ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਜੂਨ ’84 ਦੇ ਘੱਲੂਘਾਰੇ
ਨਾਲ ਸੰਬੰਧਿਤ ਸ਼ਹੀਦਾਂ ਦੀ ਯਾਦ ਵਿੱਚ ਉਸਾਰੇ ਗਏ ਗੁਰਦਵਾਰਾ ਯਾਦਗਾਰ ਸ਼ਹੀਦਾਂ ਦੀ ਬੇਸਮੈਂਟ ਨੂੰ ਸ਼ਹੀਦੀ ਗੈਲਰੀ ਵਜੋਂ ਸਥਾਪਿਤ ਕਰਦਿਆਂ ’84 ਦੇ ਘੱਲੂਘਾਰੇ ਨਾਲ ਸੰਬੰਧਿਤ ਸਮੂਹ ਸ਼ਹੀਦਾਂ ਦੀਆਂ ਤਸਵੀਰਾਂ ਲਗਾਏ ਜਾਣ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਸ਼ਹੀਦੀ ਯਾਦਗਾਰ ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਦੀ ਆਈ ਹੈ ਅਤੇ ਇਸ ਪਵਿੱਤਰ ਯਾਦਗਾਰ ਦੀ ਬੇਸਮੈਂਟ ਪੰਥਕ ਸਰੋਕਾਰ ਲਈ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀਆਂ ਯਾਦਗਾਰੀ ਤਸਵੀਰਾਂ ਲਈ ਢੁਕਵੀਂ ਜਗਾ ਹੈ।ਉਹਨਾਂ ਜੂਨ ’84 ਦੇ ਸ਼ਹੀਦਾਂ ਨੂੰ ਸਨਮਾਨ ਸਤਿਕਾਰ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 6 ਜੂਨ ਨੂੰ ਸਜਾਏ ਜਾਂਦੇ ਧਾਰਮਿਕ ਸਮਾਗਮ ਨਾਲ ਸਮੁੱਚੀ ਕੌਮ ਵੱਲੋਂ ਇੱਕ ਇਹ ਪ੍ਰਭਾਵ ਜਾਵੇ ਕਿ ਆਪਣੇ ਸ਼ਹੀਦਾਂ ਪ੍ਰਤੀ ਸਿੱਖ ਕੌਮ ਦੇ ਹਿਰਦਿਆਂ ਵਿੱਚ ਦਰਦ ਅੱਜ ਵੀ ਸਮੋਇਆ ਹੋਇਆ ਹੈ, ਜਿਸ ਲਈ ਉਕਤ ਸਮਾਗਮ ਸ਼ਾਂਤਮਈ ਅਤੇ ਵੈਰਾਗਮਈ ਅਵਸਥਾ ਵਿੱਚ ਮਿਲ ਬੈਠ ਕੇ ਸ਼ਰਧਾਪੂਰਵਕ ਮਨਾਉਣ ਦੀ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ।ਉਹਨਾਂ ਕਿਹਾ ਕਿ ਜ਼ਾਬਤੇ ਵਿੱਚ ਰਹਿੰਦਿਆਂ ਸੰਜੀਦਗੀ ਅਤੇ ਸੁਹਿਰਦਤਾ ਨਾਲ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਨਾਲ ਹੀ ਉਕਤ ਸਮਾਗਮ ਨੂੰ ਪਿਛਲੇ ਵਰ੍ਹਿਆਂ ਵਾਂਗ ਹੋਣ ਵਾਲੇ ਹਿੰਸਕ ਅਖਾੜੇ ਦੇ ਭੇਟ ਚੜ੍ਹਨ ਤੋਂ ਬਚਾਇਆ ਜਾ ਸਕੇਗਾ ਅਤੇ ਸਿੱਖ ਕੌਮ ਦੀ ਛਵੀ ਨੂੰ ਨੀਵੀਂ ਕਰਨ ਵੇਲੇ ਕਿਸੇ ਵੀ ਤਿੱਖੀ ਆਲੋਚਨਾ ਤੋਂ ਬਚਿਆ ਜਾ ਸਕੇਗਾ।
ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ, ਭਾਈ ਅਜਾਇਬ ਸਿੰਘ ਅਭਿਆਸੀ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਗੁਰਪ੍ਰੀਤ ਸਿੰਘ, ਭਾਈ ਪ੍ਰਨਾਮ ਸਿੰਘ, ਭਾਈ ਸਤਨਾਮ ਸਿੰਘ, ਬਾਬਾ ਜਰਨੈਲ ਸਿੰਘ, ਬਾਬਾ ਅਜੀਤ ਸਿੰਘ, ਭਾਈ ਜਸਪਾਲ ਸਿੰਘ ਸਿੱਧੂ, ਭਾਈ ਹੀਰਾ ਸਿੰਘ ਕੈਨੇਡਾ, ਭਾਈ ਮੇਜਰ ਸਿੰਘ ਅਮਰੀਕਾ, ਗਿਆਨੀ ਜੀਵਾ ਸਿੰਘ, ਪ੍ਰਿੰ: ਗੁਰਦੀਪ ਸਿੰਘ, ਹਰਸ਼ਦੀਪ ਸਿੰਘ, ਡਾ: ਅਵਤਾਰ ਸਿੰਘ, ਪ੍ਰੋ: ਸਰਚਾਂਦ ਸਿੰਘ ਅਤੇ ਬਹੁਤ ਸਾਰੇ ਦਮਦਮੀ ਟਕਸਾਲ ਦੇ ਸਿੰਘ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media