ਬਠਿੰਡਾ, 17 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਬਠਿੰਡਾ ਦੀ ਨਾਨਕ ਲੇਵਾ ਸਿੱਖ ਸੰਗਤ ਵਲੋਂ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੱਖੀ ਦੇ ਭੇਖ ਵਿੱਚ ਉਨਾਂ ਖਰੂਦੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਿਹੜੇ ਵੱਖਰੀ ਵਿਚਾਰਧਾਰਾ `ਤੇ ਅਧਾਰਿਤ ਗੁਰਦੁਆਰਿਆਂ ਦੀ ਹਦੂਦ ਵਿੱਚ ਹੋਰਨਾਂ ਸਿੱਖਾਂ ਦੀਆਂ ਪੱਗਾਂ ਉਤਾ ਅਤੇ ਆਪਣੀਆਂ ਉਤਰਵਾ ਕੇ ਵਿਸ਼ਵ-ਭਰ ਵਿੱਚ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ।ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਇਸ ਸਮੇਂ ਸਿੱਖ ਕੌਮ ਵਿੱਚ ਲੜਾਈ ਮਿਸ਼ਨਰੀ ਬਨਾਮ ਟਕਸਲੀਆਂ ਜਾਂ ਡੇਰਾਵਾਦੀਆਂ ਵਿਚਕਾਰ ਨਹੀਂ ਬਲਕਿ ਗੁਰਮਤਿ ਬਨਾਮ ਮਨਮਤਿ ਵਿਚਕਾਰ ਹੈ।।
ਇਹੋ ਕਾਰਨ ਹੈ ਕਿ ਜਦ ਤੱਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਨੂੰ ਸੰਤ ਕਹਾਉਂਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੈਰੀਂ ਹੱਥ ਲਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਚੁਣੌਤੀ ਦਿੰਦੇ ਅਤੇ ਗੁਰਬਾਣੀ ਦੀ ਥਾਂ ਮਨਘੜਤ ਸਾਖੀਆਂ ਸੁਣਾ ਕੇ ਗੁਰਮਤਿ ਵਿਰੋਧੀ ਪ੍ਰਚਾਰ ਕਰਦੇ ਸਨ, ਉਸ ਸਮੇਂ ਤਕ ਉਨਾਂ ਨੂੰ ਪੂਰਨ ਬ੍ਰਹਮਗਿਆਨੀ, ਸੰਤ, ਮਹਾਰਾਜ, ਮਹਾਂਪੁਰਖ ਆਦਿਕ ਲਫਜ਼ਾਂ ਨਾਲ ਸੰਬੋਧਨ ਕਰਕੇ ਵਡਿਆਉਂਦੇ ਰਹੇ ਸਨ, ਪਰ ਅੱਜ ਜਦੋਂ ਉਹ ਕੱਚੀਆਂ ਪਿੱਲੀਆਂ ਸਾਖੀਆਂ ਨੂੰ ਛੱਡ ਕੇ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਨ ਲੱਗ ਪਏ ਤਾਂ ਉਨਾਂ ‘ਤੇ ਜਾਨ ਲੇਵਾ ਹਮਲਾ ਹੋਇਆ ਤੇ ਇੱਕ ਬੇਕਸੂਰ ਮਾਰਿਆ ਗਿਆ ਤੇ ਹੁਣ ਵੀ ਉਨਾਂ ਦਾ ਪ੍ਰਚਾਰ ਰੋਕਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਸੇ ਤਰਾਂਂ ਹੁਣ ਯੂਰਪ ਦੇ ਪ੍ਰਚਾਰ ਦੌਰੇ ‘ਤੇ ਗਏ ਭਾਈ ਪੰਥਪ੍ਰੀਤ ਸਿੰਘ ਵਲੋਂ ਕੀਤਾ ਜਾ ਰਿਹਾ ਗੁਰਮਤਿ ਪ੍ਰਚਾਰ ਰੋਕਣ ਲਈ ਪਹਿਲਾਂਂ ਇਟਲੀ ਤੇ ਹੁਣ ਜਰਮਨ ਦੇ ਫਰੈਕਫਰਟ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਜਿਸ ਤਰਾਂ ਭੇਖੀ ਸਿੱਖਾਂ ਨੇ ਖਰੂਦ ਪਾ ਕੇ ਦਸਤਾਰਾਂ ਦੀ ਬੇਅਦਬੀ ਕੀਤੀ ਹੈ।ਇਸ ਨੇ ਸਮੁੱਚੇ ਸੰਸਾਰ ਵਿੱਚ ਸਿੱਖੀ ਨੂੰ ਕੇਵਲ ਬਦਨਾਮ ਹੀ ਨਹੀਂ ਕੀਤਾ ਬਲਕਿ ਰੁਜਗਾਰ ਦੀ ਭਾਲ਼ ਵਿੱਚ ਗਏ ਸਿੱਖਾਂ ਲਈ ਅਨੇਕਾਂ ਮੁਸ਼ਕਲਾਂ ਖੜੀਆਂ ਕਰਨ ਦਾ ਕਾਰਨ ਬਣ ਰਹੇ ਹਨ। ਜਿਸ ਦਾ ਪਹਿਲਾ ਅਸਰ ਵੇਖਣ ਨੂੰ ਇਹ ਮਿਲਿਆ ਹੈ ਕਿ ਇਟਲੀ ਦੀ ਉਚ ਅਦਾਲਤ ਨੇ ਸਿੱਖਾਂ ਦੇ ਕਿ੍ਰਪਾਨ ਪਹਿਨਣ ‘ਤੇ ਪਾਬੰਦੀ ਲਾ ਦਿੱਤੀ ਹੈ ਤੇ ਬਾਕੀ ਦੇ ਦੇਸ਼ ਵੀ ਇਸੇ ਰਾਹ ਪੈ ਸਕਦੇ ਹਨ। ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਜਿਸ ਰਾਹ ਖ਼ਰੂਦ ਪਾ ਰਹੇ ਇਹ ਭੇਖੀ ਸਿੱਖ ਪੈ ਚੁੱਕੇ ਹਨ।ਇਹ ਸਿੱਖ ਕੌਮ ਨੂੰ ਗ੍ਰਹਿ ਯੁੱਧ ਰਾਹੀਂ ਮੁਸਲਮਾਨਾਂ ਦੇ ਸ਼ੀਆ-ਸੁੰਨੀ ਧੜਿਆਂ ਵਾਂਗ ਦੋ ਦੁਫਾੜ ਕਰਨ ਦੀ ਕਗਾਰ ਵੱਲ ਧੱਕ ਰਹੇ ਹਨ।ਇਸ ਲਈ ਅਜੇਹੀ ਸੋਚ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਹ ਥੋਹੜੀ ਹੈ।ਉਨਾਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੈਰ ਧਰਮੀਆਂ ਦੀ ਧਾਰਮਿਕ ਅਜਾਦੀ ਲਈ ਸ਼ਹੀਦੀ ਦੇ ਕੇ ਲਾਮਿਸਾਲ ਮਿਸਾਲ ਪੇਸ਼ ਕੀਤੀ ਸੀ, ਪਰ ਅੱਜ ਇਹ ਮਨਮੱਤੀਏ ਲੋਕ ਗੁਰਬਾਣੀ ਦੇ ਹੀ ਸਹੀ ਪ੍ਰਚਾਰ ‘ਤੇ ਪਾਬੰਦੀ ਲਾਉਣ ਦੇ ਰਾਹ ਪੈ ਕੇ ਸਿੱਖੀ ਦੇ ਭਵਿੱਖ ਲਈ ਅਤਿ ਖ਼ਤਰਾ ਬਣੇ ਹੋਏ ਹਨ।।
ਇਹ ਵਿਚਾਰ ਚਰਚਾ ਹੋਣ ਪਿਛੋਂ ਇਕੱਤਰਤਾ ਵਿੱਚ ਸ਼ਾਮਲ ਸਮੂਹ ਵੀਰਾਂ ਭੈਣਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸਿੱਖੀ ਦੇ ਭੇਸ ਵਿੱਚ ਇਨਾਂ ਖ਼ਰੂਦੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸੱਚ ਦਾ ਪ੍ਰਚਾਰ ਕਰ ਰਹੇ।ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਮੇਤ ਹੋਰ ਸਭ ਪ੍ਰਚਾਰਕਾਂ ਦਾ ਸਾਥ ਦੇਣ ਦਾ ਅਹਿਦ ਕੀਤਾ. ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਮੰਨਦੇ ਹੋਏ ਨਿਰੋਲ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ।ਇਸ ਸਮੇਂ ਹੋਰਨਾਂ ਤੋਂ ਇਲਾਵਾ ਭਾਈ ਗੁਰਇੰਦਰਦੀਪ ਸਿੰਘ, ਭਾਈ ਜੀਤ ਸਿੰਘ ਖੰਡੇ ਵਾਲਾ, ਭਾਈ ਕਿੱਕਰ ਸਿੰਘ, ਭਾਈ ਸਾਧੂ ਸਿੰਘ, ਭਾਈ ਅਮਰਜੀਤ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਨਛੱਤਰ ਸਿੰਘ, ਭਾਈ ਮੇਵਾ ਸਿੰਘ ਆਦਿਕ ਹਾਜਰ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media