Friday, May 30, 2025
Breaking News

ਜਨਵਾਦੀ ਲੇਖਕ ਸੰਘ ਨੇ ਕਰਵਾਇਆ ਭਾਸ਼ਾ ਸੈਮੀਨਾਰ

PPN150206

ਅੰਮ੍ਰਿਤਸਰ, 15 ਫਰਵਰੀ ( ਪੰਜਾਬ ਪੋਸਟ ਬਿਊਰੋ )- ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਲਈ ਨਿਰੰਤਰ ਕਾਰਜਸ਼ੀਲ ਪੰਜਾਬੀ ਲੇਖਕਾਂ ਦੀ ਜਥੇਬੰਦੀ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਆਤਮ ਪਬਲਿਕ ਸਕੂਲ ਵਿਖੇ ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ”ਬੱਚੇ ਦੇ ਮਾਨਸਿਕ ਵਿਕਾਸ ‘ਚ ਮਾਂ ਬੋਲੀ ਦੀ ਮਹੱਤਤਾ” ਵਿਸ਼ੇ ਤੇ ਭਾਸ਼ਾ ਸੈਮੀਨਾਰ ਕਰਵਾਇਆ ਗਿਆ। ਕਥਾਕਾਰ ਤਲਵਿੰਦਰ ਸਿੰਘ ਯਾਦਗਾਰੀ ਪੰਜਾਬੀ ਚੇਤਨਾ ਹਫਤੇ ਦੇ ਪਹਿਲੇ ਦਿਨ ਹੋਏ ਇਸ ਸੈਮੀਨਾਰ ‘ਚ ਹਾਜ਼ਰ ਵਿਦਵਾਨਾਂ ਨੇ ਸਾਂਝੀ ਰਾਏ ਉਸਾਰੀ ਕਿ ਬੱਚੇ ਦੀ ਮੁੱਢਲੀ ਸਿੱਖਿਆ ਉਸਦੀ ਮਾਤ ਭਾਸ਼ਾ ‘ਚ ਦੇ ਕੇ ਹੀ ਬੱਚੇ ਦਾ ਮਾਨਸਿਕ ਅਤੇ ਬੌਧਿਕ ਵਿਕਾਸ ਹੋ ਸਕਦਾ ਹੈ। ਦੇਵ ਦਰਦ ਨੇ ਸ਼ਾਇਰਾਨਾ ਅੰਦਾਜ਼ ‘ਚ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਦਾ ਜਿਕਰ ਕੀਤਾ। ਕਥਾਕਾਰ ਦੀਪ ਦਵਿੰਦਰ ਸਿੰਘ ਨੇ ਸਬੰਧਿਤ ਵਿਸ਼ੇ ਤੇ ਗੱਲ ਕਰਦਿਆਂ ਕਿਹਾ ਕਿ ਸਾਡੇ ਜਨ ਜੀਵਨ ਵਿੱਚੋਂ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਖੇਡਾਂ ਦਾ ਅਲੋਪ ਹੋਣਾ ਅਤੇ ਸਕੂਲਾਂ ਵਿੱਚੋਂ ਮਾਂ ਬੋਲੀ ਦੇ ਸਰੋਕਾਰਾਂ ਦਾ ਘਟਨਾ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।ਪੰਜਾਬੀ ਯੂਨੀਵਰਸਿਟੀ ਕਾਲਜ ਬਲਾਚੌਰ ਤੋਂ ਉਚੇਚੇ ਤੌਰ ਤੇ ਆਏ ਅਸਿਸਟੈਂਟ ਪ੍ਰੋਫੈਸਰ ਡਾ. ਨਰੇਸ਼ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਬੱਚੇ ਲਈ ਘਰ ਅਤੇ ਸਕੂਲ ਦੀ ਭਾਸ਼ਾ ਇੱਕ ਹੋਣੀ ਚਾਹੀਦੀ ਹੈ। ਡਾ. ਊਧਮ ਸਿੰਘ ਸ਼ਾਹੀ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਪੰਜਾਬੀ ਬੋਲਣ ਵਾਲੇ ਲੋਕ ਅਤੇ ਪੰਜਾਬੀ ਲਿਖਣ ਵਾਲੇ ਲੇਖਕ ਇਕੱਠੇ ਵਿਚਰਣ ਨਾਲ ਭਾਸ਼ਾ ਦੀ ਤਰੱਕੀ ਦੇ ਰਾਹ ਖੁੱਲਦੇ ਹਨ। ਉੱਘੇ ਬਾਲ ਲੇਖਕ ਹਿਰਦੇਪਾਲ ਸਿੰਘ ਨੇ ਕਿਹਾ ਕਿ ਸਾਨੂੰ ਮਾਂ ਬੋਲੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਕੇਂਦਰੀ ਸਭਾ ਦੇ ਸੀਨੀ: ਮੀਤ ਪ੍ਰਧਾਨ ਸੁਲੱਖਣ ਸਰਹੱਦੀ ਨੇ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਇਤਿਹਾਸਕ ਹਵਾਲੇ ਦੀ ਗੱਲ ਕਰਦਿਆਂ ਕਿਹਾ ਕਿ ਰਾਜਨੀਤਕ ਧਿਰਾਂ ਦੀ ਭਾਸ਼ਾ ਪ੍ਰਤੀ ਨੀਤ ਅਤੇ ਨੀਤੀ ਸਪੱਸ਼ਟ ਨਹੀਂ। ਭਾਸ਼ਾ ਵਿਗਿਆਨੀ ਡਾ. ਜੋਗਿੰਦਰ ਕੈਰੋਂ ਨੇ ਵੱਖ-ਵੱਖ ਪੰਜਾਬੀ ਤੁੱਕਾਂ ਦੀਆਂ ਉਦਾਹਰਣਾਂ ਦੇ ਕੇ ਕਿਹਾ ਕਿ ਸਾਨੂੰ ਵਾਕਾਂ ਦੀ ਬਣਤਰ ਅਤੇ ਬੁਣਤਰ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪ੍ਰੋ: ਇੰਦਰਾ ਵਿਰਕ ਅਤੇ ਡਾ. ਭੁਪਿੰਦਰ ਜੌਲੀ ਨੇ ਕਿਹਾ ਕਿ ਬੱਚਿਆਂ ਦੇ ਸਿਲੇਬਸ ਤੋਂ ਬਿਨ੍ਹਾਂ ਬੱਚਿਆਂ ਨੂੰ ਕਿਤਾਬਾਂ ਪੜ੍ਹਣ ਦੀ ਆਦਤ ਪਾਉਣੀ ਚਾਹੀਦੀ ਹੈ। ਡਾ. ਹਜ਼ਾਰਾ ਸਿੰਘ ਚੀਮਾ, ਭੁਪਿੰਦਰ ਸਿੰਘ ਸੰਧੂ, ਸੁਮੀਤ ਸਿੰਘ, ਮੈਡਮ ਟੀਨਾ ਸ਼ਰਮਾ ਅਤੇ ਸਕੂਲ ਦੇ ਬੱਚਿਆਂ ਨੇ ਵੀ ਪੰਜਾਬੀ ਪ੍ਰਤੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ: ਪਰਮਿੰਦਰ ਸਿੰਘ, ਗੁਰਦੇਵ ਸਿੰਘ ਮਹਿਲਾਂਵਾਲਾ, ਮਨਮੋਹਨ ਸਿੰਘ ਬਾਸਰਕੇ, ਗੁਰਜਿੰਦਰ ਮਾਹਲ, ਰਾਜ ਕੁਮਾਰ ਰਾਜ, ਮਨਮੋਹਨ ਸਿੰਘ ਢਿੱਲੋਂ, ਸਰਬਜੀਤ ਸਿੰਘ ਸੰਧੂ, ਧਰਮਿੰਦਰ ਔਲਖ, ਗੁਰਬਾਜ ਸਿੰਘ ਤੋਲਾਨੰਗਲ, ਗੁਰਦੇਵ ਸਿੰਘ ਭਰੋਵਾਲ, ਪ੍ਰਿੰ: ਜੋਗਿੰਦਰ ਸਿੰਘ, ਡਾ. ਕਸ਼ਮੀਰ ਸਿੰਘ, ਬਲਦੇਵ ਇੰਦਰ ਸਿੰਘ, ਮਾਸਟਰ ਅਜੀਤ ਸਿੰਘ ਮਕਬੂਲਪੁਰਾ, ਹਰੀ ਸਿੰਘ ਗਰੀਬ, ਇੰਦਰ ਸਿੰਘ ਮਾਨ, ਰਵੀ ਠਾਕੁਰ, ਦਲਜੀਤ ਕੌਰ, ਸੁਨੀਤਾ ਸ਼ਰਮਾ, ਕਿਰਨ ਜੋਤੀ, ਪ੍ਰਤੀਕ ਸਹਿਦੇਵ, ਅੰਤਿਕਾ ਸਹਿਦੇਵ, ਸੁਭਾਸ਼ ਸ਼ਰਮਾ, ਸੁਖਵਿੰਦਰ ਕੌਰ, ਬਲਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply