ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਦੇ ਮੈਂਬਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ’ਚ ਕਾਂਗਰਸ ਸਰਕਾਰ ਦੇ ਪਹਿਲੇ ਬਜਟ ’ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਇਸ ਬਜਟ ਨੂੰ ਦਿਸ਼ਾਹੀਣ ਦੱਸਿਆ।ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬਜਟ ’ਚ ਨਾਮਾਤਰ ਪ੍ਰਸਤਾਵ ਰੱਖੇ ਗਏ ਹਨ, ਜਿਸ ਨਾਲ ਤਰੱਕੀ ਦੀ ਰਾਹ ’ਚ ਹੋਰ ਮੁਸ਼ਕਿਲ ਹੋਵੇਗੀ।ਕਿਸਾਨਾਂ ਸਿਰ ਚੜ੍ਹੇ ਭਾਰੀ ਕਰਜ਼ਿਆਂ ਤੋਂ ਵੀ ਅੰਨਦਾਤਿਆਂ ਨੂੰ ਬਹੁਤ ਕੁੱਝ ਮਿਲਣ ਦੀ ਆਸ ਨਹੀਂ ਹੈ, ਕਿਉਂਕਿ ਮੁਆਫ਼ ਕੀਤਾ ਜਾਣ ਵਾਲਾ ਕਰਜ਼ਾ ਨਾਮਾਤਰ ਅਤੇ ਨਾਕਾਫ਼ੀ ਹੈ। ਉਨ੍ਹਾਂ ਨੇ ਕੈਪਟਨ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜ਼ਟ ’ਚ ਸੂਬੇ ਦੇ ਮੁੱਢਲੇ ਢਾਂਚੇ ਦੀ ਮਜ਼ਬੂਤੀ ਲਈ ਕੁਝ ਵੀ ਅਹਿਮ ਪੇਸ਼ ਨਾ ਕਰਨ ’ਤੇ ਸਰਕਾਰ ਨੂੰ ਤਾੜਦਿਆਂ ਕਿਹਾ ਕਿ ਜੋ ਵੀ ਸਕੀਮਾਂ ਐਲਾਨੀਆਂ ਗਈਆਂ ਹਨ, ਉਨ੍ਹਾਂ ਲਈ ਪੈਸਾ ਕਿੱਥੋਂ ਹਾਸਲ ਹੋਣਾ ਹੈ ਤੇ ਇਹ ਬਜਟ ਚੁੱਪ ਹੈ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜ਼ੇ ਮੁਆਫ਼ ਕਰਨਾ ਅੰਨਦਾਤੇ ਨਾਲ ਕੋਝਾ ਮਜ਼ਾਕ ਹੈ, ਕਿਉਂਕਿ ਬੈਂਕਾਂ ਨੂੰ ਇਹ ਕਰਜ਼ਾ ਤਾਂ ਮੁਆਫ਼ ਕਰਨਾ ਹੈ, ਜਦੋਂ ਸਰਕਾਰ ਬੈਂਕਾਂ ਦੇ ਖਾਤਿਆਂ ’ਚ ਲੋੜੀਂਦਾ ਪੈਸਾ ਜਮ੍ਹਾ ਕਰਵਾਏਗੀ। ਅੱਜ ਜਾਰੀ ਆਪਣੇ ਪ੍ਰੈੱਸ ਬਿਆਨ ’ਚ ਸ: ਛੀਨਾ ਨੇ ਦੱਸਿਆ ਕਿ ਕਿਹਾ ਕਿ ਕਾਂਗਰਸ ਦੇ ਸੱਤਾ ’ਚ ਆਉਣ ’ਤੇ ਹੁਣ ਤੱਕ 90 ਫ਼ੀਸਦੀ ਤੋਂ ਵਧੇਰੇ ਕਿਸਾਨਾਂ ਨੇ ਮਜ਼ਬੂਰੀਵੱਸ ਜੀਵਨ ਲੀਲਾ ਸਮਾਪਤ ਕਰਕੇ ਮੌਤ ਦਾ ਰਸਤਾ ਅਖ਼ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਖੇਤਰ ਦੀ ਮਜ਼ਬੂਤੀ ਲਈ ਜੋ ਲੋੜੀਂਦਾ ਪ੍ਰਬੰਧ ਚਾਹੀਦੇ ਹਨ ਉਹ ਬਜ਼ਟ ’ਚ ਪੇਸ਼ ਨਹੀਂ ਕੀਤੇ ਗਏ, ਜਿਸ ਨਾਲ ਇਸ ਖਿੱਤੇ ’ਤੇ ਆਉਣ ਵਾਲੇ ਸਮੇਂ ’ਚ ਹੋਰ ਗਿਰਾਵਟ ਨਜ਼ਰ ਆਵੇਗੀ।ਛੀਨਾ ਨੇ ਕਿਹਾ ਕੈਪਟਨ ਸਿੰਘ ਅਤੇ ਕਾਂਗਰਸ ਨੇ ਚੋਣਾਂ ਦੌਰਾਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਨ੍ਹਾਂ ਦੀ ਪੂਰਤੀ ਕਰਨਾ ਉਨ੍ਹਾਂ ਦੇ ਵੱਸ ’ਚ ਨਹੀਂ ਲੱਗਦਾ ਅਤੇ ਇਸ ਬਜ਼ਟ ਤੋਂ ਮੁੱਖ ਮੰਤਰੀ ਦੀ ਮਜ਼ਬੂਰੀ ਸਰਾਸਰ ਝਲਕਦੀ ਹੈ।ਉਨ੍ਹਾਂ ਕਿਹਾ ਕਿ ਵਿੱਦਿਅਕ ਖੇਤਰ ਨੂੰ ਇਸ ਬਜ਼ਟ ’ਚ ਪੂਰੇ ਤਰ੍ਹਾਂ ਅਣਗੌਲਿਆ ਗਿਆ ਹੈ ਅਤੇ ਸੂਬੇ ਨੂੰ ਦਰਪੇਸ਼ ਵਿੱਤੀ ਸੰਕਟ ’ਚੋਂ ਕੱਢਣ ਲਈ ਕੋਈ ਵੀ ਮਜ਼ਬੂਤ ਕਦਮ ਨਹੀਂ ਚੁੱਕਿਆ ਗਿਆ।ਜਿਸ ਦੇ ਸਿੱਟੇ ਭਵਿੱਖ ’ਚ ਗੰਭੀਰ ਹੋਣਗੇ, ਕਿਉਂਕਿ ਤਰੱਕੀ ਦੀ ਦਰ ਇਸ ਬਜਟ ਤੋਂ ਬਾਅਦ ਮੁੱਧੇ ਮੂੰਹ ਡਿੱਗੇਗੀ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media