ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ’ਤੇ ਲਗਾਇਆ ਜਾ ਰਿਹਾ ਜੀ.ਐਸ.ਟੀ ਤੁਰੰਤ ਮੁਆਫ਼ ਹੋਣਾ ਚਾਹੀਦਾ ਹੈ ਅਤੇ ਇਸ ਸਬੰਧੀ ਕੇਂਦਰ ਸਰਕਾਰ ਨੂੰ ਆਪਣੀ ਅੜੀ ਛੱਡ ਦੇਣੀ ਚਾਹੀਦੀ ਹੈ।ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਸਬੰਧੀ ਕਈ ਵਾਰ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਜਾ ਚੁੱਕੇ ਹਨ, ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਇਸ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ ਗਿਆ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਧਾ ਨਾਲ ਪੁੱਜਦੀਆਂ ਸੰਗਤਾਂ ਨੂੰ ਬਿਨਾ ਭੇਦ-ਭਾਵ ਦੇ ਲੰਗਰ ਛਕਾਇਆ ਜਾਂਦਾ ਹੈ, ਪ੍ਰੰਤੂ ਜੀ.ਐਸ.ਟੀ ਕਾਰਨ ਗੁਰੂ ਘਰਾਂ ’ਤੇ ਵਾਧੂ ਬੋਝ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੰਗਤ ਵੱਲੋਂ ਗੁਰੂ ਘਰਾਂ ਦੇ ਕਾਰਜਾਂ ਲਈ ਚੜ੍ਹਾਏ ਜਾਂਦੇ ਪੈਸੇ ਦਾ ਹਿੱਸਾ ਟੈਕਸ ਵਿਚ ਚਲਾ ਜਾਣਾ ਠੀਕ ਨਹੀਂ ਹੈ।ਉਨ੍ਹਾਂ ਕਿਹਾ ਕਿ ਜੇਕਰ ਗੁਰੂ ਕੇ ਲੰਗਰਾਂ ’ਤੇ ਜੀ.ਐਸ.ਟੀ ਨਾ ਹੋਵੇ ਤਾਂ ਇਹ ਪੈਸਾ ਮਨੁੱਖੀ ਭਲਾਈ ਦੇ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ।ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਤੋਂ ਜੀ.ਐਸ.ਟੀ. ਬਿਨਾ ਦੇਰੀ ਖ਼ਤਮ ਕੀਤਾ ਜਾਵੇ। ਇਸ ਦੇ ਨਾਲ ਹੀ ਲੌਂਗੋਵਾਲ ਨੇ ਪੰਜਾਬ ਸਰਕਾਰ ਨੂੰ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਸਾਰੇ ਗੁਰਦੁਆਰਾ ਸਾਹਿਬਾਨ ਤੋਂ ਜੀ.ਐਸ.ਟੀ ਖ਼ਤਮ ਕਰਨ ਦੀ ਅਪੀਲ ਵੀ ਕੀਤੀ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media