ਮਨਜੀਤ ਸਿੰਘ ਸੈਣੀ, ਪ੍ਰੋ ਮੋਹਣ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਲਖਬੀਰ ਸਿੰਘ ਘੁੰਮਣ, ਮਨਮੋਹਨ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਪ੍ਰਿੰੰਸੀਪਲ ਜੋੰਿਗਦਰ ਸਿੰਘ ਆਦਿ ਮੈਂਬਰ ਸ਼ਾਮਿਲ ਹੋਏ।
ਮੀਟਿੰਗ ਦੀ ਕਾਰਵਾਈ ਸਬੰਧੀ ਮੀਡੀਆ ਇੰਚਾਰਜ ਜਸਬੀਰ ਸਿੰਘ ਵਲੋਂ ਜਾਰੀ ਪੈਸ ਨੋਟ ਵਿੱਚ ਪ੍ਰਧਾਨ ਕੁਲਵੰਤ ਸਿੰਘ ਅਣਖੀ ਨੇ ਕਿਹਾ ਹੈ ਕਿ ਦੇਸ਼ ਦੀ ਕੇਂਦਰੀ ਅਤੇ ਪੰਜਾਬ ਦੀ ਸੂਬਾ ਸਰਕਾਰ ਨੇ ਇਸ ਮਹੱਤਵਪੂਰਨ ਤੱਥ ਨੂੰ ਸਵੀਕਾਰਿਆ ਹੀ ਨਹੀਂ ਕਿ ਸਿੱਖ ਧਰਮ ਦਾ ਕੇਂਦਰੀ ਸਥਾਨ ਹੋਣ ਕਾਰਨ ਅੰਮ੍ਰਿਤਸਰ ਦੁਨੀਆਂ ਦੇ ਕੁੱਝ ਗਿਣੇ-ਚੁਣੇ ਸ਼ਹਿਰਾਂ ਵਿੱਚ ਉਸ ਤਰ੍ਹਾਂ ਸ਼ੁਮਾਰ ਹੁੰਦਾ ਹੈ ਜਿਵੇਂ ਮੱਕਾ, ਵੈਟੀਕਨ ਸਿਟੀ ਅਤੇ ਯੂਰੋਸ਼ਲਮ। ਸ਼ਹਿਰ ਵਾਸੀਆਂ ਦੇ ਹਿਰਦੇ ਵਿੱਚ ਗਿਲਾ ਇਸ ਕਾਰਨ ਵੀ ਪੈਦਾ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਰੀਰਿਕ, ਮਾਨਸਿਕ ਅਤੇ ਵਾਤਾਵਰਣ ਦੀ ਸਫਾਈ ਨੂੰ ਉਤਮ ਸਥਾਨ ਦਿੱਤਾ ਹੋਣ ਦੇ ਬਾਵਜੂਦ ਸ਼ਹਿਰ ਦੀ ਸਥਾਨਕ ਕਾਰਪੋਰੇਸ਼ਨ ਨੇ ਸ਼ਹਿਰ ਦੀ ਸਫਾਈ ਵੱਲ ਉਕਾ ਹੀ ਤਵੱਜੋ ਨਹੀਂ ਦਿੱਤੀ।ਕਾਰਪੋਰੇਸ਼ਨ ‘ਤੇ ਕਾਬਜ਼ ਪਾਰਟੀਆਂ ਅਤੇ ਮੰਤਰੀਆਂ ਨੇ ਸ਼ਹਿਰ ਦੇ ਇਕਸਾਰ ਵਿਕਾਸ ਦੀ ਧਾਰਨਾ ਦੇ ਉਲਟ ਚੋਣਵੇਂ ਵਿਕਾਸ ਮਾਡਲ ਨੂੰ ਅਪਨਾ ਕੇ ਕੇਵਲ ਆਪਣੇ ਹਲਕੇ ਜਾਂ ਵਾਰਡ ਦੀ ਸਾਫ-ਸਫਾਈ ਵੱਲ ਹੀ ਧਿਆਨ ਦਿੱਤਾ।
ਪ੍ਰਧਾਨ ਅਣਖੀ ਨੇ ਆਖਿਆ ਹੈ ਕਿ ਬਦਲੇ ਰਾਜਨੀਤਿਕ ਹਾਲਾਤਾਂ ਵਿੱਚ ਅੰ�ਿਮਤਸਰੀਆਂ ਨੂੰ ਸਥਾਨਿਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਭਰਪੂਰ ਆਸਾਂ ਹਨ।ਕਿਉਂਕਿ ‘‘ਗੋ ਗਰੀਨ ਗੋ ਕਲੀਨ’’ ਦਾ ਸੰਕਲਪ ਇਸ ਸ਼ਖਸ ਦੇ ਦਿਮਾਗ ਦੀ ਉਪਜ ਸੀ ਤੇ ਇਸ ਸੰਕਲਪ ਨੂੰ ਅਸਲੀ ਰੂਪ ਦੇਣ ਲਈ ਉਨਾਂ ਨੇ ਭਲਿਆਂ ਵੇਲੇ ਆਪਣੀ ਜੇਬ ਵਿੱਚੋਂ ਇੱਕ ਕਰੋੜ ਰੁਪਿਆ ਦਿੱਤਾ ਸੀ।ਆਪਣੀ ਨੇਕ-ਨੀਅਤ, ਸੁਹਿਰਦਤਾ, ਇਮਾਨਦਾਰੀ ਅਤੇ ਕਰਮਸ਼ੀਲਤਾ ਲਈ ਆਪਣੇ ਵਿਰੋਧੀਆਂ ਵਿੱਚ ਵੀ ਪ੍ਰਸਿੱਧ ਨਵਜੋਤ ਸਿੰਘ ਸਿੱਧੂ ਤੋਂ ਸ਼ਹਿਰ ਵਾਸੀਆਂ ਨੂੰ ਪੂਰਨ ਆਸ ਹੈ ਕਿ ਉਹ ਛੇਤੀ ਹੀ ਠੋਸ ਕੂੜਾ ਪ੍ਰਬੰਧਨ ਪਲਾਂਟ (ਸਾਲਿਡ ਵੇਸਟ ਮੈਨੇਜਮੈਂਟ ਪਲਾਂਟ) ਨੂੰ ਸ਼ਹਿਰੋਂ ਦੂਰ ਕਿਸੇ ਢੁੱਕਵੀਂ ਥਾਂ ‘ਤੇ ਸਥਾਪਿਤ ਕਰਾਉਣਗੇ। ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨੀ ਸਫਾਈ ਨੂੰ ਹਰ ਗਲੀ, ਮੁਹੱਲੇ ਤੇ ਵਾਰਡ ਵਿੱਚ ਚਾਲੂ ਕਰਾਉਣਗੇ।ਹਰੇਕ ਘਰ ਵਿੱਚੋਂ ਕੂੜਾ ਇਕੱਠਾ ਕਰਨ ਦੀ ਵਿਗਿਆਨਕ ਪ੍ਰਣਾਲੀ ਨੂੰ ਚਾਲੂ ਕਰਾਉਣਗੇ।ਉਨਾਂ ਕਿਹਾ ਕਿ ਮੌਨਸੂਨ ਦੇ ਮੌਸਮ ਵਿੱਚ ਮੰਤਰੀ ਨਵਜੋਤ ਸਿੱਧੂ ਉਸ ਸੰਸਥਾ ਜਾਂ ਕੰਪਨੀ ਨੂੰ ਰੁੱਖ ਲਾਉਣ ਦੀ ਜਿੰਮੇਵਾਰੀ ਦੇਣਗੇ ਜੋ ਉਨ੍ਹਾਂ ਨੂੰ ਪਾਲਣ ਦਾ ਜਿੰਮਾ ਵੀ ਲਵੇ। ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਯੋਜਨਾ ਅਮਲ ਵਿੱਚ ਲਿਆੳਣਗੇ।ਅਵਾਰਾ ਕੁੱਤਿਆਂ ਅਤੇ ਡੰਗਰਾਂ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਵਿੱਚ ਵੀ ਠੋਸ ਉਪਰਾਲੇ ਕਰਨਗੇ।ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਨਿੱਗਰ ਯਤਨ ਕਰਨਗੇ ਤਾਂ ਕਿ ਅਗਲੇ ਸਾਲ ਅੰਮ੍ਰਿਤਸਰ ਸਵੱਛ ਸਰਵੇਖਣ 2018 ਦੀ ਸੂਚੀ ਵਿੱਚ ਉਚਤਮ ਸਥਾਨ ‘ਤੇ ਆ ਸਕੇ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media