ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਸੰਸਥਾਵਾਂ ਤੇ ਸਿੱਖ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਵਿਚ ਦਲਿਤ ਸਿੱਖਾਂ ਵਿਰੁੱਧ ਭੜਕੀ ਹਿੰਸਾ ’ਤੇ ਗਹਿਰਾ ਦੁੱਖ ਪ੍ਰਗਟਾਉਦਿਆਂ ਸਮੁੱਚੇ ਘਟਨਾਕ੍ਰਮ ਨੂੰ ਦੇਸ਼ ਦੇ ਮੱਥੇ `ਤੇ ਕਲੰਕ ਦੱਸਿਆ ਹੈ।ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਮੈਂਬਰ ਕੋਰ ਕਮੇਟੀ ਨੇ ਕਿਹਾ ਕਿ ਸ਼ਿਲੌਂਗ ਅੰਦਰ ਵਸਦੀ ਪੰਜਾਬੀ ਕਲੋਨੀ ਨਾਲ ਲੰਮੇ ਸਮੇਂ ਤੋਂ ਮਤਰੇਆ ਸਲੂਕ ਹੋ ਰਿਹਾ ਹੈ ਅਤੇ ਉਹਨਾਂ ਦਾ ਉਜਾੜਾ ਕਰ ਕੇ ਯਾਤਰਾ ਸਥਾਨ ਸਥਾਪਿਤ ਕਰਨ ਲਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।ਤਾਜ਼ਾ ਹਿੰਸਾ ਪਿੱਛੇ ਇਕ ਮਾਮੂਲੀ ਝਗੜੇ ਅਤੇ ਸ਼ੋਸ਼ਲ ਮੀਡੀਆ ’ਤੇ ਫੈਲੀ ਖ਼ਬਰ ਨੂੰ ਕਾਰਨ ਦੱਸਿਆ ਜਾ ਰਿਹਾ ਹੈ।ਜਦ ਕਿ ਇਹ ਅੱਗ ਹਮੇਸ਼ਾਂ ਸੁਲਗਦੀ ਰਹਿੰਦੀ ਹੈ।ਜਿਸ ਦਾ ਕਾਰਨ ਹੈ ਕਿ ਜਿਹੜੇ ਲੋਕ ਬ੍ਰਿਟਿਸ਼ ਰਾਜ ਵੇਲੇ ਏਥੇ ਲਿਆ ਕੇ ਵਸਾਏ ਗਏ ਅਤੇ ਉਹਨਾਂ ਤੋਂ ਗੰਦਗੀ ਸਾਫ ਕਰਵਾਉਣ ਦਾ ਅਤੇ ਮੈਲ਼ਾ ਢੋਣ ਦਾ ਕੰਮ ਲਿਆ ਗਿਆ, ਅੱਜ ਉਹੀ ਲੋਕ ਗੰਦੇ ਲੱਗਣ ਲੱਗ ਪਏ ਹਨ।
ਸਰਕਾਰ ਅਤੇ ਸਥਾਨਕ ਲੋਕਾਂ ਦਾ ਫਰਜ਼ ਬਣਦਾ ਸੀ ਕਿ ਇਹਨਾਂ ਲੋਕਾਂ ਵਲੋਂ ਪਾਏ ਯੋਗਦਾਨ ਦਾ ਸਤਿਕਾਰ ਕਰਦੇ ਅਤੇ ਉਹਨਾਂ ਦੇ ਵੀ ਵਿਕਾਸ ਦਾ ਸਹਾਰਾ ਬਣਦੇ।ਪਰ ਦਲਿਤ ਸਿੱਖਾਂ ਨੂੰ ਮਾਨਸਿਕ ਤੌਰ ’ਤੇ ਪੀੜਾ ਇਸ ਕਦਰ ਦਿੱਤੀ ਜਾ ਰਹੀ ਹੈ, ਜਿਸ ਨਾਲ ਉਹ ਇਸ ਧਰਤੀ ਨੂੰ ਛੱਡ ਕੇ ਜਾਣ ਲਈ ਮਜ਼ਬੂਰ ਹੋ ਜਾਣ।ਇਸ ਦਾ ਸਬੂਤ ਹੈ ਕਿ ਇਸ ਸਿੱਖ ਵਸੋਂ ਵਾਲੀ ਪੰਜਾਬੀ ਕਲੋਨੀ ਨੂੰ ਸਹੂਲਤਾਂ ਤੋਂ ਸੱਖਣਾ ਰੱਖਿਆ ਜਾ ਰਿਹਾ ਹੈ।ਹਿੰਸਕ ਭੀੜ ਵਲੋਂ ਗੁਰਦੁਆਰਾ ਸਾਹਿਬ ਅਤੇ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੇ ਕੀਤੇ ਕੋਝੇ ਯਤਨ ਅਸਹਿਣਸ਼ੀਲਤਾ ਦਾ ਖੁੱਲ੍ਹਾ ਪ੍ਰਗਟਾਵਾ ਹੈ।ਧਰਮ, ਰੰਗ, ਨਸਲ ਭੇਦ ਵਰਤਾਰਾ ਦੇਸ਼ ਦੇ ਪਛੜੇਪਨ ਦੀ ਨਿਸ਼ਾਨੀ ਹੈ।
ਪੰਥਕ ਤਾਲਮੇਲ ਸੰਗਠਨ ਨੇ ਕਿਹਾ ਕਿ ਸਾਡੀ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੂੰ ਖੁੱਲ੍ਹੀ ਅਪੀਲ ਹੈ ਕਿ ਅਮਨ-ਅਮਾਨ ਕਾਇਮ ਕਰਨ ਲਈ ਵਿਤਕਰੇ ਵਾਲੇ ਵਤੀਰੇ ਦੀ ਜੜ੍ਹ ਨੂੰ ਫੜਿਆ ਜਾਵੇ।ਇਸ ਦੇਸ਼ ਲਈ ਸਿੱਖਾਂ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਭੁੱਲ ਕੇ ਵਾਰ-ਵਾਰ ਬੇਗਾਨਗੀ ਦਾ ਅਹਿਸਾਸ ਨਾ ਕਰਵਾਇਆ ਜਾਵੇ।ਦੂਸਰਾ ਇਸ ਹਿੰਸਾ ਪਿੱਛੇ ਸਿਆਸੀ ਤੇ ਸ਼ਰਾਰਤੀ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
Punjab Post Daily Online Newspaper & Print Media