ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – 33ਵੇਂ ਘੱਲੂਘਾਰਾ ਦਿਵਸ ਮੌਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਉਸ ਸਮੇਂ ਸਥਿਤੀ ਤਨਾਅ ਵਾਲੀ ਹੋ ਗਈ ਜਦ
ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿੱਚ ਕੌਮ ਦਾ ਨਾਮ ਸੰਦੇਸ਼ ਪੜਣਾ ਸ਼ੁਰੂ ਕੀਤਾ।ਸੰਦੇਸ਼ ਪੜਣਾ ਸ਼ੁਰੂ ਹੁੰਦਿਆਂ ਹੀ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਤੇ ਸਾਹਮਣੇ ਬੈਠੀ ਸੰਗਤ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿਤੇ ਅਤੇ ਲੋਕ ਉਥੋਂ ਉਠ ਖੜੇ ਹੋਏ।ਫਿਰ ਵੀ ਰੌਲੇ ਰੱਪੇ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਆਪਣਾ ਸੰਦੇਸ਼ ਜਾਰੀ ਰੱਖਿਆ ਅਤੇ ਸ਼ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਦਰਬਾਜੇ ਬੰਦ ਕਰ ਦਿਤੇ ਅਤੇ ਗਿਆਨੀ ਗੁਰਬਚਨ ਸਿੰਘ ਨੇ ਪਹਿਲੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੀ ਬਜ਼ਾਏ ਅੰਦਰੋਂ ਹੀ ਸੰਦੇਸ਼ ਪੂਰਾ ਕੀਤਾ ਜੋ ਕਿਸੇ ਨੂੰ ਸੁਣਾਈ ਨਾ ਦਿਤਾ। ਇਸ ਸਮੇਂ ਵਿਸ਼ੇਸ਼ ਤੌਰ `ਤੇ ਪੁੱਜੇ ਸਰਬਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਉਥੇ ਮੌਜੂਦ ਸਨ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਸਮੇਂ ਸੰਗਤ ਨੂੰ ਸੰਬੋਧਨ ਕੀਤਾ।ਭਾਈ ਧਿਆਨ ਸਿੰਘ ਮੰਡ ਨੇ ਬਰਾਬਰ ਸੰਦੇਸ਼ ਪੜਿਆ ਲੇਕਿਨ ਸ਼੍ਰੋਮਣੀ ਕਮੇਟੀ ਵਲੋਂ ਕੀਰਤਨ ਦੇ ਸਪੀਕਰਾਂ ਦੀ ਅਵਾਜ਼ ਵਧਾ ਦਿਤੀ ਗਈ । ਇਸ ਸਮੇਂ ਕੁਝ ਨੌਜਵਾਨਾਂ ਨੇ ਸਪੀਕਰ ਤੋੜਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਅਸਫਲ ਰਹੇ।ਕੁੱਲ ਮਿਲਾ ਕੇ ਘੱਲੂਘਾਰਾ ਦਿਵਸ ਅਮਨ ਅਮਾਨ ਨਾਲ ਸੰਪਨ ਹੋ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨਕਾਰੇ ਹੋਏ ਜਥੇਦਾਰ ਹਨ ਅਤੇ ਉਨਾਂ ਨੂੰ ਸੰਦੇਸ਼ ਪੜਣ ਦਾ ਕੋਈ ਹੱਕ ਨਹੀਂ ਹੈ। ਇਸ ਲਈ ਇਹ ਸੰਦੇਸ਼ ਕਿਸੇ ਹੋਰ ਕੋਲੋਂ ਪੜਾਇਆ ਜਾ ਸਕਦਾ ਸੀ, ਪਰ ਗਿਆਨੀ ਗੁਰਬਚਨ ਸਿੰਘ ਜਾਣ ਬੁੱਝ ਕੇ ਲ਼ਿਆਂਦਾ ਗਿਆ ਹੈ। ਉਨਾਂ ਕਿਹਾ ਤਖਤ ਸਾਹਿਬਾਨ `ਤੇ ਕਾਬਜ਼ ਨਕਾਰੇ ਜਥੇਦਾਰਾਂ ਨੂੰ ਪਾਸੇ ਕਰਨ ਲਈ ਪੰਥਕ ਏਕਤਾ ਦੀ ਲੋੜ ਹੈ ਅਤੇ ਮਿਲ ਕੇ ਉਪਾਰਲੇ ਕੀਤੇ ਜਾਣਗੇ ।ਇਸ ਸਮੇਂ ਖਾਲਿਸਤਾਨੀ ਨਾਅਰਿਆਂ ਦੇ ਨਾਲ ਤਲਵਾਰਾਂ ਵੀ ਲਹਿਰਾਈਆਂ ਗਈਆਂ।ਉਧਰ ਜਿਓਂ ਹੀ ਗਿਆਨੀ ਗੁਰਬਚਨ ਸਿੰਘ ਨੇ ਸੰਦੇਸ਼ ਪੜਣਾ ਸ਼ੁਰੂ ਕੀਤਾ ਦਲ ਖਾਲਸਾ ਦੇ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਇਸ ਦਾ ਵਿਰੋਧ ਕੀਤਾ ਅਤੇ ਉਨਾਂ ਦੀ ਜਥੇਬੰਦੀ ਦੇ ਸਾਰੇ ਆਗੂ ਤੇ ਵਰਕਰ ਉਥੋਂ ਉਠ ਕੇ ਚਲੇ ਗਏ।
ਘੱਲੂਘਾਰਾ ਦਿਵਸ ਸਬੰਧੀ ਸਮਾਗਮ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚਾੜਣ ਲਈ ਜਿਲਾ ਤੇ ਪੁਲਿਸ ਪ੍ਰਸਾਸ਼ਨ ਵਲੋਂ ਸੁਰਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ ਅਤੇ ਵੱਡੀ ਗਿਣਤੀ `ਚ ਬਿਨਾਂ ਵਰਦੀ ਪੁਲਿਸ ਤੇ ਏਜੰਸੀਆਂ ਦੇ ਮੁਲਾਜ਼ਮ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਅਤੇ ਬਾਵਰਦੀ ਪੁਲਿਸ ਤੇ ਅਰਧ ਸੈਨਿਕ ਜਵਾਨ ਕੁੱਝ ਦਿਨਾਂ ਤੋਂ ਤਾਇਨਾਤ ਸਨ ਕੰਪਲੈਕਸ ਦੇ ਬਾਹਰ ਤਾਇਨਾਤ ਕੀਤੇ ਗਏ ਸਨ। ਘੱਲੂਘਾਰਾ ਸਮਾਗਮ ਦੇ ਮੱਦੇਨਜਰ ਸ੍ਰੀ ਦਰਬਾਰ ਸਾਹਿਬ ਸ਼ਰਧਾਲੂਆਂ ਦੀ ਗਿਣਤੀ ਕਾਫੀ ਘੱਟ ਸੀ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media