ਸਮਰਾਲਾ, 8 ਮਈ (ਪੰਜਾਬ ਪੋਸਟ- ਕੰਗ) –
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. `ਚ ਕੰਮ ਕਰਦੀ ਮੁਲਾਜ਼ਮ ਜਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ (ਰਜਿ: 49) ਵੱਲੋਂ ਅੱਜ ਮੰਡਲ ਦਫ਼ਤਰ ਘੁਲਾਲ ਅੱਗੇ ਜਥੇਬੰਦੀ ਦਾ ਝੰਡਾ ਲਹਿਰਾ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਜਥੇਬੰਦੀ ਦੇ ਮੰਡਲ ਸਕੱਤਰ ਰੁਲਦਾ ਸਿੰਘ ਨੇ ਦੱਸਿਆ ਕਿ 1886 ਵਿੱਚ ਸਿਕਾਗੋਂ ਦੀ ਧਰਤੀ ਤੇ ਚੱਲੇ ਸੰਘਰਸ਼ਾਂ ਨੇ ਸਮੁੱਚੀ ਦੁਨੀਆਂ ਅੰਦਰ ਮਜ਼ਦੂਰ ਜਮਾਤ ਦੇ ਹੱਕਾਂ ਲਈ ਸੰਘਰਸ਼ ਵਿਸ਼ਾਲ ਤੇ ਤਿੱਖਾ ਹੋਇਆ ਅਤੇ ਮਜ਼ਦੂਰਾਂ ਲਈ ਕੁਰਬਾਨੀਆਂ ਦੇ ਕੇ ਸਹੂਲਤਾਂ ਲਈਆਂ ਗਈਆਂ ਅਤੇ ਮਜ਼ਦੂਰ ਜਮਾਤ ਲਈ ਨਵਾਂ ਫਲਸਫਾ ਲਿਖਿਆ ਗਿਆ ਹੈ।ਇਸ ਤੋਂ ਸੇਧ ਲੈ ਕੇ ਮਜ਼ਦੂਰ ਜਮਾਤ ਨੇ ਵੱਖ-ਵੱਖ ਦੇਸ਼ਾਂ ਵਿੱਚ ਸੱਤਾ ਤਬਦੀਲ ਕਰਕੇ ਮਜ਼ਦੂਰ ਪੱਖੀ ਸਰਕਾਰਾਂ ਬਣਾਈਆਂ।ਅੱਜ ਬਿਜਲੀ ਅਦਾਰੇ ਵਿੱਚ ਨਵੀਆਂ ਆਰਥਿਕ ਨੀਤੀਆਂ ਤਹਿਤ ਸੰਘਰਸ਼ਾਂ ਨੂੰ ਦਬਾਇਆ ਜਾ ਰਿਹਾ ਹੈ। ਟੀ.ਐਸ.ਯੂ ਦੇ ਆਗੂਆਂ ਨੂੰ ਬਾਰ-ਬਾਰ ਡਿਸਮਿਸ ਕੀਤਾ ਜਾ ਰਿਹਾ ਹੈ।ਪੱਕੀ ਭਰਤੀ ਤੇ ਪਾਬੰਦੀ ਲਾਈ ਹੋਈ ਹੈ।ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕੀਤਾ ਜਾ ਰਿਹਾ ਹੈ।ਬਿਜਲੀ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲੋਂ ਦਸੰਬਰ 2011 ਤੋਂ ਘੱਟ ਪੇਅ-ਗ੍ਰੇਡ ਦਿੱਤਾ ਜਾ ਰਿਹਾ ਹੈ।ਠੇਕੇਦਾਰੀ ਸਿਸਟਮ ਨੂੰ ਲਗਾਤਾਰ ਬੜਾਵਾ ਦਿੱਤਾ ਜਾ ਰਿਹਾ ਹੈ।ਇਸ ਸਮਾਗਮ ਨੂੰ ਸਬ ਡਵੀਜਨ ਆਗੂਆਂ ਸੁਰਜੀਤ ਕੁੁਮਾਰ, ਜੀਵਨ ਨਾਥ, ਕੁਲਵਿੰਦਰ ਸਿੰਘ, ਜਗਦੀਸ਼ ਸਿੰਘ, ਖੜਕ ਸਿੰਘ ਤੋਂ ਇਲਾਵਾ ਡਿਵੀਜਨ ਆਗੂ ਦਰਸ਼ਨ ਸਿੰਘ ਢੰਡਾ, ਸਰੂਪ ਸਿੰਘ ਗੜੀ, ਜਸਵੰਤ ਸਿੰਘ ਅਤੇ ਸਰਕਲ ਪ੍ਰਧਾਨ ਭਰਪੂਰ ਸਿੰਘ ਨੇ ਵੀ ਸੰਬੋਧਨ ਕਰਦਿਆਂ ਜਥੇਬੰਦੀ ਵੱਲੋਂ ਉਲੀਕੇ ਸੰਘਰਸ਼ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ ਅਤੇ ਇਸੇ ਤਰਾਂ ਝੰਡੇ ਦੀ ਰਸਮ 10 ਮਈ 2017 ਨੂੰ ਕੁਹਾੜਾ ਸਬ ਡਵੀਜਨ ਅਤੇ 11 ਮਈ 2017 ਨੂੰ ਖਮਾਣੋਂ ਸਬ ਡਵੀਜਨ, 12 ਮਈ 2017 ਨੂੰ ਸਬ-ਅਰਬਨ ਸਮਰਾਲਾ ਸਬ ਡਵੀਜਨ, 15 ਮਈ 2017 ਕਟਾਣੀ ਸਬ ਡਵੀਜਨ ਅਤੇ 17 ਮਈ 2017 ਨੂੰ ਮਾਛੀਵਾੜਾ ਸਾਹਿਬ ਵਿਖੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media