ਬਠਿੰਡਾ, 18 ਮਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਪੰਜਾਬ ਨੂੰ ਤੰਬਾਕੂ ਮੁਕਤ ਐਲਾਨਨ ਲਈ ਉਨਾਂ ਵਲੋਂ ਰਾਜ ਪੱਧਰ `ਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਚਲਾਈ ਗਈ ਜਾਗਰੂਕਤਾ ਵੈਨ ਸਿਵਲ ਹਸਪਤਾਲ ਬਠਿੰਡਾ ਵਿਖੇ ਪਹੁੰਚਣ ਉਪਰੰਤ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਆਈ.ਏ.ਐਸ ਵਲੋਂ ਸਿਹਤ ਜਾਗਰੂਕਤਾ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਉਨਾਂ ਜਨਤਾ ਨੂੰ ਅਪੀਲ ਕੀਤੀ ਕਿ ਤੰਬਾਕੂ ਦਾ ਸੇਵਨ ਸਾਡੇ ਸਰੀਰ ਲਈ ਬਹੁਤ ਹਾਨੀਕਾਰਕ ਹੈ। ਸਾਨੂੰ ਅਜ ਤੋਂ ਹੀ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਤੰਬਾਕੂ ਦਾ ਸੇਵਲ ਨਹੀਂ ਕਰਾਂਗੇ ।ਜਿਕਰਯੋਗ ਇਹ ਹੈ ਕਿ ਵੈਨ ਨੂੰ 02/05/17 ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਲੋਂ ਪਟਿਆਲਾ ਤੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ।ਇਸ ਤੋਂ ਪਹਿਲਾਂ ਇਹ ਜਾਗਰੂਕਤਾ ਵੈਨ 17 ਜ਼ਿਲਿਆਂ ਦਾ ਦੌਰਾ ਕਰ ਚੁੱਕੀ ਹੈ ।ਇਸ ਜਾਗਰੂਕਤਾ ਵੈਨ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਤੰਬਾਕੂ-ਮੁਕਤੀ ਮੁਹਿੰਮ ਤਹਿਤ ਵਿਸ਼ੇਸ਼ ਵੈਨ ਰਾਹੀਂ ਆਮ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਗਰੂਕ ਕੀਤਾ ਜਾਣਾ ਹੈ ।ਉਨਾਂ ਦੱਸਿਆ ਕਿ ਬਠਿੰਡਾ ਸ਼ਹਿਰ ਵਿੱਚ ਇਹ ਵੈਨ ਬੱਸ ਸਟੈਂਡ, ਫਾਇਰ ਸਟੇਸ਼ਨ, ਕੈਨਾਲ ਬਰਿਜ਼ ਤੋਂ ਹੁੰਦੀ ਹੋਈ ਦੁਪਹਿਰ 1:00 ਵਜੇ ਗੋਨਿਆਣਾ ਹਸਪਤਾਲ ਪਹੁੰਚੇਗੀ। ਸੀ.ਐਚ.ਸੀ ਗੋਨਿਆਣਾ ਤੋਂ ਦਾਣਾ ਮੰਡੀ ਗੋਨਿਆਣਾ ਅਤੇ ਬੱਸ ਸਟੈਂਡ ਗੋਨਿਆਣਾ ਵਿਖੇ ਲੋਕਾਂ ਨੂੰ ਤੰਬਾਕੂ ਕਾਰਨ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰੇਗੀ।ਗੋਨਿਆਣਾ ਤੋਂ ਰੋਡ ਸ਼ੋਅ ਕਰਦੀ ਹੋਈ ਇਹ ਵੈਨ 3:00 ਵਜੇ ਬਾਅਦ ਦੁਪਹਿਰ ਸਿਵਲ ਹਸਪਤਾਲ ਰਾਮਪੁਰਾ ਫੂਲ ਪਹੁੰਚੇਗੀ ।ਰਾਮਪੁਰਾ ਫੂਲ ਵਿਖੇ ਇਹ ਵੈਨ ਸਿਵਲ ਹਸਪਤਾਲ ਰਾਮਪੁਰਾ ਫੂਲ, ਟਰੱਕ ਯੁਨੀਅਨ, ਗਾਂਧੀ ਨਗਰ ਅਤੇ ਬੱਸ ਸਟੈਂਡ ਰਾਮਪੁਰਾ ਫੂਲ ਵਿਖੇ ਆਮ ਲੋਕਾਂ ਨੂੰ ਜਾਗਰੂਕ ਕਰੇਗੀ ।ਇਥੋਂ ਚੱਲਕੇ ਇਹ ਵੈਨ ਰੋਡ ਸ਼ੋਅ ਕਰਦੀ ਹੌਈ ਵਾਇਆ ਮੌੜ ਮੰਡੀ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਸ਼ਾਮ 5:00 ਵਜੇ ਪਹੁੰਚੇਗੀ ।ਤਲਵੰਡੀ ਸਾਬੋ ਵਿਖੇ ਇਹ ਵੈਨ ਟਰੱਕ ਯੂਨੀਅਨ, ਬੱਸ ਸਟੈਂਡ ਅਤੇ ਟੈਕਸੀ ਸਟੈਂਡ ਤਲਵੰਡੀ ਸਾਬੋ ਵਿਖੇ ਲੋਕਾਂ ਨੂੰ ਜਾਗਰੂਕ ਕਰੇਗੀ ।
ਇਸ ਮੌਕੇ ਡਾ. ਐਸ.ਕੇ ਰਾਜ ਕੁਮਾਰ ਨੇ ਦੱਸਿਆ ਕਿ ਤੰਬਾਕੂ / ਬੀੜੀ / ਸਿਗਰਟ ਸੇਵਨ ਕਰਨ ਵਾਲਾ ਇੱਕਲਾ ਹੀ ਨਹੀਂ ਸਗੋਂ ਇਸਦੇ ਧੂੰਏਂ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿਹਤ ਤੇ ਵੀ ਇਸ ਦਾ ਬੁਰਾ ਪ੍ਰਭਾਵ ਪੈਦਾ ਹੈ।ਇਸ ਨਾਲ ਮੂੰਹ ਦਾ, ਫੇਫੜੇ ਦਾ ਅਤੇ ਪੇਟ ਦਾ ਕੈਂਸਰ ਹੋ ਸਕਦਾ।ਇਸ ਨਾਲ ਹਾਰਟ ਅਟੇਕ ਅਤੇ ਦਿਲ ਦੀਆਂ ਹੋਰ ਖਤਰਨਾਕ ਬਿਮਾਰੀਆਂ ਹੁੰਦੀਆ ਹਨ।ਇਸੇ ਮੁਹਿੰਮ ਤਹਿਤ ਵੱਖ ਵੱਖ ਸਿਹਤ ਸੈਂਟਰਾਂ ਤੇ 31-05-17 ਨੂੰ ਮੂੰਹ ਦੇ ਕੈਂਸਰ ਦੀ ਚੈਕਿੰਗ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ,ਇਸੇ ਦਿਨ ਹੀ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਵੀ ਮਨਾਇਆ ਜਾਵੇਗਾ।ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ-2003 ਅਧੀਨ ਮੁੱਖ ਧਰਾਵਾਂ, ਧਾਰਾ-4 ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਦੀ ਮਨਾਹੀ ਹੈ, ਧਾਰਾ-5 ਤਹਿਤ ਤੰਬਾਕੂ ਯੁਕਤ ਉਤਪਾਦਾਂ ਦੀ ਮਸ਼ਹੂਰੀ ਦੀ ਮਨਾਹੀ ਹੈ, ਧਾਰਾ-6 ਏ ਤਹਿਤ ਨਾਬਾਲਗਾਂ ਨੂੰ ਤੰਬਾਕੂ ਯੁਕਤ ਪਦਾਰਥ ਵੇਚਣ ਅਤੇ ਖ੍ਰੀਦਣ ਦੀ ਮਨਾਹੀ ਹੈ, ਧਾਰਾ-6 ਬੀ ਤਹਿਤ ਸਿੱਖਿਅਕ ਸੰਸਥਾਵਾਂ ਦੇ 100 ਗਜ਼ ਦੇ ਘੇਰੇ ਵਿਚ ਤੰਬਾਕੂ ਯੁਕਤ ਪਦਾਰਥ ਵੇਚਣ ਦੀ ਮਨਾਹੀ ਹੈ ਅਤੇ ਧਾਰਾ-7 ਤਹਿਤ ਤੰਬਾਕੂ ਉਤਪਾਦਾਂ ਦੇ ਪੈਕਟਾਂ ਤੇ ਕਾਨੂਨ ਅਨੁਸਾਰ ਚੇਤਾਵਨੀ ਛਪੀ ਹੋਣੀ ਲਾਜ਼ਮੀ ਹੈ ਅਤੇ ਖੁੱਲੀ ਸਿਗਰਟ ਵੇਚਣ `ਤੇ ਵੀ ਪਾਬੰਦੀ ਲਗਾਈ ਗਈ ਹੈ।ਇਸ ਮੌਕੇ ਸਿਵਲ ਸਰਜਨ ਰੰਧਾਵਾ, ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਐਸ.ਕੇ ਰਾਜ ਕੁਮਾਰ, ਜ਼ਿਲਾ ਸਿਹਤ ਅਫਸਰ ਡਾ. ਰਕੇਸ਼ ਗੋਇਲ, ਡਾ. ਹਰਭਜਨ ਰਾਮ ਮਾਂਡੀ ਅਤੇ ਜਿਲਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media