ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਰਾਮ ਕਰਨ ਸਿੰਘ ਰਾਮਾ ਨੇ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੇ ਬੀਜ ਵਿੱਚ ਡੀਲਰਾਂ ਵੱਲੋਂ ਕਿਸਾਨਾਂ ਦੀ ਭਾਰੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ।ਡੀਲਰਾਂ ਵੱਲੋਂ ਝੋਨੇ ਦੀ 212 ਕਿਸਮ ਨੂੰ ਵੱਡੀ ਪੱਧਰ ਤੇ ਵੇਚਿਆ ਜਾ ਰਿਹਾ ਹੈ, ਜਦੋਂਕਿ ਕਿਸਾਨਾਂ ਨੂੰ ਇਸ ਦਾ ਕੋਈ ਬਿਲ ਨਹੀਂ ਦਿੱਤਾ ਜਾ ਰਿਹਾ।ਰਾਮਾ ਨੇ ਦੱਸਿਆ ਕਿ ਡੀਲਰਾਂ ਵੱਲੋਂ ਝੋਨੇ ਦੇ ਬੀਜ ਵੇਚਣ ਦੀ ਕੋਈ ਕਾਨੰੂਨੀ ਮਾਨਤਾ ਪ੍ਰਾਪਤ ਨਹੀਂ ਮਿਲੀ ਹੈ। ਇਹ ਝੋਨੇ 212 ਦੀ ਕਿਸਮ ਨੂੰ 80 ਰੁਪਏ ਤੋਂ ਲੈ ਕੇ 100 ਰੁਪਏ ਕਿਲੋ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਾਂਦਾ ਹੈ, ਜਦੋਂ ਕਿ ਇਹ ਬੀਜ ਉਨਾਂ ਨੂੰ 25 ਰੁਪਏ ਕਿਲੋ ਦੇ ਹਿਸਾਬ ਨਾਲ ਪੈਂਦਾ ਹੈ। ਇਸ ਮੌਕੇ ਉਨਾਂ ਤਿੰਨ ਫਰਮਾਂ ਵੱਲੋਂ ਵੇਚੇ ਜਾ ਰਹੇ ਕੰਪਨੀਆਂ ਦੇ ਗੱਟੇ ਦਿਖਾਏ ਜਿੰਨਾਂ `ਤੇ ਪੀ.ਆਰ 212, ਸੀ.ਆਰ 212 ਲਿਖਿਆ ਹੋਇਆ ਹੈ।ਉਨਾਂ ਦੱਸਿਆ ਕਿ ਡੀਲਰਾਂ ਵੱਲੋਂ ਇਸ ਨੂੰ ਵੱਡੀ ਪੱਧਰ ਤੇ ਬਲੈਕ ਕਰਕੇ ਵੇਚਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਚੁੱਕਿਆ ਹੈ।ਜਦੋਂਕਿ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੀਜ ਕੋਈ ਵੀ ਲਿਆ ਜਾਵੇੇ ਤਾਂ ਉਸ ਦੀ ਕੀਮਤ 30-35 ਰੁਪਏ ਕਿਲੋ ਮਿਲਦੀ ਹੈ । ਯੂਨੀਅਨ ਨੇ ਪੰਜਾਬ ਸਰਕਾਰ ਤੋਂ ਇਸ ਬੀਜ ਸਬੰਧੀ ਸਪੱਸ਼ਟੀਕਰਨ ਮੰਗਿਆ ਕਿ ਸਰਕਾਰ ਆਉਦੇ ਸਮੇਂ ਵਿੱਚ ਕੀ ਇਸ ਦੀ ਖਰੀਦ ਕਰੇਗੀ ਤੇ ਕੀ ਇਸ ਬੀਜ ਦਾ ਪੂਰਾ ਝਾੜ ਦੇਣ ਦੀ ਗਰੰਟੀ ਲੈਂਦੀ ਹੈ? ਇਹ ਬੀਜ ਕਿਊਂ ਮਹਿੰਗੇ ਭਾਅ `ਤੇ ਵੇਚਿਆ ਜਾ ਰਿਹਾ ਹੈ? ਆਗੂਆਂ ਨੇ ਦੱਸਿਆ ਕਿ ਅੱਜ ਇਸ ਬੀਜ ਦੇ ਗੱਟੇ ਡਿਪਟੀ ਕਮਿਸ਼ਨਰ ਨੂੰ ਦਿਖਾਉਣ ਲਈ ਗਏ ਸਨ, ਪਰ ਉਨਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।ਰਾਮ ਕਰਨ ਸਿੰਘ ਰਾਮਾ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ 3540 ਬੀਜ ਮਾਨਤਾ ਪ੍ਰਾਪਤ ਹੈ, 5 ਕਿਲੋ ਨਾਲ ਇੱਕ ਏਕੜ ਵਿੱਚ ਬਿਜਾਈ ਹੁੰਦੀ ਹੈ।ਉਨਾਂ ਦੋਸ਼ ਲਗਾਉਂਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਤੇ ਉਕਤ ਫਰਮਾਂ ਨਾਲ ਮਿਲਿਆ ਹੋਇਆ ਹੈ ਅਤੇ ਉਨਾਂ ਦੀ ਮਿਲਭੁਗਤ ਕਾਰਣ ਹੀ ਇਹ ਨਕਲੀ ਬੀਜ ਵਿੱਕ ਰਿਹਾ ਹੈ।ਇਸ ਮੌਕੇ ਦਾਰਾ ਸਿੰਘ ਮਾਈਸਰਖਾਨਾ ਜ਼ਿਲਾ ਪ੍ਰਧਾਨ ਬਠਿੰਡਾ, ਸਰੂਪ ਸਿੰਘ ਸਿੱਧੂ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਮਾਘੀ ਸਿੰਘ ਗਾਟਵਾਲੀ ਅਤੇ ਕਰਮਜੀਤ ਸਿੰਘ ਜੱਜਲ ਮੌਜ਼ੂਦ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media