ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਕੀਤਾ ਵਾਅਦਾ ਜਲਦੀ ਹੀ ਹੋਵੇਗਾ- ਰਜ਼ੀਆ ਸੁਲਤਾਨਾ
ਮਾਲੇਰਕੋਟਲਾ (ਸੰਦੌੜ), 26 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਈਦ-ਉਲ-ਫ਼ਿਤਰ ਦੇ ਪਵਿੱਤਰ ਤਿਓਹਾਰ ਦੇ ਮੌਕੇ ‘ਤੇ ਸਥਾਨਕ ਵੱਡੀ ਈਦਗਾਹ
ਵਿਖੇ ਮੁਸਲਿਮ ਭਾਈਚਾਰੇ ਨੂੰ ਸਰਕਾਰ ਦੀ ਤਰਫੋਂ ਵਿਸ਼ੇਸ਼ ਤੌਰ ‘ਤੇ ਮੁਬਾਰਕਬਾਦ ਦੇਣ ਲਈ ਸ਼ਾਮਲ ਹੋਏ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਰਾਜ ਵਿੱਚ ਭਾਈਚਾਰਕ ਸਾਂਝ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਮਾੜੀਆਂ ਤਾਕਤਾਂ ਨੂੰ ਪੰਜਾਬ ਸਰਕਾਰ ਵੱਲੋਂ ਕਿਸੇ ਕੀਮਤ ‘ਤੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।ਈਦਗਾਹ ਵਿਖੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਨਿੱਘੀ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੈਗੰਬਰ ਇਸਲਾਮ ਦੇ ਆਉਣ ਨਾਲ ਦੁਨੀਆਂ ਦੇ ਸਾਰੇ ਰੰਗ ਪੂਰੇ ਹੋ ਗਏ ਜਿਨ੍ਹਾਂ ਤੋਂ ਸਮੁੱਚੀ ਦੁਨੀਆਂ ਨੂੰ ਆਪਸੀ ਭਾਈਚਾਰੇ, ਮਿਲਵਰਤਨ ਅਤੇ ਅਮਨ ਸ਼ਾਂਤੀ ਦਾ ਸੰਦੇਸ਼ ਮਿਲਿਆ।ਉਨ੍ਹਾਂ ਨੇ ਈਦਗਾਹ ‘ਚ ਇਕੱਤਰ ਹੋਏ ਭਾਈਚਾਰੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਵਿੱਤੀ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਵੀ ਆਪਣੀਆਂ ਖੁਸ਼ੀਆਂ ਵਿੱਚ ਸ਼ਾਮਲ ਕਰਨ ਲਈ ਯਤਨਸ਼ੀਲ ਰਿਹਾ ਜਾਵੇ।ਮਨਪ੍ਰੀਤ ਸਿੰਘ ਬਾਦਲ ਨੇ ਈਦਗਾਹ ਲਈ ਪੰਜਾਬ ਸਰਕਾਰ ਦੀ ਤਰਫੋਂ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਪਹਿਲੇ ਬਜਟ ਵਿੱਚ ਮੁਸਲਿਮ ਭਾਈਚਾਰੇ ਲਈ ਵੱਡੀਆਂ ਸੁਵਿਧਾਵਾਂ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਵਿੱਚ ਮਾਲੇਰਕੋਟਲਾ ਵਿਖੇ ਉਰਦੂ ਅਕਾਦਮੀ ਲਈ ੩ ਕਰੋੜ ਰੁਪਏ, ਪੰਜਾਬ ਵਿੱਚ ਕਬਰਸਤਾਨਾਂ ਲਈ ੧੦ ਕਰੋੜ ਰੁਪਏ ਅਤੇ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਵੀ ਸ਼ਾਮਲ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਖੁਦ ਭਾਵੇਂ ਇੱਕ ਵਕਤ ਦੀ ਰੋਟੀ ਘੱਟ ਖਾ ਲਈ ਜਾਵੇ ਪਰ ਆਪਣੇ ਬੱਚਿਆਂ ਨੂੰ ਉਚੇਰੀ ਵਿਦਿਆ ਜ਼ਰੂਰ ਮੁਹੱਈਆ ਕਰਵਾਈ ਜਾਵੇ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਭੇਟ ਕਰਦਿਆਂ ਜਿਥੇ ਈਦਗਾਹ ਲਈ ਆਪਣੇ ਫੰਡ ਵਿੱਚੋਂ ੫੦ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਉਥੇ ਹੀ ਕਾਂਗਰਸ ਸਰਕਾਰ ਦੀ ਤਰਫੋਂ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ਦਾ ਵਿਸ਼ਵਾਸ਼ ਵੀ ਦਿਵਾਇਆ।ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿਖੇ ਸਰਕਾਰੀ ਮੈਡੀਕਲ ਕਾਲਜ ਸਥਾਪਤ ਕਰਨ ਲਈ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਵਾਅਦਾ ਵੀ ਜ਼ਰੂਰ ਪੂਰਾ ਕੀਤਾ ਜਾਵੇਗਾ।ਸਿੱਧੂ ਨੇ ਵਿਸ਼ਵਾਸ਼ ਦਿਵਾਇਆ ਕਿ ਕਾਂਗਰਸ ਸਰਕਾਰ ਵਿੱਚ ਮੁਸਲਿਮ ਭਾਈਚਾਰੇ ਦਾ ਪੂਰਾ ਮਾਣ-ਸਨਮਾਨ ਯਕੀਨੀ ਬਣਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਈਦ ਦਾ ਪਵਿੱਤਰ ਤਿਓਹਾਰ ਪ੍ਰੇਮ ਅਤੇ ਆਪਸੀ ਭਾਈਚਾਰੇ ਦਾ ਪੈਗਾਮ ਲੈ ਕੇ ਆਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਮਿਲਵਰਤਨ ਨਾਲ ਰਹਿ ਕੇ ਲੋਕ ਸੇਵਾ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ।
ਇਸ ਦੌਰਾਨ ਲੋਕ ਨਿਰਮਾਣ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਰਫੋਂ ਬਜਟ ਵਿੱਚ ਮੁਸਲਿਮ ਭਾਈਚਾਰੇ ਲਈ ਲਏ ਗਏ ਮਹੱਤਵਪੂਰਨ ਫੈਸਲਿਆਂ ਲਈ ਧੰਨਵਾਦ ਕੀਤਾ।ਉਨ੍ਹਾਂ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀ ਮੁਬਾਰਕਬਾਦ ਭੇਟ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਕੀਤਾ ਵਾਅਦਾ ਜਲਦੀ ਹੀ ਪੂਰਾ ਕੀਤਾ ਜਾਵੇਗਾ।ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਇਹ ਪਵਿੱਤਰ ਤਿਓਹਾਰ ਆਪਸੀ ਭਾਈਚਾਰਾ, ਹਮਦਰਦੀ ਅਤੇ ਸਾਂਝ ਦਾ ਪ੍ਰਤੀਕ ਹੈ ਅਤੇ ਸਾਡੇ ਸਾਂਝੇ ਸਭਿਆਚਾਰ ਦੀ ਸੱਚੀ ਸੁੱਚੀ ਭਾਵਨਾ ਨੂੰ ਦਰਸਾਉਂਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਰਾਜ ਮੰਤਰੀ ਸ਼੍ਰੀਮਤੀ ਰਜ਼ੀਆ ਸੁਲਤਾਨਾ ਨੂੰ ਇੰਤਜ਼ਾਮੀਆ ਕਮੇਟੀ ਈਦਗਾਹ ਸਮੇਤ ਵੱਖ-ਵੱਖ ਸੰਸਥਾਵਾਂ ਦੀ ਤਰਫੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਜੀ.ਪੀ ਹਿਊਮਨ ਰਾਈਟਸ ਮੁਹੰਮਦ ਮੁਸਤਫ਼ਾ, ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ, ਐਸ.ਐਸ.ਪੀ ਮਨਦੀਪ ਸਿੰਘ ਸਿੱਧੂ, ਐਸ.ਡੀ.ਐਮ ਮਾਲੇਰਕੋਟਲਾ ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਤਹਿਸੀਲਦਾਰ ਮੁਹੰਮਦ ਸਾਰਜ, ਸਾਹਿਬਜਾਦਾ ਨਦੀਮ ਅਨਵਾਰ ਖਾਂ, ਈਦਗਾਹ ਕਮੇਟੀ ਦੇ ਪ੍ਰਧਾਨ ਮੁਹੰਮਦ ਨਾਸਰ, ਕੋਂਸਲਰ ਚੋਧਰੀ ਮੁਹੰਮਦ ਬਸ਼ੀਰ, ਐਡਵੋਕੇਟ ਇਜਾਜ ਆਲਮ, ਮੁਹੰਮਦ ਇਕਬਾਲ ਲਾਲਾ, ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਕੋਂਸਲਰ ਫਾਰੂਕ ਅਨਸਾਰੀ ਸਮੇਤ ਵੱਡੀ ਗਿਣਤੀ ਵਿੱਚ ਸ਼ਖ਼ਸੀਅਤਾਂ ਤੇ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media