ਚੁਣੀਆਂ ਲੜਕੀਆਂ ਨੂੰ ਦਿੱਤਾ ਜਾਵੇਗਾ 4 ਹਜ਼ਾਰ ਮਾਣ ਭੱਤਾ- ਅਪਲਾਈ 30 ਜੂਨ ਤੱਕ
ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸਰਕਾਰ ਦੀ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ

ਜਿਲ੍ਹੇ ਦੇ 10 ਪਿੰਡਾਂ ਵਿਚ, ਜਿੱਥੇ ਕਿ ਲੜਕੀਆਂ ਦੀ ਜਨਮ ਦਰ ਲੜਕਿਆਂ ਦੇ ਮੁਕਾਬਲੇ ਕਾਫੀ ਘੱਟ ਹੈ ਉਥੇ 2-2 ਲੜਕੀਆਂ ਦੀ ਕੁਆਰਡੀਨੇਟਰ ਵਜੋਂ ਨਿਯੁਕਤੀ ਕੀਤੀ ਜਾਵੇਗੀ ਤਾਂ ਜੋ ਇਹ ਲੜਕੀਆਂ ਇਨ੍ਹਾਂ ਪਿੰਡਾਂ ’ਚ ਲੋਕਾਂ ਨੂੰ ਲੜਕੇ ਅਤੇ ਲੜਕੀ ਵਿਚ ਫਰਕ ਨਾ ਕਰਨ ਪ੍ਰਤੀ ਜਾਗਰੂਕਤਾ ਪੈਦਾ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਜਮਾਨੇ ਵਿਚ ਬੇਟੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਅਤੇ ਲੜਕੀਆਂ ਦੀ ਜਨਮ ਦਰ ਲੜਕਿਆਂ ਦੇ ਮੁਕਾਬਲੇ ਘੱਟ ਹੋਣਾ ਸਮਾਜ ਲਈ ਵੱਡੀ ਚਿੰਤਾ ਦਾ ਕਾਰਨ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੱਚੀਆਂ ਦੇ ਜਨਮ ਦਰ ਨੂੰ ਲੜਕਿਆਂ ਦੇ ਬਰਾਬਰ ਦਾ ਕਰਨ ਲਈ ‘ਬੇਟੀ ਬਾਚਓ, ਬੇਟੀ ਪੜਾਓ‘ ਮੁਹਿੰਮ ਚਲਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਮਜੀਠਾ ਬਲਾਕ ਦੇ ਪਿੰਡ, ਸੋਹੀਆਂ ਕਲਾਂ, ਲਹਿਰਕਾ, ਬਲਕਾ ਅਟਾਰੀ ਦੇ ਪਿੰਡ ਚਾਟੀਵਿੰਡ, ਆਬਾਦੀ ਵਰਪਾਲ, ਚੱਕ ਮੁਕੰਦ, ਖਾਸਾ ਪਿੰਡ, ਬਲਾਕ ਰਈਆ ਦੇ ਪਿੰਡ ਝਲਾਰੀ ਤੇ ਸੁਧਾਰ ਰਾਜਪੂਤਾਂ, ਬਲਾਕ ਹਰਸ਼ਾਛੀਨਾ ਦੇ ਪਿੰਡ ਕੂਕੇਵਾਲ (ਗੁਰੂ ਕਾ ਬਾਗ), ਬਲਾਕ ਵੇਰਕਾ ਦੇ ਪਿੰਡ ਬਾਸਰਕੇ ਭੈਣੀ ਨੂੰ ਚੁਣਿਆ ਗਿਆ ਹੈ ਜਿਥੇ ਲੜਕੀਆਂ ਦੀ ਜਨਮ ਦਰ ਲੜਕਿਆਂ ਦੇ ਮੁਕਾਬਲੇ ਕਾਫੀ ਘੱਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀਆਂ 2-2 ਪੜੀਆਂ ਲਿਖੀਆਂ, ਘੱਟੋ ਘੱਟ 12ਵੀਂ ਪਾਸ ਹੋਣ ਅਤੇ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਹੋਵੇ ਨੂੰ ਕੁਆਰਡੀਨੇਟਰ ਚੁਣਿਆ ਜਾਵੇਗਾ ਅਤੇ ਚੁਣੀ ਜਾਣ ਵਾਲੀ ਲੜਕੀ ਨੂੰ ਸਰਕਾਰ ਵੱਲੋਂ 4000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ।ਇਹ ਲੜਕੀਆਂ ਪਿੰਡ ਵਾਸੀਆਂ ਨੂੰ ਲੜਕੀਆਂ ਦੇ ਜਨਮ ਲੈਣ ਦੇ ਅਧਿਕਾਰ ਅਤੇ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਲੜਕੀਆਂ ਦੀ ਜਨਮ ਦਰ ਨੂੰ ਬਰਾਬਰ ਕਰਨ ਲਈ ਚਲਾਈਆਂ ਸਕੀਮਾਂ ਬਾਰੇ ਲੋਕ ਜਾਗਰੂਕਤਾ ਪੈਦਾ ਕਰਨਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰੋਕਤ ਪਿੰਡਾਂ ਦੀਆਂ ਲੜਕੀਆਂ ਦੀ 30 ਜੂਨ ਤੱਕ ਆਪਣੀਆਂ ਅਰਜੀਆਂ ਜਿਲ੍ਹਾ ਪ੍ਰੋਗਰਾਮ ਅਫ਼ਸਰ 24 ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਸ਼ਾਮ 5:00 ਤੱਕ ਰਜਿਸਟਰਡ ਡਾਕ ਰਾਹੀਂ ਭੇਜ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਨਾਲ ਸੰਬੰਧਤ ਸੀ.ਡੀ.ਪੀ.ਓਜ਼ ਪਿੰਡਾਂ ਵਿਚ ਆਪ ਨਿੱਜੀ ਤੌਰ ’ਤੇ ਆਂਗਨਵਾੜੀ ਵਰਕਰਜ਼ ਰਾਹੀਂ ਪਿੰਡਾਂ ਵਿਚ ਮੁਨਿਆਦੀ ਕਰਵਾਉਣਗੀਆਂ ਤਾਂ ਜੋ ਇਨ੍ਹਾਂ ਪਿੰਡਾਂ ਦੀਆਂ ਲੜਕੀਆਂ ਇਸ ਚੋਣ ਪ੍ਰੀਕਿਰਿਆ ਵਿਚ ਸ਼ਾਮਿਲ ਹੋ ਸਕਣ।
Punjab Post Daily Online Newspaper & Print Media