ਤਰਕਸ਼ੀਲਾਂ ਦੀ ਚੁਣੋਤੀ ਕਬੂਲ ਕਰਨ ਲਈ ਨਹੀਂ ਪਹੁੰਚਿਆ ਬਰੇਨ ਐਕਟੀਵੇਸ਼ਨ ਦਾ ਪ੍ਰਬੰਧਕ
ਅੰਮਿ੍ਤਸਰ, 9 ਸਤੰਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਮਾਝਾ ਜੋਨ ਵਲੋਂ ਬਰੇਨ ਐਕਟੀਵੇਸ਼ਨ ਛੇਹਰਟਾ ਅਤੇ ਤਰਨ ਤਾਰਨ ਵਲੋਂ ਅੱਖਾਂ `ਤੇ ਪੱਟੀ ਬੰਨ ਕੇ ਸੁੰਘਣ ਸ਼ਕਤੀ ਰਾਹੀਂ ਪੜਣ ਅਤੇ ਰੰਗ ਬੁੱਝਣ ਦੇ ਕੀਤੇ ਜਾ ਰਹੇ ਅੰਧ ਵਿਸ਼ਵਾਸੀ ਅਤੇ ਗੁੰਮਰਾਕੁੰਨ ਦਾਅਵੇ ਦਾ ਪਰਦਾਫਾਸ਼ ਕਰਨ ਸਬੰਧੀ ਇਕ ਸੈਮੀਨਾਰ ਸਥਾਨਕ ਵਿਰਸਾ ਵਿਹਾਰ ਵਿਖੇ ਕਰਾਇਆ ਗਿਆ।ਪਰ ਇਨਾਂ ਅਕਾਦਮੀਆਂ ਦਾ ਕੋਈ ਵੀ ਪ੍ਰਬੰਧਕ ਸੁਸਾਇਟੀ ਦੀ ਚੁਣੋਤੀ ਕਬੂਲ ਕਰਨ ਲਈ ਨਹੀਂ ਪਹੁੰਚਿਆ।
ਇਸ ਮੌਕੇ ਜੀਰਾ ਇਕਾਈ ਦੇ ਤਰਕਸ਼ੀਲ ਆਗੂ ਵੇਦ ਪ੍ਰਕਾਸ਼ ਸੋਨੀ ਵਲੋਂ ਹਾਜ਼ਰ ਦਰਸ਼ਕਾਂ ਵਿਚੋਂ ਕੁੱਝ ਬੱਚਿਆਂ ਦੀਆਂ ਅੱਖਾਂ ਤੇ ਪੱਟੀ ਬੰਨ ਕੇ ਉਨਾਂ ਨੂੰ ਸੁੰਘਣ ਸ਼ਕਤੀ ਰਾਹੀਂ ਪੜਣ ਅਤੇ ਰੰਗ ਬੁੱਝਣ ਦੀ ਕਾਰਵਾਈ ਨੂੰ ਵਿਗਿਆਨਕ ਦਿ੍ਰਸ਼ਟੀਕੋਣ ਤੋਂ ਪ੍ਰਦਰਸ਼ਿਤ ਕੀਤਾ ਗਿਆ।ਉਨਾਂ ਦੱਸਿਆ ਕਿ ਬਰੇਨ ਐਕਟੀਵੇਸ਼ਨ ਅਕਾਦਮੀ ਨਾਂ ਦੀਆਂ ਸੰਸਥਾਵਾਂ ਬੱਚਿਆਂ ਦੀ ਦਿਮਾਗੀ ਸ਼ਕਤੀ ਵਧਾਉਣ ਦੇ ਨਾਂ ਹੇਠ ਮਾਪਿਆਂ ਨੂੰ ਗੁੰਮਰਾਹ ਕਰਕੇ ਲੁਟ ਰਹੀਅਆਂ ਹਨ।
ਇਸ ਤੋਂ ਪਹਿਲਾਂ ਸਟੇਟ ਕਮੇਟੀ ਆਗੂ ਬਲਵਿੰਦਰ ਬਰਨਾਲਾ ਨੇ ਕਿਹਾ ਕਿ ਫਿਰਕੂ ਭ੍ਰਿਸ਼ਟ ਅਤੇ ਮੌਕਾਪ੍ਰਸਤ ਹਾਕਮਾਂ ਅਤੇ ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਕਾਰਨ ਪਿੱਛਲੇ ਕੁੱਝ ਸਾਲਾਂ ਤੋਂ ਦੇਸ਼ ਵਿਚ ਧਰਮ ਦੀ ਆੜ ਹੇਠ ਡੇਰਾਵਾਦ ਅਤੇ ਬਾਬਾਵਾਦ ਬੜੇ ਵੱਡੇ ਪੱਧਰ ਤੇ ਫੈਲ ਰਿਹਾ ਹੈ ਅਤੇ ਡੇਰਿਆਂ ਨੇ ਆਪਣੇ ਲਾਈਲਗ ਵੋਟ ਬੈਂਕ ਨੂੰ ਹਮੇਸ਼ਾਂ ਆਪਣੇ ਸਿਆਸੀ ਤੇ ਆਰਥਿਕ ਹਿੱਤਾਂ ਲਈ ਵਰਤ ਕੇ ਆਪਣੀ ਤਾਕਤ ਵਧਾਈ ਹੈ।ਉਨਾਂ ਸੁਚੇਤ ਕਰਦਿਆਂ ਕਿਹਾ ਕਿ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਵਿਚ ਸਜਾਵਾਂ ਭੁਗਤ ਰਹੇ ਡੇਰਾਵਾਦੀਆਂ ਅਤੇ ਬਾਬਿਆਂ ਦੀ ਸ਼ਰਮਨਾਕ ਜ਼ਿੰਦਗੀ ਤੋਂ ਸਪੱਸ਼ਟ ਹੈ ਕਿ ਅਜਿਹੇ ਡੇਰੇ ਪਾਖੰਡ, ਲੁੱਟ, ਆਯਾਸ਼ੀ, ਅੰਧ ਵਿਸ਼ਾਵਸ ਅਤੇ ਆਂਤਕ ਫੈਲਾਉਣ ਦੇ ਅੱਡੇ ਬਣ ਚੁੱਕੇ ਹਨ, ਜਿਨਾਂ ਤੋਂ ਭੋਲੇ ਭਾਲੇ ਲੋਕਾਂ ਨੂੰ ਬਚਣ ਦੀ ਲੋੜ ਹੈ।
ਤਰਕਸ਼ੀਲ ਲੇਖਕ ਗੁੁਰਚਰਨ ਨੂਰਪੁਰ ਨੇ ਕਿਹਾ ਕਿ ਧਰਮ, ਸਭਿਆਚਾਰ, ਸਿਖਿਆ ਅਤੇ ਰਾਜਨੀਤ ਵਿਚ ਬਾਜ਼ਾਰ, ਅੰਧਵਿਸ਼ਵਾਸ ਅਤੇ ਅਨੈਤਿਕਤਾ ਭਾਰੂ ਹੋ ਚੁੱਕੇ ਹਨ ਅਤੇ ਹਾਕਮ ਜਮਾਤਾਂ ਨੇ ਆਪਣੀ ਫਿਰਕੂ ਤੇ ਸਥਾਰਥੀ ਰਾਜਨੀਤੀ ਲਈ ਲੋਕ ਮਾਨਿਸਕਤਾ ਨੂੰ ਲਾਈਲਗ ਤੇ ਅੰਧ ਵਿਸ਼ਵਾਸੀ ਬਣਾ ਕੇ ਡੇਰਿਆਂ ਤੇ ਪਾਖੰਡੀ ਬਾਬਿਆਂ ਦੇ ਪਿਛਲੱਗ ਬਣਾ ਕੇ ਰੱਖ ਦਿੱਤਾ ਹੈ।
ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਕਿਹਾ ਕਿ ਧਰਮਾਂ ਦੇ ਮਨੁੱਖ ਵਿਰੋਧੀ ਅਤੇ ਖੂਨੀ ਇਤਿਹਾਸ ਨੂੰ ਵੇਖਦੇ ਹੋਏ ਦੇਸ਼ ਦੇ ਵੱਡੀ ਗਿਣਤੀ ਪ੍ਰਗਤੀਸ਼ੀਲ ਬੁੱਧੀਜੀਵੀ, ਚਿੰਤਕਾਂ ਅਤੇ ਵਿਗਿਆਨੀਆਂ ਵਲੋਂ ਇਹ ਮੰਗ ਉਠਾਈ ਜਾ ਰਹੀ ਹੈ ਕਿ ਮਨੁੱਖਤਾ ਦੇ ਬਿਹਤਰ ਭਵਿੱਖ ਲਈ ਧਰਮ ਨੂੰ ਰਾਜਨੀਤੀ, ਸਿਖਿਆ, ਰਾਜ ਪ੍ਰਬੰਧ, ਨਿਆਂ ਪਾਲਿਕਾ ਅਤੇ ਸਭਿਆਚਾਰ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ, ਪਰ ਮੌਜੂਦਾ ਮੋਦੀ ਅਤੇ ਯੋਗੀ ਸਰਕਾਰਾਂ, ਹਿੰਦੂਤਵ ਦੀ ਫਿਰਕੂ ਤੇ ਫਾਸ਼ੀਵਾਦੀ ਰਾਜਨੀਤੀ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ ਕਤਲ ਕਰਨ ਅਤੇ ਅੰਧ ਵਿਸ਼ਵਾਸ਼ ਅਤੇ ਅੰਧ ਰਾਸ਼ਟਰਵਾਦ ਫੈਲਾਉਣ ਦੇ ਗੈਰ ਮਨੁੱਖੀ ਅਤੇ ਗੈਰ ਸੰਵਿਧਾਨਕ ਹੱਥਕੰਢੇ ਅਪਣਾ ਰਹੀਆਂ ਹਨ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੀ ਪਿ੍ਰੰਸੀਪਲ ਮਨਮੀਤ ਕੌਰ ਨੇ ਕਿਹਾ ਕਿ ਸਾਡੇ ਸਮਾਜ ਵਿਚ ਜਨਮ ਤੋਂ ਲੈ ਕੇ ਮੌਤ ਤਕ ਸਿਰਫ ਧਾਰਮਿਕ ਕਰਮ ਕਾਂਡਾਂ ਅਤੇ ਪਾਠ ਪੂਜਾ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸ ਕਰਕੇ ਬੱਚਿਆਂ ਅਤੇ ਵਿਦਿਅਰਥੀਆਂ ਦੀ ਮਾਨਸਿਕਤਾ ਵਿਚ ਤਰਕਸ਼ੀਲ ਸੋਚ ਦਾ ਵਿਕਾਸ ਨਹੀਂ ਹੋ ਪਾਉਦਾ। ਉਨਾਂ ਤਕਸ਼ੀਲ ਲਹਿਰ ਦੇ ਪ੍ਰਚਾਰ ਪ੍ਰਸਾਰ ਲਈ ਵੱਧ ਤੋਂ ਵੱਧ ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਅਤੇ ਅਧਿਆਪਕਾਂ ਨੂੰ ਜੋੜਣ ਦੀ ਲੋੜ `ਤੇ ਜ਼ੋਰ ਦਿੱਤਾ।
ਜੋਨ ਆਗੂ ਮੁਖਵਿੰਦਰ ਚੋਹਲਾ ਨੇ ਕਿਹਾ ਕਿ ਛੇਹਰਟਾ ਦੀ ਕ੍ਰਿਏਟਿਵ ਬਰੇਨ ਐਕਟੀਵੇਸ਼ਨ ਅਕੈਡਮੀ ਵਲੋਂ ਤਰਕਸ਼ੀਲ ਸੁਸਾਇਟੀ ਦਾ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਕਬੂਲ ਨਾ ਕਰਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਅਕਾਦਮੀ ਵਲੋਂ ਅੱਖਾਂ ਤੇ ਪੱਟੀ ਬੰਨ ਕੇ ਪੜਣ ਜਾਂ ਸੁੰਘ ਕੇ ਪੜਣ ਦੇ ਦਾਅਵਿਆਂ ਪਿਛੇ ਕੋਈ ਸਚਾਈ ਨਹੀਂ ਅਤੇ ਮਹਿਜ ਇਕ ਧੋਖਾ ਹੈ।
ਇਸ ਮੌਕੇ ਮਾਝਾ ਜੋਨ ਦੇ ਮੁੱਖੀ ਮੁਖਤਿਆਰ ਗੋਪਾਲਪੁਰਾ ਨੇ ਡਾਕਟਰ ਦਾਭੋਲਕਰ ਦੀ ਯਾਦ ਵਿਚ ਮਨਾਏ ਗਏ ਮੈਗਜ਼ੀਨ ਹਫਤੇ ਦੌਰਾਨ ਇਕਾਈਆਂ ਵਲੋਂ ਤਰਕਸ਼ੀਲ ਮੈਗਜ਼ੀਨ ਦੇ ਵਧ ਚੰਦੇ ਕੱਟਣ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਬੰਧੀ ਪੰਜਾਬ ਦੇ ਵਿਦਿਅਕ ਅਦਾਰਿਆਂ ਵਿਚ ਇਕ ਅਕਤੂਬਰ ਨੂੰ ਲਈ ਜਾਣ ਵਾਲੀ ਚੇਤਨ ਪ੍ਰੀਖਿਆ ਦਾ ਪ੍ਰੋਗਰਾਮ ਦਾ ਵੇਰਵਾ ਸਾਂਝਾ ਕੀਤਾ।
ਇਸ ਮੌਕੇ ਅਮਰਜੀਤ ਬਾਈ, ਕਾਮਰੇਡ ਅਜੀਤ ਸਿੰਘ, ਸੁਖਮੀਤ ਸਿੰਘ, ਜਸਬੀਰ ਖਿੱਲਚੀਆਂ, ਮਾਸਟਰ ਸੁਰਜੀਤ ਸਿੰਘ, ਸੁਖਵਿੰਦਰ ਖਾਰਾ, ਗਗਨਦੀਪ, ਬਲਦੇਵ ਰਾਜ ਵੇਰਕਾ, ਦੀਵਾਨ ਸਿੰਘ, ਰਾਜ ਕੁਮਾਰ ਵੇਰਕਾ, ਸ਼ਮਸ਼ੇਰ ਹੇਰ ਆਦਿ ਨੇ ਸ਼ਮੂਲੀਅਤ ਕੀਤੀ।
Check Also
ਪੰਜਾਬ ਸਰਕਾਰ ਦੇ ਸੇਵਾਮੁਕਤ ਪੈਨਸ਼ਨਰਾਂ ਵਲੋਂ ਡਿਜ਼ੀਟਲ ਲਾਈਫ ਸਰਟੀਫਿਕੇਟ ਹੋਇਆ ਲਾਜ਼ਮੀ – ਜ਼ਿਲ੍ਹਾ ਖਜ਼ਾਨਾ ਅਫ਼ਸਰ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ) – ਮੈਡਮ ਸੁਖਬੀਰ ਕੌਰ ਜਿਲਾ ਖਜਾਨਾ ਅਫਸਰ ਵੱਲੋਂ ਜਾਣਕਾਰੀ ਦੇਂਦੇ …
Punjab Post Daily Online Newspaper & Print Media