
ਫਾਜ਼ਿਲਕਾ, 25 ਜੁਲਾਈ (ਵਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ.ਮਨਜੀਤ ਸਿੰਘ ਬਰਾੜ ਆਈ.ਏ.ਐਸ. ਵੱਲੋਂ ਜਿਲ੍ਹੇ ਦੇ ਸਰਕਾਰੀ ਦਫਤਰਾਂ ਵਿਚ ਅਧਿਕਾਰੀਆਂ/ਕਰਮਚਾਰੀਆਂ ਦੀ ਸਮੇ ਸਿਰ ਹਾਜਰੀ ਯਕੀਨੀ ਬਨਾਉਣ ਅਤੇ ਸੇਵਾ ਦੇ ਅਧਿਕਾਰ ਕਾਨੂੰਨ (ਆਰ.ਟੀ.ਐਸ.) ਤਹਿਤ ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਸਮਾਂਬੰਧ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਜਿਲ੍ਹਾ ਟਰਾਂਸਪੋਰਟ ਦਫ਼ਤਰ ਦੇ ਸੁਵਿਧਾ ਕੇਂਦਰ ਅਤੇ ਫਰਦ ਕੇਂਦਰ ਫਾਜ਼ਿਲਕਾ ਦਾ ਅਚਨਚੇਤ ਨਰੀਖਣ ਕੀਤਾ ਅਤੇ ਲੋਕਾਂ ਨੂੰ ਦਿੱਤਿਆਂ ਜਾ ਰਹੀਆਂ ਸੇਵਾਵਾਂ ਦੀ ਸਮੀਖਿਆ ਕੀਤੀ ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਟਰਾਂਸਪੋਰਟ ਦਫਤਰ ਦੇ ਸੁਵਿਧਾ ਕੇਂਦਰ ਵਿੱਚ ਖੁਦ ਕੰਪਿਉਟਰ ਅਤੇ ਫਾਇਲਾਂ ਚੈਕ ਕਰਕੇ ਡਰਾਇਵਿੰਗ ਲਾਇਸੰਸਾਂ/ਰਜਿਸਟਰੇਸ਼ਨ ਕਾਪੀਆਂ ਆਦਿ ਤੇ ਪੈਡਿੰਗ ਪਏ ਕੇਸਾਂ ਦੀ ਜਾਂਚ ਕੀਤੀ ਅਤੇ ਲੰਬਿਤ ਰਹਿ ਗਏ ਕੇਸਾਂ ਸਬੰਧੀ ਜਿਲ੍ਹਾ ਟਰਾਂਸਪੋਰਟ ਅਫਸਰ ਅਤੇ ਦਫ਼ਤਰੀ ਕਰਚਾਰੀਆਂ ਦੀ ਜਵਾਬ ਤਲਬੀ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਅਤੇ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਡਰਾਇਵਿੰਗ ਲਾਇਸੰਸ ੭ ਦਿਨਾਂ ਦੇ ਅੰਦਰ ਅਤੇ ਆਰ.ਸੀ. 21 ਦਿਨਾਂ ਦੇ ਅੰਦਰ-ਅੰਦਰ ਦੇਣੀ ਹੁੰਦੀ ਹੈ ਪਰ ਇਸ ਦਫ਼ਤਰ ਵਿਚ 60 ਡਰਾਇਵਿੰਗ ਲਾਇਸੰਸਾਂ ਅਤੇ 333 ਆਰ.ਸੀ. ਦੇ ਕੇਸ ਲੰਬਿਤ ਪਏ ਹਨ । ਉਨ੍ਹਾਂ ਅਧਿਕਾਰੀਆਂ ਨੂੰ ਝਾੜ ਪਾਈ ਕਿ ਜੇਕਰ ਉਨ੍ਹਾਂ ਨੇ ਇਨ੍ਹਾਂ ਕੇਸਾਂ ਦਾ ਤੁਰੰਤ ਨਿਪਟਾਰਾ ਨਾਂ ਕੀਤਾ ਤਾਂ ਸਬੰਧਤ ਅਧਿਕਾਰਾਂ/ਕਰਮਚਾਰੀਆਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਜੁਰਮਾਨੇ ਕੀਤੇ ਜਾਣਗੇ । ਉਨ੍ਹਾਂ ਜਿਲ੍ਹਾ ਟਰਾਂਸਪੋਰਟ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਦਫ਼ਤਰ ਦੇ ਸੁਵਿਧਾ ਕੇਂਦਰ ਵਿਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਸੁਵਿਧਾ ਕੇਂਦਰ ਨੂੰ ਹੋਰ ਖੁੱਲਾ ਕੀਤਾ ਜਾਵੇ । ਉਨ੍ਹਾਂ ਦਫ਼ਤਰ ਵਿਚ ਸਫਾਈ ਦੇ ਨਾਕਸ ਪ੍ਰਬੰਧਾਂ ਦਾ ਵੀ ਸਖਤ ਨੋਟਿਸ ਲਿਆ । ਉਨ੍ਹਾ ਕਿਹਾ ਕਿ ਜਿਹੜੇ ਵਹੀਕਲ ਵਿਕਰੇਤਾ ਆਰ.ਸੀ. ਬਨਾਉਣ ਲਈ ਸਬੰਧਤ ਕਾਗਜਾਤ ਮਿੱਥੇ ਸਮੇਂ ਅੰਦਰ ਜਮ੍ਹਾਂ ਨਹੀ ਕਰਾਉਂਦੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਫਰਦ ਕੇਂਦਰ ਫਾਜਿਲਕਾ ਦੀ ਵੀ ਅਚਨਚੇਤ ਚੈਕਿੰਗ ਕੀਤੀ ਅਤੇ ਫਰਦ ਕੇਂਦਰ ਵਿਚ ਨਕਲਾਂ ਦੇਣ ਅਤੇ ਜਮੀਨੀ ਰਿਕਾਰਡ ਦੇ ਰਹਿੰਦੇ ਕੰਪਿਉਟਰੀਕਰਨ ਦੇ ਕੰਮ ਦਾ ਜਾਇਜਾ ਲਿਆ । ਫਰਦ ਕੇਂਦਰ ਵਿੱਚ ਸਫਾਈ ਦੇ ਮਾੜੇ ਪ੍ਰਬੰਧਾਂ ਸਬੰਧੀ ਉਨ੍ਹਾਂ ਕੇਂਦਰ ਦੇ ਇੰਚਾਰਜ ਦੀ ਜਵਾਬ ਤਲਬੀ ਕੀਤੀ ਅਤੇ ਆਦੇਸ਼ ਦਿੱਤੇ ਕਿ ਲੋਕਾਂ ਨੂੰ ਖੱਜਲ ਖੁਆਰ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਸ਼੍ਰੀ ਡੀ.ਪੀ. ਪਾਂਡੇ ਤਹਿਸੀਲਦਾਰ ਅਤੇ ਸ. ਜਸਵੰਤ ਸਿੰਘ ਢਿੱਲੋ ਜਿਲ੍ਹਾ ਟਰਾਂਸਪੋਰਟ ਅਫਸਰ ਵੀ ਹਾਜਰ ਸਨ ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media