ਬੰਦੀ ਸਿੱਖ ਕੈਦੀਆਂ ਦੀਆਂ ਅਰਜੀਆਂ ਦੇ ਨਿਬੇੜੇ ਤੇ ਰਿਹਾਈ ਦੀ ਰਾਸ਼ਟਰਪਤੀ ਨੂੰ ਕੀਤੀ ਅਪੀਲ
ਨਵੀਂ ਦਿੱਲੀ, 7 ਜੂਨ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਸਾਕਾ ਨੀਲਾ ਤਾਰਾ ਨੂੰ ਅੰਜ਼ਾਮ ਨਾ ਦੇਣ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਿੱਤੀ
ਗਈ ਸਲਾਹ ਦਾ ਇਕਰਾਰਨਾਮਾ ਸਾਹਮਣੇ ਆਉਣ ਬਾਅਦ ਸਿਆਸਤ ਭੱਖ ਗਈ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਰਾਸ਼ਟਰਪਤੀ ਦੇ ਖੁਲਾਸੇ ‘ਤੇ ਕਿਹਾ ਕਿ ਰਾਸ਼ਟਰਪਤੀ ਦੇ ਇਕਰਾਰਨਾਮੇ ਨੇ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਸੋਚ ਦੀ ਪੋਲ ਖੋਲ ਦਿੱਤੀ ਹੈ।ਉਨ੍ਹਾਂ ਕਿਹਾ ਕਿ ਅਜੇ ਤਕ ਇੰਦਰਾ ਗਾਂਧੀ ਦੇ ਇਸ ਫੈਸਲੇ ਨੂੰ ਸਿੱਖ ਕੌਮ ਹੀ ਗਲਤ ਦੱਸਦੀ ਸੀ, ਪਰ ਅੱਜ ਮੌਜੂਦਾ ਰਾਸ਼ਟਰਪਤੀ ਵੱਲੋਂ ਸਿੱਖਾਂ ਦੀ ਰਾਇ ’ਚ ਰਾਇ ਮਿਲਾਉਣਾ ਇਹ ਸਾਬਿਤ ਕਰਦਾ ਹੈ ਕਿ ਜੂਨ 1984 ’ਚ ਸਿੱਖਾਂ ਦੇ ਪਵਿੱਤਰ ਅਸਥਾਨ ’ਤੇ ਜੋ ਕੁੱਝ ਹੋਇਆ ਉਹ ਭਾਰਤੀ ਇਤਿਹਾਸ ਦਾ ਕਲੰਕਿਤ ਵਰਕਾ ਹੈ।
ਰਾਸ਼ਟਰਪਤੀ ਨੂੰ ਆਪਣੇ ਬਾਕੀ ਰਹਿੰਦੇ ਛੋਟੇ ਜਿਹੇ ਕਾਰਜਕਾਲ ਦੌਰਾਨ ਸਿੱਖਾਂ ਨਾਲ ਸੰਬੰਧਿਤ ਰੁਕੇ ਹੋਏ ਮਸਲਿਆਂ ਨੂੰ ਹਲ ਕਰਨ ਦੀ ਮੰਗ ਕਰਦੇ ਹੋਏ ਜੀ.ਕੇ ਨੇ ਕਿਹਾ ਕਿ ਜੂਨ ਅਤੇ ਨਵੰਬਰ 1984 ਵਿਚ ਸਿੱਖਾਂ ਤੇ ਜੋ ਵੀ ਤਸ਼ੱਦਦ ਹੋਇਆ, ਉਹ ਸਰਕਾਰੀ ਅੱਤਵਾਦ ਸੀ। ਜਿਸ ਦੇ ਬਾਅਦ ਸਿੱਖਾਂ ਵੱਲੋਂ ਦਿੱਤੀ ਗਈ ਪ੍ਰਤਿਕ੍ਰਿਆ ਦੇ ਕਾਰਨ ਅੱਜ ਵੀ ਕਈ ਸਿੱਖ ਜੇਲਾਂ ਵਿਚ ਬੰਦ ਹਨ। ਜਿਸ ਵਿਚੋਂ ਕਈ ਸਿੱਖ ਕਾਨੂੰਨ ਵੱਲੋਂ ਮਿਲੀ ਸਜ਼ਾ ਨੂੰ ਪੂਰਾ ਵੀ ਕਰ ਚੁੱਕੇ ਹਨ ਤੇ ਕੁੱਝ ਦੀਆਂ ਦਇਆ ਅਰਜੀਆਂ ਰਾਸ਼ਟਰਪਤੀ ਦੇ ਕੋਲ ਬਕਾਇਆ ਹਨ।ਇਸ ਲਈ ਰਾਸ਼ਟਰਪਤੀ ਨੂੰ ਦਰਿਆਦਿਲੀ ਦਿਖਾਉਂਦੇ ਹੋਏ ਇਨ੍ਹਾਂ ਬਕਾਇਆ ਅਰਜੀਆਂ ਨੂੰ ਆਪਣੇ ਕਾਰਜਕਾਲ ਵਿਚ ਨਿਪਟਾਰਾ ਕਰਨਾ ਚਾਹੀਦਾ ਹੈ।ਕਿਉਂਕਿ ਹੁਣ ਰਾਸ਼ਟਰਪਤੀ ਖੁਦ ਇਹਨਾਂ ਗੱਲਾਂ ਦਾ ਇਕਰਾਰ ਕਰ ਚੁੱਕੇ ਹਨ ਕਿ ਸਿੱਖਾਂ ਨਾਲ ਹੋਇਆ ਵਰਤਾਅ ਗੈਰਵਿਵਹਾਰਿਕ ਤੇ ਗੈਰਜਰੂਰੀ ਸੀ। ਉਹਨਾਂ ਨੇ ਸਾਫ ਕਿਹਾ ਕਿ ਜਿਨ੍ਹਾਂ ਸਿੱਖਾਂ ਦੇ ਉਤੇ ਪੰਜਾਬ ਦੇ ਅਸ਼ਾਂਤ ਦੌਰ ਦੇ ਦੌਰਾਨ ਮੁਕੱਦਮੇ ਦਰਜ ਹੋਏ ਸਨ, ਉਹ ਕੋਈ ਪੇਸ਼ੇਵਰ ਅਪਰਾਧੀ ਨਹੀਂ ਸਨ, ਸਗੋਂ ਧਾਰਮਿਕ ਅਸਥਾਨ ਦੀ ਹੋਈ ਬੇਅਦਬੀ ਦੇ ਸਰਕਾਰੀ ਕਾਰੇ ਦੇ ਖਿਲਾਫ਼ ਇਹ ਧਾਰਮਿਕ ਵਿਰੋਧ ਸੀ।
ਜੀ.ਕੇ ਨੇ ਕਿਹਾ ਕਿ ਇਨ੍ਹਾਂ ਵਿਚੋਂ ਜਿਆਦਾਤਰ ਸਿੱਖ ਕੈਦੀ ਵੱਡੀ ਉਮਰ ਦੇ ਹਨ।ਇਸ ਲਈ ਉਨ੍ਹਾਂ ਦੇ ਆਜਾਦ ਹਵਾ ’ਚ ਆਪਣੇ ਪਰਿਵਾਰ ਦੇ ਨਾਲ ਸਾਹ ਲੈਣ ’ਤੇ ਸਿੱਖਾਂ ਦੇ ਦੁੱਖੀ ਹਿਰਦਿਆਂ ਨੂੰ ਕੁਝ ਠੰਢ ਜਰੂਰ ਪਵੇਗੀ।ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦਾ ਤਕਾਜ਼ਾ ਵੀ ਇਹੋ ਕਹਿੰਦਾ ਹੈ ਕਿ ਆਪਣੀ ਸਜ਼ਾ ਭੁਗਤ ਚੁੱਕੇ ਕੈਦੀਆਂ ਦੀ ਰਿਹਾਈ ਨੂੰ ਘਟਗਿਣਤੀ ਹੋਣ ਕਰਕੇ ਰੋਕਣ ਦਾ ਕੋਈ ਕਾਰਨ ਨਹੀਂ ਬਣਦਾ ਹੈ।ਜੀ.ਕੇ ਨੇ ਰਾਸ਼ਟਰਪਤੀ ਨੂੰ ਕਸ਼ਮੀਰੀ ਵੱਖਵਾਦੀਆਂ ਅਤੇ ਨਕਸਲੀਆਂ ਨੂੰ ਸਰਕਾਰਾਂ ਵੱਲੋਂ ਰਾਸ਼ਟਰ ਦੀ ਮੁੱਖ ਧਾਰਾ ਵਿਚ ਜੁੜਨ ਵੇਲੇ ਦਿੱਤੀਆਂ ਜਾਂਦੀਆਂ ਵਿਸ਼ੇਸ਼ ਰਿਆਇਤਾਂ ਸਿੱਖਾਂ ਨੂੰ ਵੀ ਉਪਲੱਬਧ ਕਰਾਉਣ ਦੀ ਮੰਗ ਕੀਤੀ।
ਜਿਕਰਯੌਗ ਹੈ ਕਿ ਰਾਸ਼ਟਰਪਤੀ ਦੇ ਹਵਾਲੇ ਨਾਲ ਮੀਡੀਆ ’ਚ ਪ੍ਰਕਾਸ਼ਿਤ ਰਿਪੋਰਟਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਬੁਲਾਈ ਗਈ ਕੈਬੀਨੇਟ ਮੀਟਿੰਗ ਵਿਚ ਪ੍ਰਣਵ ਮੁਖਰਜੀ ਨੇ ਇੰਦਰਾ ਗਾਂਧੀ ਨੂੰ ਸਿੱਖਾਂ ਦੇ ਪਵਿੱਤਰ ਥਾਂ ਤੇ ਹਮਲਾ ਨਾ ਕਰਨ ਦੀ ਇਤਿਹਾਸਿਕ ਸਬੂਤਾਂ ਦੇ ਨਾਲ ਚੇਤਾਵਨੀ ਦਿੱਤੀ ਸੀ।ਪ੍ਰਣਬ ਮੁਖਰਜੀ ਨੇ ਇੰਦਰਾ ਗਾਂਧੀ ਨੂੰ ਅਹਿਮਦ ਸ਼ਾਹ ਅਬਦਾਲੀ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਦਾ ਹਵਾਲਾ ਦਿੰਦੇ ਹੋਏ ਉਸਦੀ ਪ੍ਰਤਿਕ੍ਰਿਆ ’ਚ ਪਾਣੀਪਤ ਦੀ ਲੜਾਈ ਦੌਰਾਨ ਸਿੱਖਾਂ ਕਰਕੇ ਅਬਦਾਲੀ ਦੀ ਹੋਈ ਹਾਰ ਦੀ ਵੀ ਦੁਹਾਈ ਦਿੱਤੀ ਸੀ। ਪਰ ਇੰਦਰਾ ਗਾਂਧੀ ਨੇ ਇਤਿਹਾਸ ਤੋਂ ਸਬਕ ਨਾ ਲੈਂਦੇ ਹੋਏ ਆਪਣੀ ਮਨਮਰਜ਼ੀ ਕੀਤੀ ਸੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media