‘ਲਾਵਾਂ: ਸਮਾਜਿਕ ਅਤੇ ਅਧਿਆਤਮਕ ਦ੍ਰਿਸ਼ਟੀ’ ਪੁਸਤਕ ਦਾ ਲੋਕ ਅਰਪਣ
ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – “ਗੁਰਮਤਿ ਅਨੁਸਾਰ ‘ਅਨੰਦ ਕਾਰਜ’ ਨੈਤਿਕ ਸੰਜਮ ਜਾਂ ਵੰਸ-ਲੜੀ ਦਾ ਸਾਧਨ ਨਹੀਂ ਸਗੋਂ ਇਹ ਸਮੁੱਚੇ ਬ੍ਰਹਿਮੰਡ ਵਿੱਚ ਵਿਦਮਾਨ ਸਿਰਜਨਾ ਦੇ ਦੂਹਰੇ ਨਿਯਮ ਨੂੰ ਮਾਨਵ ਵਿਗਿਆਨਕ ਪ੍ਰਸੰਗ ਵਿੱਚ ਉਤਾਰਨਾ ਹੈ।ਕਬੀਲਾਈ ਅਤੇ ਨਸਲੀ ਅਰਾਜਕਤਾ ਵਿਆਹ ਸੰਸਥਾ ਵਿਚੋਂ ਆਰਥਿਕ ਤੇ ਸਰੀਰਕ ਲੋੜਾਂ ਦੀ ਪੂਰਤੀ ਕਰਦੀ ਹੈ ਜਦਕਿ ਗੁਰੂ ਸਾਹਿਬ ਨੇ ਅਨੰਦ ਸੰਸਕਾਰ ਰਾਹੀਂ ਔਰਤ-ਮਰਦ ਨੂੰ ਜੋਤ ਰੂਪ ਵਿਚ ਆਪਣੀਆਂ ਸੰਭਾਵਨਾਵਾਂ ਦੇ ਮਉਲਣ ਦਾ ਸਪੇਸ ਪ੍ਰਦਾਨ ਕੀਤਾ ਹੈ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਭਾਈ ਵੀਰ ਸਿੰਘ ਗੁਰਮਤਿ ਕਾਲਜ (ਕੇਂਦਰੀ ਖਾਲਸਾ ਯਤੀਮਖਾਨਾ) ਵਿਖੇ ‘ਲਾਵਾਂ: ਸਮਾਜਿਕ ਅਤੇ ਅਧਿਆਤਮਕ ਦ੍ਰਿਸ਼ਟੀ’ ਪੁਸਤਕ ਤੇ ਖੋਜਾਰਥੀਆਂ/ ਵਿਦਿਆਰਥੀਆਂ ਦੁਆਰਾ ਸੰਚਾਲਕ ਸੰਸਥਾ ਨਾਦ ਪ੍ਰਗਾਸੁ ਕਰਾਏ ਗਏ ਰਿਲੀਜ ਸਮਾਰੋਹ ਅਤੇ ਗੋਸ਼ਟੀ ਦੌਰਾਨ ਡਾ. ਸੁਖਵਿੰਦਰ ਸਿੰਘ ਨੇ ਕੀਤਾ। ਲਾਵਾਂ ਸਬੰਧੀ ਆਪਣਾ ਪੇਪਰ ਪ੍ਰਸਤੁਤ ਕਰਦਿਆਂ ਉਹਨਾਂ ਅੱਗੇ ਕਿਹਾ ਕਿ ਹੁਣ ਤੱਕ ਸਿੱਖ ਅਧਿਐਨ ਵਿੱੱਚ ਸੰਕਲਪਾਂ ਜਾਂ ਪ੍ਰਵਰਗਾਂ ਨੂੰ ਤੁਲਨਾ ਰਾਹੀਂ ਵਿਭਿੰਨ ਜਾਂ ਸਮਰੂਪ ਦਰਸਾਉਣ ਦਾ ਰੁਝਾਨ ਪ੍ਰਚਲਿਤ ਰਿਹਾ ਹੈ। ਪ੍ਰੰਤੁ ਸਮਕਾਲੀ ਅਕਾਦਮਿਕ ਚੁਣੌਤੀਆਂ ਦੇ ਮੱਦੇਨਜਰ ਆਪਣੇ ਮੌਲਿਕ ਪ੍ਰਵਰਗਾਂ ਅਤੇ ਸੰਕਲਪਾਂ ਦੀ ਸਿਧਾਂਤਕਾਰੀ ਲਾਜ਼ਮੀ ਹੋ ਜਾਂਦੀ ਹੈ।
ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਧਰਮ ਸਿੰਘ, ਸਾਬਕਾ ਪੋ੍ਰਫੈਸਰ. ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਇਸ ਖੋਜ ਕਾਰਜ ਵਿਚ ਸਿੱਖ ਜੀਵਨ ਦਾ ਸਮਾਜਿਕ ਅਤੇ ਅਧਿਅਤਾਮਕ ਪ੍ਰਸੰਗ ਸਿਰਜਿਆ ਗਿਆ ਹੈ। ਲਾਵਾਂ ਦੀ ਸ਼ਬਦਾਵਲੀ ਦੇ ਸਭਿਆਚਾਰਕ ਅਤੇ ਅਧਿਆਤਮਕ ਪਰਿਪੇਖ ਨੂੰ ਸਮਝਣਾ ਪੰਜਾਬੀ ਅਤੇ ਸਿੱਖ ਅਧਿਐਨ ਦੇ ਖੋਜਾਰਥੀਆਂ ਲਈ ਬੇਹੱਦ ਜ਼ਰੂਰੀ ਹੈ। ਇਸ ਖੋਜ ਕਾਰਜ ਨੇ ਬਾਣੀ ਅਤੇ ਲਾਵਾਂ ਦੇ ਲੋਕ-ਧਰਾਈ ਅਧਿਐਨ ਦੀਆਂ ਹੋਰ ਸੰਭਾਵਨਾਵਾਂ ਸਾਡੇ ਸਾਹਮਣੇ ਲਿਆਂਦੀਆਂ ਹਨ।ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੰੁਚੇ ਡਾ. ਹਰਚੰਦ ਸਿੰਘ ਬੇਦੀ, ਸਾਬਕਾ ਪੋ੍ਰਫੈਸਰ. ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾਇਰੈਕਟਰ, ਭਾਈ ਵੀਰ ਸਿੰਘ ਖੋਜ ਕੇਂਦਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪੁਰਾਤਨ ਭਾਰਤ ਵਿਚ ਔਰਤ ਦੀ ਸਥਿਤੀ ਨੂੰ ਘਟਾ ਕੇ ਪੇਸ਼ ਕੀਤਾ ਗਿਆ ਹੈ।ਲਾਵਾਂ ਵਿਚ ਉਸੇ ਅਨੁਭਵ ਨੂੰ ਗੁਰੂ ਰਾਮਦਾਸ ਜੀ ਨੇ ਲਿਆਂਦਾ ਹੈ।ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ ਡਾ. ਗੁਰਨਾਮ ਕੌਰ ਬੇਦੀ ਨੇ ਕਿਹਾ ਕਿ ਚਾਰ ਲਾਵਾਂ ਪ੍ਰਵਿਰਤੀ, ਨਿਰਮਲ ਭਉ, ਬੈਰਾਗ ਅਤੇ ਸਹਿਜ ਦੀਆਂ ਅਵਸਥਾਵਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ।
ਗੋਸ਼ਟੀ ਦੌਰਾਨ ਪੁਸਤਕ ਰਿਲੀਜ਼ ਤੋਂ ਬਾਅਦ ਪੜ੍ਹੇ ਗਏ ਪੇਪਰ ੳੇੁਪਰ ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਚਰਚਾ ਵੀ ਕੀਤੀ। ਜਿਸ ਵਿੱਚ ਡਾ. ਸੰਤੋਖ ਸਿੰਘ ਸ਼ਹਿਰਯਾਰ, ਡਾ. ਰਿਹਾਨ ਹਸਨ, ਪੋ੍ਰ. ਰਵਿੰਦਰ ਸਿੰਘ, ਬਾਬਾ ਸੋਹਨ ਸਿੰਘ ਹਰਪ੍ਰੀਤ ਸਿੰਘ, ਤਰਨਦੀਪ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।ਬੁਲਾਰਿਆਂ ਵੱਲੋਂ ਪੁਸਤਕ ਦੇ ਵੱਖ-ਵੱਖ ਪੱਖਾਂ ਤੇ ਬਹਿਸ ਕਰਦਿਆਂ ਮੱਤ ਪੇਸ਼ ਕੀਤਾ ਗਿਆ ਕਿ ‘ਅਨੰਦ ਕਾਰਜ’ ਜਾਂ ਅਨੰਦ ਸੰਸਕਾਰ ਨੂੰ ਨਿਕਾਹ, ਮੈਰਿਜ਼, ਅਤੇ ਫੇਰਿਆਂ ਤੋਂ ਵਿਭਿੰਨ ਰੂਪ ਨਾਲ ਸਿਧਾਂਤਬੱਧ ਕੀਤੇ ਜਾਣ ਦੀ ਲੋੜ ਹੈ।ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਸਿੱਖ ਜੀਵਨ ਜਾਚ ਵਿਚ ਬਾਣੀ ਨਾਲ ਜੁੜੇ ਸਰੋਕਾਰਾਂ ਨੂੰ ਮੁੱਖ ਰੂਪ ਨਾਲ ਧਾਰਮਿਕ ਦ੍ਰਿਸ਼ਟੀ ਜਾਂ ਭਾਵੁਕ ਸਮਾਜਿਕ ਵਿਹਾਰ ਵਜੋਂ ਹੀ ਤਸਲੀਮ ਕੀਤਾ ਜਾਦਾ ਹੈ, ਜਦਕਿ ਇਸਦੇ ਗਿਆਨਾਤਮਕ ਸਿਧਾਂਤਕਾਰੀ ਦੇ ਯਤਨਾਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ।
ਇਸ ਦੌਰਾਨ ਪੁਸਤਕ ਦੀ ਲੇਖਿਕਾ ਅਸ਼ਵਿੰਦਰ ਕੌਰ ਵੀ ਹਾਜ਼ਰ ਸਨ। ਉਹਨਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਪੁਸਤਕ ਅਕਾਦਮਿਕ ਖੋਜ ਕਾਰਜ ਕਰ ਰਹੇ ਖੋਜਾਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਅਤੇ ਇਸ ਖੋਜ ਕਾਰਜ ਵਿੱਚ ਲਾਵਾਂ ਦੇ ਸਮਾਜਿਕ, ਸਭਿਆਚਾਰ ਅਤੇ ਅਧਿਆਤਮਕ ਪੱਖ ਨੂੰ ਆਪਣੇ ਵਿਸ਼ਲੇਸ਼ਣ ਦਾ ਵਿਸ਼ਾ ਬਣਾਇਆ ਹੈ।
ਅੱਜ ਦੀ ਇਸ ਪੁਸਤਕ ਗੋਸ਼ਟੀ ਦੌਰਾਨ ਬੀਬੀ ਕਿਰਨਜੋਤ ਕੌਰ (ਮੈਂਬਰ ਐਸ.ਜੀ.ਪੀ.ਸੀ) ਡਾ. ਹਰਕੰਵਲ ਕੋਰਪਾਲ, ਡਾ. ਰਵਿੰਦਰਜੀਤ ਸਿੰਘ, ਡਾ. ਰਣਜੀਤ ਕੌਰ ਤੇ ਡਾ. ਅਮਰਜੀਤ ਕੌਰ (ਸ਼੍ਰੋਮਣੀ ਕਮੇਟੀ) ਪ੍ਰੋ. ਸੁਰਜੀਤ ਸਿੰਘ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਆਈ. ਆਈ. ਟੀ. ਦਿੱਲੀ, ਖਾਲਸਾ ਕਾਲਜ ਅੰਮ੍ਰਿਤਸਰ, ਭਾਈ ਵੀਰ ਸਿੰਘ ਗੁਰਮਤਿ ਕਾਲਜ ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਮੇਤ ਰਾਜ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਖੋਜਾਰਥੀਆਂ/ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਗੋਸ਼ਟੀ ਵਿੱਚ ਭਾਗ ਲਿਆ।ਇਸ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਨਵਜੋਤ ਕੌਰ ਦੁਆਰਾ ਨਿਭਾਈ ਗਈ।
Punjab Post Daily Online Newspaper & Print Media