ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) –
ਦਮਦਮੀ ਟਕਸਾਲ ਨੇ ਜੂਨ ’84 ਦੇ ਘੱਲੂਘਾਰੇ ਨਾਲ ਸੰਬੰਧਿਤ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਯਾਦਗਾਰੀ ਸਮੱਗਰੀ ਦੀ ਪਰਦਰਸ਼ਨੀ ਲਈ ਕੇਂਦਰੀ ਸਿੱਖ ਅਜਾਇਬਘਰ ਵਿਖੇ ਵੱਖਰੇ ਅਤੇ ਢੁਕਵੇਂ ਸਥਾਨ ਦਾ ਪ੍ਰਬੰਧ ਕੀਤੇ ਜਾਣ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਪੁਰਜ਼ੋਰ ਮੰਗ ਕੀਤੀ ਹੈ।
ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨਾਲ ਮੁਲਾਕਾਤ ਕਰਦਿਆਂ ਉਕਤ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਹੈ। ਉਹਨਾਂ ਕਿਹਾ ਕਿ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਸੰਬੰਧੀ ਪਰਦਰਸ਼ਨੀ ਲਈ ਢੁਕਵੇਂ ਬਲਾਕ ਦੇ ਪ੍ਰਬੰਧ ਕੀਤੇ ਜਾਣ ਦੀ ਮੰਗ ਸਮੁੱਚੀ ਸਿੱਖ ਸੰਗਤ ਦੀ ਹੈ।ਉਹਨਾਂ ਕਿਹਾ ਕਿ ’84 ਦੇ ਘੱਲੂਘਾਰੇ ਦੌਰਾਨ ਗੁਰਧਾਮਾਂ ਦੀ ਅਜ਼ਮਤ ਅਤੇ ਰੱਖਿਆ ਖ਼ਾਤਰ ਤੋਪਾਂ ਅਤੇ ਟੈਂਕਾਂ ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦਿਆਂ ਲਾਸਾਨੀ ਕੁਰਬਾਨੀਆਂ ਕਰਨ ਵਾਲੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਹਿਯੋਗੀ ਅਨੇਕਾਂ ਨਾਮ ਰਸੀਏ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਯਾਦਗਾਰ ਦੀ ਉਸਾਰੀ ਵਰਗੇ ਕੌਮ ਲਈ ਕੀਤੇ ਗਏ ਵੱਡੇ ਉਪਰਾਲੇ ਲਈ ਸ਼੍ਰੋਮਣੀ ਕਮੇਟੀ ਦਾ ਜਸ ਹਮੇਸ਼ਾਂ ਗਾਇਆ ਜਾਂਦਾ ਰਹੇਗਾ।
ਸੰਤ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਕਿ ਜੂਨ ’84 ਦੌਰਾਨ ਇੰਦਰਾ ਗਾਂਧੀ ਹਕੂਮਤ ਵੱਲੋਂ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਕੁਰਬਾਨੀਆਂ ਦੀ ਯੋਗਦਾਨ ਵਾਲੀ ਸਿੱਖ ਕੌਮ ਦੇ ਗੁਰਧਾਮਾਂ ’ਤੇ ਹਮਲੇ ਕਰਵਾ ਕੇ ਵਸਾਹਘਾਤ ਕੀਤਾ ਹੈ ਜੋ ਕਿ ਇਹ ਹੁਣ ਸਿੱਖ ਸਿਮ੍ਰਿਤੀਆਂ ਦਾ ਹਿੱਸਾ ਬਣ ਚੁਕਾ ਹੈ।ਇੰਦਰਾ ਗਾਂਧੀ ਹਕੂਮਤ ਦੀਆਂ ਉਹਨਾਂ ਵਧੀਕੀਆਂ ਦੀ ਯਾਦ ਆਉਣ ਵਾਲੀਆਂ ਪੀੜੀਆਂ ਤਕ ਪਹੁੰਚਾਉਣ ਲਈ ਘੱਲੂਘਾਰੇ ਦੇ ਮਹਾਨ ਸ਼ਹੀਦਾਂ, ਸੂਰਬੀਰ ਯੋਧਿਆਂ ਦੀਆਂ ਤਸਵੀਰਾਂ ਅਤੇ ਹੋਰ ਸੰਬੰਧਿਤ ਤਸਵੀਰਾਂ, ਜਿਵੇਂ ਕਿ, ਨੁਕਸਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਦਰਸ਼ਨ ਡਿਉੜੀ ’ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਅਤੇ ਫੌਜ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਢੁਕਵੇਂ ਬਲਾਕ ਦਾ ਪ੍ਰਬੰਧ ਕੀਤਾ ਜਾਣਾ ਸਮੇਂ ਦੀ ਲੋੜ ਹੈ।
ਪ੍ਰੋ: ਬਡੂੰਗਰ ਨੇ ਟਕਸਾਲ ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਗੋਲੀਆਂ ਆਦਿ ਦੇ ਨਿਸ਼ਾਨਾਂ ਨੂੰ ਸਦੀਵੀ ਸੁਰਖਿਅਤ ਕਰਨ ਲਈ ਕਾਰਜ ਅਰੰਭਣ ਲਈ ਵੀ ਕਿਹਾ।ਉਹਨਾਂ ’84 ਦੇ ਘੱਲੂਘਾਰੇ ਦੀ ਯਾਦਗਾਰ ’ਚ ਅਧੂਰੇ ਪਏ ਕਾਰਜ ਨੂੰ ਪੂਰਿਆਂ ਕਰਨ ਲਈ ਦਮਦਮੀ ਟਕਸਾਲ ਨੂੰ ਪੂਰਾ ਸਹਿਯੋਗ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰੀ ਅਮਲੇ ਨੂੰ ਵੀ ਮੌਕੇ ’ਤੇ ਹਦਾਇਤ ਕੀਤੀ।
ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਮਨਜੀਤ ਸਿੰਘ ਜੀ.ਕੇ, ਭਾਈ ਅਜਾਇਬ ਸਿੰਘ ਅਭਿਆਸੀ, ਜਨਰਲ ਸਕੱਤਰ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਚੀਫ਼ ਸਕੱਤਰ ਹਰਚਰਨ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਸੰਤ ਬਾਬਾ ਬਲਬੀਰ ਸਿੰਘ, ਪਰਮਜੀਤ ਸਿੰਘ ਰਾਣਾ ਦਿਲੀ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਰਾਮ ਸਿੰਘ, ਸੁਖਦੇਵ ਸਿੰਘ ਪੀ.ਏ, ਪ੍ਰੋ: ਸਰਚਾਂਦ ਸਿੰਘ ਅਤੇ ਬਹੁਤ ਸਾਰੇ ਦਮਦਮੀ ਟਕਸਾਲ ਦੇ ਸਿੰਘ ਮੌਜੂਦ ਸਨ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media