ਪਠਾਨਕੋਟ, 9 ਜੂਨ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਝੋਨੇ ਦੀ 15 ਜੂਨ ਅਤੇ ਬਾਸਮਤੀ ਦੀ ਲਵਾਈ 5 ਜੁਲਾਈ ਤੋਂ ਪਹਿਲਾਂ ਨਾ ਕਰਨ ਦੀਆਂ ਹਦਾਇਤਾਂ
ਦੇ ਬਾਵਜੂਦ ਬਲਾਕ ਪਠਾਨਕੋਟ ਦੇ ਪਿੰਡ ਪੱਡਿਆਂਲਾੜੀ ਦੇ ਕਿਸਾਨ ਭਾਨੂੰ ਪ੍ਰਤਾਪ ਸਿੰਘ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਬਾਰੇ ਸੂਚਨਾ ਮਿਲਦਿਆਂ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਪਠਾਨਕੋਟ ਦੀ ਟੀਮ ਵੱਲੋਂ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ ਦੀ ਉਲੰਘਣਾ ਕਰਕੇ ਲਗਾਏ ਝੋਨੇ ਨੂੰ ਮੌਕੇ ਤੇ ਨਦੀਨ ਨਾਸ਼ਕ ਰਸਾਇਣ ਦਾ ਛਿੜਕਾਅ ਕਰਕੇ ਨਸ਼ਟ ਕਰ ਦਿੱਤਾ ਗਿਆ।ਇਸ ਟੀਮ ਵਿੱਚ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਸੰਦੀਪ ਸਿੰਘ ਢਿਲੋਂ ਖੇਤੀਬਾੜੀ ਵਿਕਾਸ ਅਫਸਰ, ਲਵ ਕੁਮਾਰ ਬੀ.ਟੀ.ਐਮ, ਰਸ਼ੀਦ ਮੁਹੰਮਦ, ਅਰੁਣ ਕੁਮਾਰ ਸਾਮਲ ਸਨ ।
ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿੱਚ ਲਗਾਤਾਰ ਆ ਰਹੀ ਗਿਰਾਵਟ ਤੋਂ ਚਿੰਤਤ ਪੰਜਾਬ ਸਰਕਾਰ ਨੇ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ 2009 ਅਨੁਸਾਰ ਝੋਨੇ ਦੀ ਲਵਾਈ 15 ਜੂਨ ਅਤੇ ਬਾਸਮਤੀ ਦੀ ਲਵਾਈ 5 ਜੁਲਾਈ ਤੋਂ ਪਹਿਲਾਂ ਨਾਂ ਕਰਨ ਦੀ ਮਨਾਈ ਕੀਤੀ ਹੋਈ ਹੈ।ਉਨਾਂ ਕਿਹਾ ਕਿ ਇਸ ਸੰਬੰਧੀ ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਜ਼ਿਲਾ, ਬਲਾਕ ਅਤੇ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪਾਂ ਤੋਂ ਇਲਾਵਾ ਬਿਜਲਈ,ਸ਼ੋਸ਼ਲ ਮੀਡੀਆ ਅਤੇ ਪ੍ਰਿੰਟ ਸੰਚਾਰ ਸਾਧਨਾਂ ਰਾਹੀਂ ਕਿਸਾਨਾਂ ਨੂੰ ਜਾਗਰੁਕ ਕੀਤਾ ਗਿਆ ਪਰ ਇਸ ਦੇ ਬਾਵਜੂਦ ਜ਼ਿਲੇ ਅੰਦਰ ਕੁੱਝ ਕਿਸਾਨਾਂ ਵੱਲੋਂ ਅਗੇਤੀ ਝੋਨੇ ਦੀ ਲਵਾਈ ਸ਼ੁਰੂ ਕਰਕੇ ਇਸ ਐਕਟ ਦੀ ਉਲੰਘਣਾ ਕੀਤੀ ਹੈ ।ਉਨਾਂ ਦੱਸਿਆਂ ਕਿ ਜਿੰਨਾਂ ਵੀ ਕਿਸਾਨਾਂ ਨੇ ਅਗੇਤੇ ਝੋਨੇ ਦੀ ਲਵਾਈ ਕੀਤੀ ਸੀ,ਨੂੰ ਪ੍ਰੇਰ ਕੇ ਲੱਗਾ ਝੋਨਾ ਰਾਉਂਡਅੱਪ ਨਦੀਨਨਾਸ਼ਕ ਦਵਾਈ ਦਾ ਛਿੜਕਾਅ ਕਰਕੇ ਨਸ਼ਟ ਕਰ ਦਿੱਤੀ ਗਈ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣ, ਜ਼ਮੀਨ ਹੇਠਲੇ ਪਾਣੀ ਦੇ ਬਚਾਅ ਅਤੇ ਧਰਤੀ ਨੂੰ ਹਰਿਆ ਭਰਿਆ ਰੱਖਣ ਲਈ 15 ਜੂਨ ਅਤੇ ਬਾਸਮਤੀ ਦੀ ਲਵਾਈ 5 ਜੁਲਾਈ ਤੋਂ ਪਹਿਲਾਂ ਨਾਂ ਕਰਨ।ਉਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੇ 15 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕੀਤੀ ਤਾਂ ਉਸ ਨੂੰ ਟ੍ਰੈਕਟਰ ਨਾਲ ਜਾਂ ਰਾਉਂਡਅੱਪ/ਗ੍ਰੈਮੋਕਸੋਨ ਨਦੀਨ ਨਾਸ਼ਕ ਦਵਾਈ ਨਾਲ ਨਸ਼ਟ ਕਰ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਉਨਾਂ ਬਾਹਰੀ ਪ੍ਰਦੇਸਾਂ ਤੋਂ ਆਈ ਲੈਬਰ ਨੂੰ ਵੀ ਹਦਾਇਤ ਕੀਤੀ ਕਿ ਅਗਰ ਕੋੋਈ ਲੈਬਰ ਨਿਰਧਾਰਤ ਸਮੇਂ ਤੋਂ ਪਹਿਲਾ ਝੋਨੇ ਦੀ ਲਵਾਈ ਕਰਦਿਆਂ ਪਾਈ ਜਾਂਦੀ ਹੈ ਤਾਂ ਉਨ੍ਹਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।ਜਿਸ ਦੀ ਸਾਰੀ ਜਿੰਮੇਵਾਰੀ ਸੰਬੰਧਤ ਕਿਸਾਨ ਦੀ ਹੋਵੇਗੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media