ਸਮਰਾਲਾ, 22 ਮਈ (ਪੰਜਾਬ ਪੋਸਟ- ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਪ੍ਰਧਾਨ ਕਮਾਡੈਂਟ ਰਛਪਾਲ ਸਿੰਘ ਕਨੇਡਾ ਵਾਸੀ ਦੋਹਤੀ ਅਤੇ ਮੈਡੀਕਲ ਪ੍ਰੋਫੈਸ਼ਨ ਦੀ ਹੋਣਹਾਰ ਵਿਦਿਆਰਥਣ ਰੁਬੀਨਾ ਕੌਰ ਗਿੱਲ ਵੱਲੋਂ ਸਰਕਾਰੀ (ਕੰ:) ਸੀਨੀ: ਸੈਕੰ: ਸਕੂਲ ਸਮਰਾਲਾ ਦੀਆਂ 11ਵੀਂ ਅਤੇ 12ਵੀਂ ਜਮਾਤ ਨਾਲ ਸਬੰਧਤ ਮੈਡੀਕਲ ਸਟਰੀਮ ਦੀਆਂ ਵਿਦਿਆਰਥਣਾਂ ਨੂੰ ਵਾਧੂ ਸਮੇਂ ਦੌਰਾਨ ਬਤੌਰ ਵਲੰਟੀਅਰ ਟੀਚਰ ਪੜ੍ਹਾਇਆ ਗਿਆ।ਰੁਬੀਨਾ ਕੌਰ ਵੱਲੋਂ ਵਿਕਾਸਸ਼ੀਲ ਦੇਸ਼ਾਂ ਵਿੱਚ ਨੌਜਵਾਨਾਂ ਅੰਦਰ ਕਮਿੳੂਨਿਟੀ ਵਰਕ ਦੀਆਂ ਮਹੱਤਤਾ ਬਾਰੇ ਵੀ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ਗਿਆ। ਲੜਕੀਆਂ ਨੂੰ ਪੜ੍ਹਾਈ ਸਬੰਧੀ ਉਤਸ਼ਾਹਿਤ ਕਰਨ ਲਈ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਕ੍ਰਮਵਾਰ 2500, 1500 ਅਤੇ 1000 ਰੁਪੈ ਦੀ ਵਜੀਫ਼ਾ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਦੀ ਸਹਾਇਤਾ ਕਰਨ ਦਾ ਵੀ ਭਰੋਸਾ ਦਿੱਤਾ। ਇਸ ਤੋਂ ਇਲਾਵਾ ਕਮਾਡੈਂਟ ਸਾਹਿਬ ਵੱਲੋਂ ਸਕੂਲ ਡਿਵੈਲਪਮੈਂਟ ਫੰਡ ਲਈ 5000 ਰੁਪੈ ਦੀ ਰਾਸ਼ੀ ਸਹਾਇਤਾ ਵਜੋਂ ਦਿੱਤੀ ਗਈ।
ਇਸ ਮੌਕੇ ਕਮਾਡੈਂਟ ਰਸ਼ਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਅਧਿਆਪਕ ਚੇਤਨਾ ਮੰਚ ਅਹੁਦੇਦਾਰ ਅਤੇ ਮੈਂਬਰ ਸਹਿਬਾਨਾਂ ਦੇ ਸਮੇਤ ਸਕੂਲ ਸਟਾਫ਼ ਮੈਂਬਰ ਵੀ ਹਾਜ਼ਰ ਸਨ।ਇਸ ਸਨਮਾਨ ਸਮਾਰੋਹ ਦਾ ਸੰਚਾਲਨ ਮੁਨੀਸ਼ ਕੁਮਾਰ ਹਿੰਦੀ ਮਾਸਟਰ ਵੱਲੋਂ ਬਾਖੂਬੀ ਨਿਭਾਇਆ ਗਿਆ। ਅਖੀਰ ’ਚ ਸਕੂਲ ਪਿ੍ਰੰਸੀਪਲ ਗੁਰਦੀਪ ਸਿੰਘ ਰਾਏ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।